ਤੈਰਾਕੀ 400 ਮੀਟਰ ਫਰੀ ਸਟਾਈਲ ਮੁਕਾਬਲੇ ’ਚ ਹਰਸ਼ਮੀਤ ਸਿੰਘ ਜੇਤੂ
ਪੱਤਰ ਪ੍ਰੇਰਕ
ਜਲੰਧਰ, 2 ਅਕਤੂਬਰ
ਸੂਬੇ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਕਰਵਾਏ ਜਾ ਰਹੇ ਜ਼ਿਲਾ ਪੱਧਰੀ ਟੂਰਨਾਮੈਂਟ ਦੇ ਛੇਵੇਂ ਦਨਿ ਟੇਬਲ ਟੈਨਿਸ (ਪੁਰਸ਼) 31-40 ਉਮਰ ਵਰਗ ਮੁਕਾਬਲੇ ਵਿੱਚ ਕਾਰਤਿਕ ਡੋਗਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਹਿਲਾ 31-40 ਉਮਰ ਵਰਗ ਮੁਕਾਬਲੇ ਵਿੱਚ ਰਿਪੁਦਮਨ ਨੇ ਪਹਿਲਾ, ਸੀਮਾ ਰਾਣਾ ਨੇ ਦੂਜਾ ਅਤੇ ਭਾਵਪ੍ਰੀਤ ਤੇ ਵਨੀਤਾ ਦੋਵਾਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਡੋ ਅੰਡਰ 21 ਲੜਕੇ 55 ਕਿੱਲੋ ਭਾਰ ਵਰਗ ਮੁਕਾਬਲਿਆਂ ਵਿਚ ਰਾਬਜੋਤ ਯਾਦਵ ਪਹਿਲੇ ਸਥਾਨ ’ਤੇ ਰਿਹਾ।
ਗੁਰੂ ਨਾਨਕ ਕੁਸ਼ਤੀ ਅਕੈਡਮੀ ਨੂੰ ਮਿਲੇ 29 ਤਮਗੇ
ਤਰਨ ਤਾਰਨ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰ ਦੇ ਹਾਲ ਹੀ ਵਿੱਚ ਸੰਪੰਨ ਹੋਏ ਫਰੀ ਸਟਾਇਲ ਕੁਸ਼ਤੀ ਮੁਕਾਬਲਿਆਂ ਵਿੱਚ ਤਰਨ ਤਾਰਨ ਦੀ ਗੁਰੂ ਨਾਨਕ ਕੁਸ਼ਤੀ ਅਕੈਡਮੀ (ਮਲਟੀਪਰਪਜ਼ ਹਾਲ) ਦੇ ਪਹਿਲਵਾਨਾਂ ਨੇ 29 ਤਮਗੇ ਹਾਸਲ ਕੀਤੇ| ਅਕੈਡਮੀ ਦੇ ਸੰਚਾਲਕ ਪਹਿਲਵਾਨ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕੈਡਮੀ ਦੇ ਪਹਿਲਵਾਨਾਂ ਨੇ ਅੰਡਰ-14, 17, 21 ਅਤੇ 21-30 ਵਰਗਾਂ ਦੇ ਸਾਰੇ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਦੇ ਨਾਲ ਹੀ ਸਾਰੇ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨ ਟਰਾਫੀ ’ਤੇ ਵੀ ਕਬਜ਼ਾ ਕੀਤਾ| ਅਕੈਡਮੀ ਵਲੋਂ ਪ੍ਰਾਪਤ ਕੀਤੇ ਕੁਲ 29 ਤਮਗਿਆਂ ਵਿੱਚੋਂ ਸੋਨੇ ਦੇ 15, ਚਾਂਦੀ ਦੇ 9 ਅਤੇ ਕਾਂਸੀ ਦੇ 5 ਤਮਗੇ ਸ਼ਾਮਲ ਹਨ| ਤਮਗੇ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੂੰ ਅਕੈਡਮੀ ਵਿੱਚ ਅੱਜ ਇਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ|
ਐੱਮ.ਆਰ.ਸਿਟੀ ਸਕੂਲ ਦੇ ਵਿਦਿਆਰਥੀਆਂ ਨੇ 18 ਸੋਨ ਤਗਮੇ ਜਿੱਤੇ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰ ’ਤੇ ਹੋਈਆਂ ਖੇਡਾਂ ਵਿੱਚ ਐੱਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਸਕੂਲ ਦੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੱਸਿਆ ਕਿ ਸਕੂਲ ਨੇ ਕਰਾਟੇ ਵਿੱਚ 18 ਗੋਲਡ ਅਤੇ 12 ਸਿਲਵਰ ਅਤੇ ਕਿੱਕ ਬਾਕਸਿੰਗ ਵਿੱਚ 4 ਗੋਲਡ ਅਤੇ 5 ਸਿਲਵਰ ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਕਿੱਕ ਬਾਕਸਿੰਗ ਲੜਕੀਆਂ ਦੇ ਉਮਰ ਵਰਗ 14 ਵਿੱਚ ਜਪਜੋਤ, 17 ਵਿੱਚ ਦਵਿਿਆ ਪ੍ਰਭਾ ਚੌਧਰੀ ਅਤੇ 19 ਵਿੱਚ ਸੁਜਾਤਾ ਅਤੇ ਅਰਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੂਬਾ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤਾ। ਲੜਕੀਆਂ ਦੇ ਕਰਾਟੇ ਉਮਰ ਵਰਗ 14 ਵਿੱਚ ਨਿਹਾਰਕਾ ਰਾਣੀ, ਜਪਜੋਤ ਕੌਰ ਅਤੇ ਜਸਪ੍ਰੀਤ ਕੌਰ, ਵਰਗ 19 ਵਿੱਚ ਸਲੋਨੀ, ਹਰਮਨ, ਨੇਹਾ ਆਨੰਦ ਅਤੇ ਸੁਜਾਤਾ ਨੇ ਗੋਲਡ ਮੈਡਲ ਜਿੱਤਿਆ। ਲੜਕਿਆਂ ਦੇ ਕਰਾਟੇ ਖੇਡ ਦੇ ਵਰਗ 14 ਵਿੱਚ ਹਿਮਾਂਕ, ਕਰਨਵੀਰ ਸਿੰਘ ਅਤੇ ਅਭੈ ਵਿਭੌਰੀਆ, ਵਰਗ 17 ਵਿੱਚ ਕਨਵ ਚੌਧਰੀ, ਵਰਗ 19 ਵਿੱਚ ਹਰਸ਼ ਮੋਹਨ, ਹਰਸ਼ ਚੌਧਰੀ, ਪਾਰਥ ਚੌਧਰੀ, ਨਿਖਿਲ ਚੌਧਰੀ, ਲਖਵਿੰਦਰ ਸਿੰਘ, ਅਰਮਾਨ ਅਤੇ ਹੇਮਨ ਚੌਧਰੀ ਨੇ ਗੋਲਡ ਮੈਡਲ ਜਿੱਤਿਆ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ ਨੇ ਵਧਾਈ ਦਿੱਤੀ।