ਹਰਸ਼ਨੂਰ ਦੀ ਦੇਹ ਦਾ ਸਸਕਾਰ ਹੋਇਆ
ਕਰਮਜੀਤ ਸਿੰਘ ਚਿੱਲਾ
ਬਨੂੜ, 2 ਨਵੰਬਰ
ਪਿੰਡ ਢੇਲਪੁਰ ਦੇ ਵਸਨੀਕ ਤੇ ਮੁਹਾਲੀ ਦੇ ਸੈਕਟਰ 66 ਵਿੱਚ ਰਹਿੰਦੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਮੇਜਰ ਸਿੰਘ ਅਤੇ ਚੁਡਿਆਲਾ ਸੂਦਾਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਵਜੋਂ ਕਾਰਜਸ਼ੀਲ ਕਮਲਜੀਤ ਕੌਰ ਦੇ ਪੁੱਤਰ ਹਰਸ਼ਨੂਰ ਸਿੰਘ (21) ਦੀ ਲਾਸ਼ ਕੈਨੇਡਾ ਤੋਂ ਮੁਹਾਲੀ ਲਿਆਂਦੀ ਗਈ। ਨੌਜਵਾਨ ਦੀ ਦੇਹ ਦਾ ਅੱਜ ਦੁਪਹਿਰ ਮੁਹਾਲੀ ਦੇ ਬਲੌਂਗੀ ਸਥਿਤ ਸਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ ਅਤੇ 6 ਨਵੰਬਰ ਨੂੰ ਮੁਹਾਲੀ ਦੇ ਸੈਕਟਰ-69 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਿਮ ਅਰਦਾਸ ਹੋਵੇਗੀ। ਪਿੰਡ ਢੇਲਪੁਰ ਦੇ ਸਮਾਜ ਸੇਵੀ ਨੌਜਵਾਨ ਜਗਤਾਰ ਸਿੰਘ ਜੱਗੀ ਨੇ ਉਪੋਰਕਤ ਦੱਸਿਆ ਕਿ ਹਰਸ਼ਨੂਰ ਸਿੰਘ ਦਸ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਿਆ ਸੀ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਸਰੀ ਨੇੜੇ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਾਰ ਵਿੱਚ ਜਾ ਰਿਹਾ ਸੀ ਕਿ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੰਜ ਦਿਨਾਂ ਦੇ ਇਲਾਜ ਮਗਰੋਂ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸੇ ਹਾਦਸੇ ਵਿੱਚ ਹਰਸ਼ਨੂਰ ਦੇ ਇੱਕ ਹੋਰ ਦੋਸਤ ਬਠਿੰਡਾ ਦੇ ਵਸਨੀਕ ਦੀ ਵੀ ਮੌਤ ਹੋਈ ਸੀ।