ਹੈਰਿਸ ਵੱਲੋਂ ਅਮਰੀਕਾ ਦੀ ‘ਇਮੀਗ੍ਰੇਸ਼ਨ ਪ੍ਰਣਾਲੀ’ ਸੁਧਾਰਨ ਦਾ ਅਹਿਦ
ਵਾਸ਼ਿੰਗਟਨ, 28 ਸਤੰਬਰ
ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਉਮੀਦਵਾਰ ਕਮਲਾ ਹੈਰਿਸ ਨੇ ਸਰਹੱਦ ’ਤੇ ਸਖ਼ਤ ਸੁਰੱਖਿਆ ਉਪਾਅ ਲਾਗੂ ਕਰਨ ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ। ਹੈਰਿਸ ਨੇ ਆਪਣੇ ਵਿਰੋਧੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਇਸ ਮੁੱਦੇ ਨੂੰ ਲੈ ਕੇ ਵਾਰ-ਵਾਰ ਕੀਤੇ ਗਏ ਸਿਆਸੀ ਹਮਲਿਆਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ।
ਅਮਰੀਕਾ ਦੀ ਉਪ ਰਾਸ਼ਟਰਪਤੀ ਹੈਰਿਸ ਨੇ ਐਰੀਜ਼ੋਨਾ ਦੇ ਡਗਲਸ ਵਿੱਚ ਅਮਰੀਕਾ-ਮੈਕਸਿਕੋ ਸਰਹੱਦ ਦਾ ਦੌਰਾ ਕਰਨ ਮਗਰੋਂ ਇਹ ਟਿੱਪਣੀ ਕੀਤੀ। ਹੈਰਿਸ ਨੇ ਸਰਹੱਦੀ ਸੁਰੱਖਿਆ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਨਾਲ ਇਹ ਵੀ ਕਿਹਾ ਕਿ ਉਹ ਅਮਰੀਕਾ ਵਿੱਚ ਇਸ ਸਮੇਂ ਬਿਨਾਂ ਦਸਤਾਵੇਜ਼ ਤੋਂ ਰਹਿ ਰਹੇ ਪਰਵਾਸੀਆਂ ਨੂੰ ‘ਨਾਗਰਿਕਤਾ’ ਦੇਣ ਸਬੰਧੀ ਵੀ ਕਦਮ ਚੁੱਕੇਗੀ। ਹੈਰਿਸ ਨੇ ਕਿਹਾ, ‘ਰਾਸ਼ਟਰਪਤੀ ਬਣਨ ਮਗਰੋਂ ਮੈਂ ਇੱਥੇ ਸਾਲਾਂ ਤੋਂ ਰਹਿ ਰਹੇ ਅਤੇ ਮਿਹਨਤ ਕਰ ਰਹੇ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਕਾਂਗਰਸ ਨਾਲ ਮਿਲ ਕੇ ਕੰਮ ਕਰਾਂਗੀ।’ ਹੈਰਿਸ ਅਮਰੀਕਾ ਦੀਆਂ ਦੱਖਣੀ ਸਰਹੱਦਾਂ ’ਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਐਰੀਜ਼ੋਨਾ ਵੀ ਗਈ। ਉਨ੍ਹਾਂ ਕਿਹਾ, ‘ਰਾਸ਼ਟਰਪਤੀ ਬਣਨ ਮਗਰੋਂ ਮੈਂ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਿਆਸਤ ਤੋਂ ਉਪਰ ਉੱਠਦਿਆਂ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਾਂਗੀ। -ਪੀਟੀਆਈ