ਪਟਿਆਲਾ ਵਿੱਚ ਵੱਡੀ ਲੀਡ ਨਾਲ ਜਿੱਤੇ ਹਰਪਾਲ ਜਨੇਜਾ
ਖੇਤਰੀ ਪ੍ਰਤੀਨਿਧ
ਪਟਿਆਲਾ, 22 ਦਸੰਬਰ
ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿੱਚ ‘ਆਪ’ ਦੇ ਹਰਪਾਲ ਜਨੇਜਾ ਇਥੋਂ ਦੇ ਸਾਰੇ ਜੇਤੂ ਰਹੇ ਉਮੀਦਵਾਰਾਂ ਵਿਚੋਂ ਸਭ ਨਾਲੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤੇ ਹਨ। ਉਨ੍ਹਾਂ ਨੇ ਪਟਿਆਲਾ ਦੀ ਵਾਰਡ ਨੰਬਰ 38 ਤੋਂ ਚੋਣ ਲੜੀ ਹੈ। ਇਸ ਦੌਰਾਨ ਕਾਂਗਰਸ ਦੇ ਪਰਦੀਪ ਸਿੰਘ ਨਾਲ ਸਿੱਧੇ ਮੁਕਾਬਲੇ ’ਚ 2679 ਵੋਟਾਂ ਪ੍ਰਾਪਤ ਕਰਕੇ ਉਨ੍ਹਾਂ ਨੇ ਇਹ ਚੋਣ 2591 ਵੋਟਾਂ ਦੀ ਵੱਡੀ ਲੀਡ ਨਾਲ ਚੋਣ ਜਿੱਤੀ ਹੈ। ਕਾਂਗਰਸੀ ਉਮੀਦਵਾਰ ਨੂੰ ਸਿਰਫ਼ 88 ਵੋਟ ਹੀ ਮਿਲੇ ਜਦਕਿ 46 ਵੋਟਾਂ ‘ਨੋਟਾ’ ਨੂੰ ਵੀ ਗਈਆਂ। ਇਸ ਤਰ੍ਹਾਂ ਜਨੇਜਾ ਦੀ 2600 ਦੇ ਕਰੀਬ ਵੋਟਾਂ ਦੀ ਇਹ ਲੀਡ ਪਟਿਆਲਾ ਜ਼ਿਲ੍ਹੇ ’ਚ ਤਾਂ ਸਭ ਤੋਂ ਵੱਡੀ ਹੈ ਹੀ, ਪਰ ਉਨ੍ਹਾਂ ਦੇ ਸਮਰਥਕ ਇਸ ਨੂੰ ਪੰਜਾਬ ਭਰ ਵਿਚੋਂ ਸਭ ਤੋਂ ਵੱਡੀ ਲੀਡ ਹੋਣ ਦਾ ਦਾਅਵਾ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਰਪਾਲ ਜਨੇਜਾ ਅਕਾਲੀ ਪਿਛੋਕੜ ਵਾਲੇ ਆਗੂ ਹਨ। ਉਹ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਸਨ। ਹੁਣ ਉਹ ਅਰਵਿੰਦਰ ਕੇਜਰੀਵਾਲ ਤੇ ਸਦੀਪ ਪਾਠਕ ਸਮੇਤ ਪੰਜਾਬ ਪੱਧਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜਦੀਕੀਆਂ ’ਚ ਮੰਨੇ ਜਾਂਦੇ ਹਨ। ਦੂਜੇ ਪਾਸੇ ਉਨ੍ਹਾਂ ਦੇ ਹਮਾਇਤੀਆਂ ਨੇ ਜਨੇਜਾ ਦਾ ਭਰਵਾਂ ਸਵਾਗਤ ਕੀਤਾ।
ਸਮਰਥਕਾਂ ਵੱਲੋਂ ਜੇਤੂ ਉਮੀਦਵਾਰਾਂ ਦਾ ਸਨਮਾਨ
ਨਿਗਮ ਚੋਣਾਂ ਵਿੱਚ ਜੇਤੂ ਉਮੀਦਵਾਰਾਂ ਦਾ ਅੱਜ ਸਮਰਥਕਾਂ ਵੱਲੋਂ ਸਨਮਾਨ ਕੀਤਾ ਗਿਆ। ਵਾਰਡ ਨੰਬਰ 58 ਵਿਚੋਂ ਜਿੱਤੇ ‘ਆਪ’ ਦੇ ਗੁਰਜੀਤ ਸਿੰਘ ਸਾਹਨੀ, 34 ਵਿਚੋਂ ਜੇਤੂ ਰਹੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਕ੍ਰਿਸ਼ਨ ਚੰਦ ਬੁੱਧੂ, ਗੁਰਕਿਰਪਾਲ ਸਿੰਘ ਕਸਿਆਣਾ, ਸ਼ਿਵਰਾਜ ਵਿਰਕ ਸਮੇਤ ਕਈ ਹੋਰਨਾਂ ਜੇਤੂਆਂ ਦਾ ਸਨਮਾਨ ਕੀਤਾ ਗਿਆ।