For the best experience, open
https://m.punjabitribuneonline.com
on your mobile browser.
Advertisement

ਹਾਰਮੋਨੀਅਸ ਟੈਲੀਕਾਲ ਬਲਾਕਿੰਗ ਸਿਸਟਮ ਨਾਲ ਜੇਲ੍ਹ ’ਚ ਮੋਬਾਈਲ ਦੀ ਵਰਤੋਂ ਰੁਕੇਗੀ

03:08 PM Jun 30, 2023 IST
ਹਾਰਮੋਨੀਅਸ ਟੈਲੀਕਾਲ ਬਲਾਕਿੰਗ ਸਿਸਟਮ ਨਾਲ ਜੇਲ੍ਹ ’ਚ ਮੋਬਾਈਲ ਦੀ ਵਰਤੋਂ ਰੁਕੇਗੀ
Advertisement

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 29 ਜੂਨ

ਇਥੋਂ ਦੀ ਵਧੇਰੇ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਜੇਲ੍ਹ ਵਿੱਚ ਬੈਠ ਕੇ ਮੋਬਾਈਲ ਫੋਨ ਨਾਲ ਸਰਹੱਦ ਪਾਰ ਤਸਕਰਾਂ ਤੇ ਗੈਂਗਸਟਰਾਂ ਨਾਲ ਨੈੱਟਵਰਕ ਚਲਾਇਆ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਇਥੇ ਜੇਲ੍ਹ ਵਿਚ ਹਾਰਮੋਨੀਅਸ ਟੈਲੀ ਕਾਲ ਬਲਾਕਿੰਗ ਸਿਸਟਮ ਸਥਾਪਤ ਕੀਤਾ ਗਿਆ ਹੈ। ਜੇਲ੍ਹਾਂ ਵਿੱਚ ਬੈਠ ਕੇ ਅਪਰਾਧੀਆਂ ਵੱਲੋਂ ਮੋਬਾਈਲ ਫੋਨ ਦੀ ਕੀਤੀ ਜਾ ਰਹੀ ਵਰਤੋਂ ਨੂੰ ਰੋਕਣ ਲਈ ਇਹ ਪ੍ਰਣਾਲੀ ਅੰਮ੍ਰਿਤਸਰ ਤੋਂ ਇਲਾਵਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਸਥਾਪਤ ਕੀਤੀ ਗਈ ਹੈ। ਇਹ ਹਾਰਮੋਨੀਅਸ ਕਾਲ ਬਲਾਕਿੰਗ ਪ੍ਰਣਾਲੀ ਨੂੰ ਹਾਲ ਹੀ ਵਿਚ ਸਥਾਪਤ ਕੀਤਾ ਗਿਆ ਹੈ ਅਤੇ ਫਿਲਹਾਲ ਇਸ ਦਾ ਟਰਾਇਲ ਚੱਲ ਰਿਹਾ ਹੈ।

ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਆਖਿਆ ਕਿ ਇਹ ਪ੍ਰਣਾਲੀ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੇ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਵਿੱਚ ਸਹਾਈ ਸਾਬਿਤ ਹੋਵੇਗੀ। ਇਸ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਅਪਰਾਧੀ ਜੇਲ੍ਹ ਅੰਦਰ ਬੈਠ ਕੇ ਹੀ ਮੋਬਾਈਲ ਰਾਹੀਂ ਜੇਲ੍ਹ ਤੋਂ ਬਾਹਰ ਨੈੱਟਵਰਕ ਚਲਾ ਰਹੇ ਸਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਬਣੀ ਹੋਈ ਹੈ। ਇੱਥੇ ਅਕਸਰ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਦੇ ਬਾਹਰੋਂ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਗਰਟਾਂ ਆਦਿ ਸਾਮਾਨ ਸੁੱਟਿਆ ਜਾਂਦਾ ਹੈ। ਇਹ ਘਟਨਾਵਾਂ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਸਾਮਾਨ ਜ਼ਬਤ ਕੀਤਾ ਹੈ। ਮਿਲੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਕੰਪਲੈਕਸ ਵਿੱਚੋਂ 927 ਮੋਬਾਈਲ ਜ਼ਬਤ ਕੀਤੇ ਸਨ ਜਦੋਂਕਿ ਇਸ ਸਾਲ ਹੁਣ ਤੱਕ 300 ਮੋਬਾਈਲ ਫੋਨ ਜ਼ਬਤ ਕੀਤੇ ਜਾ ਚੁੱਕੇ ਹਨ ਤੇ ਜੇਲ੍ਹ ਪ੍ਰਸ਼ਾਸਨ ਵਲੋਂ ਹੋਰ ਵੀ ਸਖਤੀ ਨਾਲ ਤਸਕਰੀ ਰੋਕਣ ਲਈ ਕਦਮ ਚੁੱਕੇ ਜਾਣਗੇ।

ਕਈ ਪ੍ਰਮੁੱਖ ਟੈਲੀਕਾਮ ਕੰਪਨੀਆਂ ਦੇ ਮੋਬਾਈਲ ਸਿਗਨਲ ਰੋਕਣ ‘ਚ ਮਦਦ ਮਿਲੀ: ਜੇਲ੍ਹ ਸੁਪਰਡੈਂਟ਼

ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਦੀ ਸਥਾਪਨਾ ਨਾਲ ਕਈ ਪ੍ਰਮੁੱਖ ਟੈਲੀਕਾਮ ਕੰਪਨੀਆਂ ਦੇ ਮੋਬਾਈਲ ਫੋਨ ਸਿਗਨਲਾਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਹੁਣ ਮੋਬਾਈਲ ਫੋਨ ਦੀ ਵਰਤੋਂ ਵਿੱਚ ਭਾਵੇਂ ਕਮੀ ਆਈ ਹੈ ਪਰ ਇਸ ਦਾ ਵੱਡਾ ਪ੍ਰਭਾਵ ਜੇਲ੍ਹ ਕੰਪਲੈਕਸ ਵਿੱਚੋਂ ਸਾਰੇ ਮੋਬਾਈਲ ਫੋਨਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਰਮੋਨੀਅਸ ਕਾਲ ਬਲਾਕਿੰਗ ਪ੍ਰਣਾਲੀ 2 ਜੀ ਤੋਂ ਲੈ ਕੇ 5 ਜੀ ਤਕ ਦੇ ਮੋਬਾਈਲ ਨੈਟਵਰਕ ਦੇ ਸਾਰੇ ਸਿਗਨਲਾਂ ਨੂੰ ਰੋਕਦੀ ਹੈ। ਇਸ ਸਮੇਂ ਇਹ ਸਿਸਟਮ ਅਜ਼ਮਾਇਸ਼ ਅਧੀਨ ਹੈ ਅਤੇ ਜਲਦੀ ਹੀ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਦੀ ਵਰਤੋਂ ਅਤੇ ਤਸਕਰੀ ਨੂੰ ਰੋਕਣ ਲਈ ਜੀਓ ਮੈਪਿੰਗ ਪ੍ਰਣਾਲੀ ਸਥਾਪਤ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਹੁਣ ਤੱਕ ਅਜਿਹਾ ਕੁਝ ਵੀ ਨਹੀਂ ਹੋਇਆ। ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੀਆਂ ਅਜਿਹੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਕਈ ਹੋਰ ਕਦਮ ਵੀ ਚੁੱਕੇ ਗਏ ਹਨ ਪਰ ਆਧੁਨਿਕ ਤਕਨਾਲੋਜੀ ਦੀ ਅਣਹੋਂਦ ਕਾਰਨ ਇਹ ਨਾਕਾਫ਼ੀ ਹਨ।

Advertisement
Tags :
Advertisement
Advertisement
×