ਟਰੰਪ ਵੱਲੋਂ ਚੰਡੀਗੜ੍ਹ ਦੀ ਹਰਮੀਤ ਢਿੱਲੋਂ ਸਹਾਇਕ ਅਟਾਰਨੀ ਜਨਰਲ ਨਾਮਜ਼ਦ
ਵਾਸ਼ਿੰਗਟਨ, 10 ਦਸੰਬਰ
ਮਨੋਨੀਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਮਨੁੱਖੀ ਹੱਕਾਂ ਬਾਰੇ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਚੰਡੀਗੜ੍ਹ ਵਿਚ ਜਨਮੀ ਢਿੱਲੋਂ (54) ਨਿੱਕੀ ਉਮਰੇ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਈ ਸੀ। ਉਹ ਪਹਿਲੀ ਭਾਰਤੀ-ਅਮਰੀਕੀ ਹੈ, ਜੋ ਸਾਲ 2016 ਵਿਚ ਕਲੀਵਲੈਂਡ ’ਚ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਟੇਜ ’ਤੇ ਨਜ਼ਰ ਆਈ ਸੀ। ਢਿੱਲੋਂ ਨੇ ਇਸ ਸਾਲ ਜੁਲਾਈ ਵਿਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਅਰਦਾਸ ਵੀ ਕੀਤੀ ਸੀ, ਜਿਸ ਕਰਕੇ ਉਸ ਨੂੰ ਨਸਲੀ ਹਮਲੇੇ (ਟਿੱਪਣੀਆਂ) ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਪਿਛਲੇ ਸਾਲ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਮੈਨੀ ਲਈ ਚੋਣ ਲੜੀ ਸੀ ਪਰ ਅਸਫ਼ਲ ਰਹੀ। ਟਰੰਪ ਨੇ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਉੱਤੇ ਢਿੱਲੋਂ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਟਰੰਪ ਨੇ ਕਿਹਾ, ‘‘ਮੈਨੂੰ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਮਨੁੱਖੀ ਹੱਕਾਂ ਬਾਰੇ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕਰਦਿਆਂ ਖ਼ੁਸ਼ੀ ਹੋ ਰਹੀ ਹੈ।’’ ਮੁਲਕ ਦੇ ਅਗਲੇ ਰਾਸ਼ਟਰਪਤੀ ਨੇ ਕਿਹਾ, ‘‘ਆਪਣੇ ਪੂਰੇ ਕਰੀਅਰ ਦੌਰਾਨ ਹਰਮੀਤ ਸਾਡੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਬੋਲਣ ਦੀ ਆਜ਼ਾਦੀ ਉੱਤੇ ਪਾਬੰਦੀ ਖ਼ਿਲਾਫ਼ ਡਟ ਕੇ ਖੜ੍ਹੀ ਰਹੀ। ਉਸ ਨੇ ਈਸਾਈ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਜਿਨ੍ਹਾਂ ਨੂੰ ਕੋਵਿਡ ਦੌਰਾਨ ਇਕੱਠਿਆਂ ਪ੍ਰਾਰਥਨਾ ਕਰਨ ਤੋਂ ਰੋਕਿਆ ਗਿਆ। ਉਸ ਨੇ ਕਾਮਿਆਂ ਨਾਲ ਪੱਖਪਾਤੀ ਨੀਤੀਆਂ ਵਰਤਣ ਵਾਲੇ ਕਾਰਪੋਰੇਟਾਂ ਨੂੰ ਕੋਰਟ ਵਿਚ ਘੜੀਸਿਆ।’’ ਟਰੰਪ ਨੇ ਕਿਹਾ, ‘‘ਹਰਮੀਤ ਦੇਸ਼ ਦੀ ਸਿਖਰਲੀ ਚੋਣ ਵਕੀਲ ਹੈ, ਜਿਸ ਨੇ ਕਾਨੂੰਨੀ ਲੜਾਈ ਲੜ ਕੇ ਇਹ ਯਕੀਨੀ ਬਣਾਇਆ ਕਿ ਸਿਰਫ਼ ਕਾਨੂੰਨੀ ਤੌਰ ’ਤੇ ਵੈਧ ਵੋਟਾਂ ਦੀ ਹੀ ਗਿਣਤੀ ਹੋਵੇ। ਉਹ ਡਾਰਟਮਾਊਥ ਕਾਲਜ ਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਤੋਂ ਗਰੈਜੂਏਟ ਹੈ, ਅਤੇ ਉਸ ਨੇ ਅਮਰੀਕਾ ਦੀ ਚੌਥੀ ਸਰਕਟ ਕੋਰਟ ਆਫ਼ ਅਪੀਲਜ਼ ਵਿਚ ਵੀ ਕੰਮ ਕੀਤਾ।’’ -ਪੀਟੀਆਈ
ਹਰਮੀਤ ਸਿੱਖਾਂ ਦੀ ਸਤਿਕਾਰਯੋਗ ਸ਼ਖ਼ਸੀਅਤ: ਟਰੰਪ
ਟਰੰਪ ਨੇ ਕਿਹਾ, ‘‘ਹਰਮੀਤ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਮੈਂਬਰ ਹੈ। ਨਿਆਂ ਵਿਭਾਗ ਵਿਚ ਆਪਣੀ ਇਸ ਨਵੀਂਂ ਭੂਮਿਕਾ ਦੌਰਾਨ ਹਰਮੀਤ ਸਾਡੇ ਸੰਵਿਧਾਨਕ ਹੱਕਾਂ ਦੀ ਅਣਥੱਕ ਰੱਖਿਅਕ ਬਣੇਗੀ ਅਤੇ ਸਾਡੇ ਮਨੁੱਖੀ ਹੱਕਾਂ ਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਤੇ ਮਜ਼ਬੂਤੀ ਨਾਲ ਲਾਗੂ ਕਰੇਗੀ।’’