ਸਾਫ਼ ਸੁਥਰੇ ਗੀਤਾਂ ਦੀ ਆਵਾਜ਼ ਹਰਜੀਤ ਹਰਮਨ
ਹਰਜਿੰਦਰ ਸਿੰਘ ਜਵੰਦਾ
ਪੰਜਾਬੀ ਦਾ ਸੁਰੀਲਾ ਫ਼ਨਕਾਰ ਹੈ ਗਾਇਕ ਹਰਜੀਤ ਹਰਮਨ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਜੀਤ ਹਰਮਨ ਪੰਜਾਬੀ ਲੋਕ ਗਾਇਕੀ ਦਾ ਉਹ ਹਸਤਾਖ਼ਰ ਹੈ ਜਿਸ ਨੇ ਹਮੇਸ਼ਾਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਸ ਦੀ ਗਾਇਕੀ ਦੀ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਉਸ ਨੇ ਅੱਜ ਤੱਕ ਸੱਭਿਆਚਾਰਕ ਤੇ ਸਾਫ਼ ਸੁਥਰੇ ਗੀਤ ਹੀ ਸਰੋਤਿਆਂ ਦੀ ਝੋਲੀ ਪਾਏ ਹਨ। ਉਸ ਨੇ ਇਹ ਸਿੱਧ ਕਰ ਕੇ ਦਿਖਾਇਆ ਹੈ ਕਿ ਲੱਚਰਤਾ ਦੀ ਹਨੇਰੀ ’ਚ ਸੱਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿੱਚ ਜਿੱਥੇ ਉਸ ਨੇ ਘਰੇਲੂ ਰਿਸ਼ਤਿਆਂ, ਸਮਾਜਿਕ ਵਿਸ਼ਿਆਂ ਤੇ ਧਾਰਮਿਕ ਭਾਵਨਾਵਾਂ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾਂਟਿਕ ਗੀਤਾਂ ਵਿੱਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿੱਚ ਬਰਕਰਾਰ ਰੱਖਿਆ ਹੈ। ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਆਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਮਰਹੂਮ ਪ੍ਰਗਟ ਸਿੰਘ ਲਿੱਧੜਾਂ ਵੱਲੋਂ ਗਾਇਨ ਸਮੱਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ।
ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆਂ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ। ਹਰਮਨ ਵੱਲੋਂ ਗਾਏ ‘ਕੁੜੀ ਚਿਰਾਂ ਤੋਂ ਵਿੱਛੜੀ’, ‘ਝਾਂਜਰ’, ‘ਮਿੱਤਰਾਂ ਦਾ ਨਾਂ ਚੱਲਦਾ’, ‘302 ਬਣ ਜੂ’, ‘ਇੰਤਜ਼ਾਰ ਕਰਾਂਗਾ’, ‘ਗੱਲ ਦਿਲ ਦੀ ਦੱਸ ਸੱਜਣਾ’, ‘ਵੰਡੇ ਹੋਏ ਪੰਜਾਬ ਦੀ ਤਰ੍ਹਾਂ’, ‘ਸ਼ਹਿਰ ਤੇਰੇ ਦੀਆਂ ਯਾਦਾਂ’, ‘ਕਾਂ ਬੋਲਦਾ’, ‘ਚਰਖਾ’, ‘ਸੂਰਮਾ’, ‘ਚੰਡੋਲ’ ਆਦਿ ਦਰਜਨਾਂ ਗੀਤ ਅਜਿਹੇ ਹਨ ਜੋ ਸਰੋਤਿਆਂ ਦੇ ਮਨਾਂ ਉੱਪਰ ਛਾਏ ਹੋਏ ਹਨ।
ਉਸ ਨੇ ਆਪਣੀਆਂ ਟੇਪਾਂ ਵਿੱਚ ਉਸਾਰੂ ਸੋਚ ਦੇ ਗੀਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆਂ ’ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿੱਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾਂਟਿਕ ਗੀਤ ਵੀ ਗਾਏ ਹਨ, ਪਰ ਇੱਕ ਦਾਇਰੇ ਵਿੱਚ ਰਹਿ ਕੇ। ਇਸ ਤੋਂ ਇਲਾਵਾ ਉਸ ਨੇ ਕਦੇ ਵੀ ਆਪਣੇ ਗੀਤਾਂ ਦੇ ਵੀਡਿਓ ਫਿਲਮਾਂਕਣ ਵਿੱਚ ਫੂਹੜਪੁਣੇ ਦਾ ਸਹਾਰਾ ਨਹੀਂ ਲਿਆ। ਧਾਰਮਿਕ ਖੇਤਰ ਵਿੱਚ ਵੀ ਉਸ ਨੇ ਆਪਣੀਆਂ ਧਾਰਮਿਕ ਐਲਬਮਾਂ ‘ਸਿੰਘ ਸੂਰਮੇ’ ਅਤੇ ‘ਸ਼ਾਨ ਏ ਕੌਮ’ ਸਦਕਾ ਚੰਗਾ ਨਮਾਣਾ ਖੱਟਿਆ ਹੈ।
ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾਂ ਨੂੰ ਭਰਪੂਰ ਕਰ ਦਿੱਤਾ ਹੈ। ਉਸ ਨੇ ਆਪਣੀ ਫਿਲਮ ਪਾਰੀ ਦੀ ਸ਼ੁਰੂਆਤ ਭਾਵੇਂ ਬੱਬੂ ਮਾਨ ਦੀ ਫਿਲਮ ‘ਦੇਸੀ ਰੋਮੀਓ’ ਤੋਂ ਕੀਤੀ ਸੀ, ਪਰ ਬਤੌਰ ਹੀਰੋ ਉਹ ਲੰਘੇ ਸਾਲ ਆਈਆਂ ਫਿਲਮਾਂ ‘ਕੁੜਮਾਈਆਂ’ ਅਤੇ ‘ਤੂੰ ਮੇਰਾ ਕੀ ਲੱਗਦਾ’ ਨਾਲ ਉੱਭਰ ਕੇ ਸਾਹਮਣੇ ਆਇਆ ਹੈ।
ਸੰਪਰਕ: 94638-28000