ਕਬੱਡੀ ਦਾ ਚੜ੍ਹਦਾ ਸੂਰਜ ਸੀ ਹਰਜੀਤ ਬਾਜਾਖਾਨਾ
ਹਰਜੀਤ ਕਬੱਡੀ ਦਾ ਚੜ੍ਹਦਾ ਸੂਰਜ ਸੀ, ਪਰ ਉਹ ਸਿਖਰ ਦੁਪਹਿਰੇ ਹੀ ਛਿਪ ਗਿਆ। ਉਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਸਰਵੋਤਮ ਖਿਡਾਰੀ ਸੀ। ਉਸ ਦਾ ਜਨਮ 5 ਦਸੰਬਰ 1971 ਨੂੰ ਬਖ਼ਸ਼ੀਸ਼ ਸਿੰਘ ਬਰਾੜ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਬਾਜਾਖਾਨਾ, ਜ਼ਿਲ੍ਹਾ ਫ਼ਰੀਦਕੋਟ ਵਿੱਚ ਹੋਇਆ ਸੀ। ਜਨਮ ਸਮੇਂ ਉਸ ਦਾ ਭਾਰ ਬਾਰਾਂ ਪੌਂਡ ਸੀ। ਉਹ ਤਿੰਨ ਭਰਾ ਸਨ। ਉਨ੍ਹਾਂ ਦੇ ਪਿਤਾ ਖ਼ੁਦ ਕਬੱਡੀ ਦੇ ਖਿਡਾਰੀ ਹੋਣ ਕਾਰਨ ਪੁੱਤਰਾਂ ਨੂੰ ਵੀ ਕਬੱਡੀ ਦਾ ਸ਼ੌਕ ਹੋ ਗਿਆ। ਘਰ ਵਿੱਚ ਲਵੇਰੇ ਦੀ ਕਦੇ ਤੋਟ ਨਹੀਂ ਸੀ ਆਈ। ਖੁੱਲ੍ਹੀ ਡੁੱਲ੍ਹੀ ਖੁਰਾਕ ਨਾਲ ਸਾਰੇ ਭਰਾ ਤਕੜੇ ਜੁਆਨ ਨਿਕਲੇ। ਹਰਜੀਤ ਤਾਜ਼ਾ ਚੋਏ ਕੱਚੇ ਦੁੱਧ ਦੀ ਬਾਲਟੀ ਇੱਕੋ ਚਿੱਘੀ ਪੀ ਜਾਂਦਾ। ਅਠਾਰਾਂ ਸਾਲ ਦੀ ਉਮਰ ਵਿੱਚ ਹੀ ਉਸ ਦਾ ਕਮਾਇਆ ਹੋਇਆ ਜੁੱਸਾ ਕੁਇੰਟਲ ਦੇ ਕਰੀਬ ਹੋ ਗਿਆ ਸੀ।
ਪਹਿਲਾਂ ਉਹ ਆਪਣੇ ਪਿੰਡ ਦੇ ਸਕੂਲ ਵਿੱਚ ਪੜ੍ਹਿਆ ਤੇ ਪਿੱਛੋਂ ਸਪੋਰਟਸ ਸਕੂਲ, ਜਲੰਧਰ ਚਲਾ ਗਿਆ। ਉੱਥੇ ਉਸ ਨੂੰ ਕਬੱਡੀ ਤੇ ਗੋਲਾ ਸੁੱਟਣ ਦੀ ਸਿਖਲਾਈ ਮਿਲੀ। ਉਹ ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿੱਚੋਂ ਤਗ਼ਮੇ ਜਿੱਤਣ ਲੱਗਾ। ਸ਼ੁਰੂ ਵਿੱਚ ਉਹ ਜਾਫੀ ਵਜੋਂ ਖੜ੍ਹਨ ਲੱਗਾ ਸੀ। ਸਪੋਰਟਸ ਸਕੂਲ ਦੇ ਕੋਚ ਉਸ ਨੂੰ ਅਥਲੀਟ ਬਣਾਉਣਾ ਚਾਹੁੰਦੇ ਸਨ, ਪਰ ਉਸ ਨੇ ਕਬੱਡੀ ਦਾ ਖਿਡਾਰੀ ਬਣਨ ਨੂੰ ਤਰਜੀਹ ਦਿੱਤੀ। ਉਹ ਹਮੇਸ਼ਾਂ ਹੱਸਦਾ ਮੁਸਕਰਾਉਂਦਾ ਰਹਿੰਦਾ। ਖੇਡਣ ਵੇਲੇ ਵੀ ਨਿਮ੍ਹੀ ਮੁਸਕਰਾਹਟ ਉਹਦੇ ਚਿਹਰੇ ’ਤੇ ਨੱਚਦੀ ਰਹਿੰਦੀ। ਉਹਦਾ ਭਖਿਆ ਬਦਨ ਸੋਨ-ਰੰਗੀ ਭਾਅ ਮਾਰਦਾ।
ਉਸ ਦਾ ਨਾਂ ‘ਕਬੱਡੀ ਦਾ ਚੜ੍ਹਦਾ ਸੂਰਜ’ ਮੈਂ ਹੀ ਰੱਖਿਆ ਸੀ। ਉਦੋਂ ਕੀ ਪਤਾ ਸੀ ਕਿ ਸਾਡਾ ਚੜ੍ਹਦਾ ਸੂਰਜ ਸਿਖਰ ਦੁਪਹਿਰੇ ਹੀ ਛਿਪ ਜਾਵੇਗਾ। ਮੈਂ ਉਸ ਨੂੰ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੇ ਖੇਡ ਮੈਦਾਨਾਂ ’ਚ ਕਬੱਡੀਆਂ ਪਾਉਂਦੇ ਵੇਖਿਆ ਸੀ। ਉਹਦੀ ਇੱਕ-ਇੱਕ ਕਬੱਡੀ ’ਤੇ ਲੱਖ-ਲੱਖ ਰੁਪਏ ਦੇ ਇਨਾਮ ਲੱਗ ਜਾਂਦੇ। ਯਾਦਾਂ ਦੇ ਵਾ-ਵਰੋਲਿਆਂ ਵਿੱਚ ਪਤਾ ਨਹੀਂ ਲੱਗਦਾ ਕਿ ਅੱਜ ਉਹਦੀ ਕਿਹੜੀ ਗੱਲ ਕਿੱਥੋਂ ਸ਼ੁਰੂ ਕਰਾਂ?
6 ਅਗਸਤ 1995 ਦਾ ਦਿਨ ਸੀ। ਵੈਨਕੂਵਰ ਦੇ ਸਟੇਡੀਅਮ ਬੀ. ਸੀ. ਪਲੇਸ ਵਿੱਚ ਆਲਮੀ ਕਬੱਡੀ ਕੱਪ ਹੋ ਰਿਹਾ ਸੀ। ਵੀਹ/ਪੰਜਾਹ ਡਾਲਰ ਦੀਆਂ ਮਹਿੰਗੀਆਂ ਟਿਕਟਾਂ ਖ਼ਰੀਦ ਕੇ ਪੰਦਰਾਂ ਹਜ਼ਾਰ ਦਰਸ਼ਕ ਕਬੱਡੀ ਦੇ ਕੌਤਕ ਤੱਕ ਰਹੇ ਸਨ। ਇੱਕ-ਇੱਕ ਕਬੱਡੀ ਦਰਸ਼ਕਾਂ ਦਾ ਸੇਰ-ਸੇਰ ਲਹੂ ਵਧਾ ਰਹੀ ਸੀ। ਉੱਥੇ ਪਾਕਿਸਤਾਨ ਦੀ ਕਬੱਡੀ ਟੀਮ ਪਹਿਲੀ ਵਾਰ ਖੇਡ ਰਹੀ ਸੀ। ਹਿੰਦ-ਪਾਕਿ ਮੈਚ ਉਤੇ ਲੋਕਾਂ ਦੀਆਂ ਸੈਂਕੜੇ ਸ਼ਰਤਾਂ ਲੱਗੀਆਂ ਹੋਈਆਂ ਸਨ। ਪਾਕਿਸਤਾਨ ਦੇ ਜ਼ੋਰਾਵਰ ਜਾਫੀ ਰਿਆਜ਼ ਜੱਟ ਤੇ ਨਬੀਰ ਗੁੱਜਰ ਹੋਰੀਂ ਹਰਜੀਤ ਤੇ ਫਿੱਡੇ ਨੂੰ ਡੱਕਣ ਦੀ ਪੂਰੀ ਵਾਹ ਲਾ ਰਹੇ ਸਨ। ਮੈਂ ਮੈਚ ਦੀ ਕੁਮੈਂਟਰੀ ਕਰ ਰਿਹਾ ਸਾਂ ਕਿ ਇੱਕ ਪਾਕਿਸਤਾਨੀ ਸੱਜਣ ਮੇਰੇ ਕੋਲ ਆਇਆ ਤੇ ਕਹਿਣ ਲੱਗਾ, “ਸਰਦਾਰ ਜੀ, ਸਾਡੇ ਵੱਲੋਂ ਐਲਾਨ ਕਰ ਦਿਓ ਪਈ ਜਿਹੜਾ ਪਾਕਿਸਤਾਨੀ ਜਾਫੀ ਭਾਰਤ ਦੇ ਹਰਜੀਤ ਜਾਂ ਫਿੱਡੂ ਨੂੰ ਡੱਕ ਜਾਵੇ, ਉਹਨੂੰ ਪਾਕਿਸਤਾਨੀ ਕਰੰਸੀ ਵਿੱਚ ਇੱਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ!”
ਪਰ ਉਹ ਲੱਖ ਰੁਪਿਆ ਚੜ੍ਹਦੇ ਪੰਜਾਬ ਦੇ ਧਾਵੀਆਂ ਨੇ ਲਹਿੰਦੇ ਪੰਜਾਬ ਦੇ ਜਾਫੀਆਂ ਨੂੰ ਚੁੱਕਣ ਨਾ ਦਿੱਤਾ। ਇਕੇਰਾਂ ਹਰਜੀਤ ਨੂੰ ਡੱਕਣ ਦੇ ਪੰਜ ਹਜ਼ਾਰ ਡਾਲਰ ਲੱਗ ਗਏ ਸਨ, ਪਰ ਉਹ ਮਾਈ ਦਾ ਲਾਲ ਕਿਸੇ ਦੇ ਕਾਬੂ ਨਹੀਂ ਸੀ ਆਇਆ। ਹਰਜੀਤ ਨੂੰ ਲੱਗਾ ਜੱਫਾ ਅਖ਼ਬਾਰਾਂ ਦੀ ਡੱਬੀ ਵਾਲੀ ਖ਼ਬਰ ਬਣਦਾ ਸੀ। ਹਰੇਕ ਟੂਰਨਾਮੈਂਟ ਤੋਂ ਪਿੱਛੋਂ ਲੋਕ ਪੁੱਛਦੇ, “ਐਤਕੀਂ ਹਰਜੀਤ ਡੱਕਿਆ ਗਿਆ ਕਿ ਨਹੀਂ?”
1990 ਦੇ ਗੇੜ ਮੈਂ ਗ਼ਾਲਬਿ ਕਲਾਂ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਖਿਡਾ ਰਿਹਾ ਸਾਂ। ਪ੍ਰਬੰਧਕ ਮੈਨੂੰ ਫਾਈਨਲ ਮੈਚ ਦਾ ਰੈਫਰੀ ਬਣਾਉਣ ਲਈ ਢੁੱਡੀਕੇ ਤੋਂ ਉਚੇਚਾ ਲਿਜਾਂਦੇ ਸਨ। ਖਿਡਾਰੀਆਂ ਨੂੰ ਮੇਰੀ ਅੰਪਾਇਰਿੰਗ ’ਤੇ ਪੂਰਾ ਭਰੋਸਾ ਸੀ। ਫਾਈਨਲ ਮੈਚ ’ਚ ਇੱਕ ਪਾਸੇ ਰੱਜੀਵਾਲੇ ਦੀ ਟੀਮ ਸੀ, ਦੂਜੇ ਪਾਸੇ ਭਿੰਡਰ ਕਲਾਂ ਦੀ। ਹਰਜੀਤ ਰੱਜੀਵਾਲੇ ਦੀ ਟੀਮ ’ਚ ਖੇਡ ਰਿਹਾ ਸੀ। ਆਖ਼ਰੀ ਮਿੰਟ ਤੱਕ ਅੰਕ ਬਰਾਬਰ ਸਨ। ਮੈਚ ਦੀ ਜਿੱਤ ਹਾਰ ਦਾ ਦਾਰੋਮਦਾਰ ਹਰਜੀਤ ਦੀ ਆਖ਼ਰੀ ਕਬੱਡੀ ਉਤੇ ਸੀ। ਜੱਫੇ ਲਾਉਂਦਾ ਹਰਜੀਤ ਕਬੱਡੀ ਪਾਉਣ ਲਈ ਹੰਧਿਆਂ ’ਤੇ ਆਣ ਖੜ੍ਹਾ ਸੀ। ਕਬੱਡੀ ਪਾਉਣ ਤੋਂ ਪਹਿਲਾਂ ਮੈਂ ਉਸ ਨੂੰ ਸਾਵਧਾਨ ਕੀਤਾ ਕਿ ਕਬੱਡੀ ਉੱਚੀ ਬੋਲਣੀ ਹੈ। ਉਦੋਂ ਉਹ ਜਾਫੀ ਖੜ੍ਹਦਾ ਸੀ ਤੇ ਭਿੰਡਰਾਂ ਵਾਲਾ ਬੰਤਾ ਬਣਨ ਨੂੰ ਫਿਰਦਾ ਸੀ।
ਹਰਜੀਤ ਨੇ ਲੰਮਾ ਸਾਹ ਭਰ ਕੇ ਕਬੱਡੀ ਪਾਈ। ਭਿੰਡਰਾਂ ਵਾਲਾ ਬੰਤਾ ਹੀ ਉਸ ਨੂੰ ਲੱਗ ਗਿਆ। ਬੜਾ ਫਸਵਾਂ ਭੇੜ ਹੋਇਆ। ਕਬੱਡੀ-ਕਬੱਡੀ ਦੀ ਗਰਾਰੀ ਕਿੜ-ਕਿੜ ਵਿੱਚ ਬਦਲ ਗਈ, ਪਰ ਸਾਹ ਟੁੱਟਣ ਤੋਂ ਪਹਿਲਾਂ ਹੀ ਹਰਜੀਤ ਦਾ ਹੱਥ ਹੰਧਿਆਂ ਨੂੰ ਜਾ ਲੱਗਾ। ਵਿਤੋਂ ਬਾਹਰਾ ਜ਼ੋਰ ਲੱਗਣ ਨਾਲ ਹਰਜੀਤ ਕੁੱਝ ਪਲ ਬੇਸੁੱਧ ਪਿਆ ਰਿਹਾ। ਉਦੋਂ ਉਹ 18-19 ਸਾਲ ਦਾ ਲਵਾ ਮੁੰਡਾ ਸੀ ਅਤੇ ਅਥਲੈਟਿਕਸ ਵੱਲੋਂ ਕਬੱਡੀ ਵੱਲ ਆਇਆ ਸੀ। ਮੈਂ ਆਪਣੀ ਜੱਜਮੈਂਟ ਅਨੁਸਾਰ ਅੰਕ ਹਰਜੀਤ ਦੇ ਹੱਕ ਵਿੱਚ ਦਿੱਤਾ ਤਾਂ ਮੈਨੂੰ ਬੰਤੇ ਹੋਰਾਂ ਦੇ ਤਾਅਨੇ ਮਿਹਣੇ ਸੁਣਨੇ ਪਏ। ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਮੈਂ ਸੋਚਦਾ ਰਿਹਾ, “ਕੀ ਮੈਂ ਸੱਚਮੁੱਚ ਹੀ ਗ਼ਲਤ ਪੁਆਇੰਟ ਦੇ ਬੈਠਾ ਸਾਂ?”
ਅਗਲੇ ਦਿਨ ਮੈਂ ਅਖ਼ਬਾਰਾਂ ਲਈ ਲੇਖ ਲਿਖਿਆ ਕਿ ਕਬੱਡੀ ਲਈ ਸਾਹ ਦਾ ਸਮਾਂ ਨਿਸ਼ਚਿਤ ਹੋਣਾ ਚਾਹੀਦੈ ਤਾਂ ਜੋ ਰੌਲੇ ਨਾ ਪੈਣ। ਉਦੋਂ ਪਾਕਿਸਤਾਨ ਵਿੱਚ 22 ਸਕਿੰਟ ਦੀ ਕਬੱਡੀ ਸ਼ੁਰੂ ਹੋ ਚੁੱਕੀ ਸੀ। ਉਸ ਪਿੱਛੋਂ ਭਾਰਤ ਵਿੱਚ ਵੀ ਕਿਤੇ 22, ਕਿਤੇ 25 ਤੇ ਕਿਤੇ ਮੈਚ 30 ਸਕਿੰਟ ਦੀ ਕਬੱਡੀ ਨਾਲ ਖਿਡਾਏ ਜਾਣ ਲੱਗੇ। ਇੱਕ ਵਾਰ ਕੈਨੇਡਾ ਕਬੱਡੀ ਕੱਪ ਵਿੱਚ 28 ਸਕਿੰਟ ਦੀ ਕਬੱਡੀ ਦੇ ਮੈਚ ਵੀ ਹੋਏ।
ਹਰਜੀਤ ਨੂੰ ਵਿਦੇਸ਼ ਜਾਣ ਦਾ ਵੀਜ਼ਾ ਬੜੀ ਖੱਜਲ ਖੁਆਰੀ ਪਿੱਛੋਂ ਮਿਲਿਆ ਸੀ। ਨਾਂ ਬਦਲ ਕੇ ਵੀਜ਼ਾ ਲੈਣ ’ਚ ਕਬੱਡੀ ਪ੍ਰਮੋਟਰ ਸੁਰਜਨ ਸਿੰਘ ਚੱਠੇ ਨੇ ਮਦਦ ਕੀਤੀ ਸੀ। ਉਹ ਇੰਗਲੈਂਡ, ਅਮਰੀਕਾ ਤੇ ਕੈਨੇਡਾ ’ਚ ਆਪਣੀ ਖੇਡ ਦੀ ਧੰਨ-ਧੰਨ ਕਰਾ ਕੇ ਪੰਜਾਬ ਪਰਤਿਆ ਤਾਂ ਮੈਨੂੰ ਢੁੱਡੀਕੇ ਕਾਲਜ ਵਿੱਚ ਮਿਲਣ ਆਇਆ। ਉਹ ਪਹਿਲਾਂ ਨਾਲੋਂ ਕਾਫ਼ੀ ਤਕੜਾ ਹੋ ਕੇ ਮੁੜਿਆ ਸੀ। ਉਸ ਦੀ ਇੱਛਾ ਸੀ ਕਿ ਮੈਂ ਉਹਦੇ ਬਾਰੇ ਕੁੱਝ ਲਿਖਾਂ। ਨਿਠ ਕੇ ਮੈਂ ਉਹਦੀਆਂ ਗੱਲਾਂ ਬਾਤਾਂ ਨੋਟ ਕੀਤੀਆਂ। ਪਿੱਛੋਂ ਉਹਦੇ ਬਾਰੇ ਲੇਖ ਲਿਖਿਆ ਜਿਸ ਦਾ ਨਾਂ ਰੱਖਿਆ ‘ਕਬੱਡੀ ਦਾ ਚੜ੍ਹਦਾ ਸੂਰਜ’। ਇਹ ਨਾਂ ਕਬੱਡੀ ਕੁਮੈਂਟੇਟਰਾਂ ਦੇ ਮੂੰਹ ਪੱਕਾ ਹੀ ਚੜ੍ਹ ਗਿਆ।
‘ਕਬੱਡੀ ਦਾ ਸੂਰਜ’ ਨਾਂ ਰੱਖਣ ਦੇ ਕੁੱਝ ਖ਼ਾਸ ਕਾਰਨ ਸਨ। ਹਰਜੀਤ ਹਮੇਸ਼ਾਂ ਪਹਿਲੀ ਕਬੱਡੀ ਪਾਉਣ ਵੇਲੇ ਧਰਤੀ ਮਾਂ ਨੂੰ ਮੱਥਾ ਟੇਕ ਕੇ ਸੂਰਜ ਨੂੰ ਨਮਸਕਾਰ ਕਰਿਆ ਕਰਦਾ ਸੀ ਜਿਵੇਂ ਉਹ ਧਰਤੀ ਤੋਂ ਨਿਮਰਤਾ ਤੇ ਸੂਰਜ ਤੋਂ ਸ਼ਕਤੀ ਮੰਗ ਰਿਹਾ ਹੋਵੇ। ਉਂਜ ਵੀ ਉਹਦਾ ਜੁੱਸਾ ਦਰਸ਼ਨੀ ਸੀ ਤੇ ਸੂਹਾ ਚਿਹਰਾ ਸੂਰਜ ਵਾਂਗ ਦਗਦਾ ਸੀ। ਉਸ ਲੇਖ ਵਿੱਚ ਮੈਂ ਲਿਖਿਆ ਸੀ, “ਜੇਕਰ ਕੁਦਰਤ ਦੀ ਮਿਹਰ ਰਹੀ ਤੇ ਹਰਜੀਤ ਨੇ ਆਪਣੇ ਆਪ ਨੂੰ ਸੰਭਾਲੀ ਰੱਖਿਆ ਤਾਂ ਉਸ ਦੇ ਜੁੱਸੇ ਵਿੱਚ ਕਰੋੜ ਰੁਪਏ ਦੀ ਕਬੱਡੀ ਛੁਪੀ ਪਈ ਹੈ।”
ਉਸ ਨੇ ਕਬੱਡੀ ਸਿਰੋਂ ਕਰੋੜ ਦੀ ਥਾਂ ਕਈ ਕਰੋੜ ਕਮਾ ਜਾਣੇ ਸਨ, ਪਰ ਕੁਦਰਤ ਨੇ ਸਾਥ ਨਾ ਦਿੱਤਾ। 1998 ਤੱਕ ਹਰਜੀਤ ਦਾ ਕਬੱਡੀ ਸੀਜ਼ਨ ਪੰਜਾਹ ਹਜ਼ਾਰ ਡਾਲਰ ਤੋਂ ਟੱਪ ਚੁੱਕਾ ਸੀ ਜਦੋਂ ਕੇਲ ਕਰੇਂਦੇ ਹੰਸ ਨੂੰ ਅਚਿੰਤੇ ਬਾਜ਼ ਆ ਪਏ। ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਤੇ ਉਹਦੀਆਂ ਖ਼ਬਰਾਂ ਪਲਾਂ ਵਿੱਚ ਦੁਨੀਆ ਭਰ ’ਚ ਫੈਲ ਗਈਆਂ। ਬਿਨਾ ਸ਼ੱਕ ਉਹ 20ਵੀਂ ਸਦੀ ਦਾ ਸਭ ਤੋਂ ਤਕੜਾ ਧਾਵੀ ਸੀ। ਸੁਭਾਅ ਦਾ ਸਾਊ, ਨਿਮਰ, ਜੁੱਸੇ ਦਾ ਨਿੱਗਰ, ਮਿੱਠਬੋਲੜਾ ਤੇ ਹਰ ਵੇਲੇ ਹੱਸਦਾ ਖੇਡਦਾ ਖ਼ੁਸ਼ੀਆਂ ਵੰਡਦਾ ਰਹਿਣ ਵਾਲਾ ਹਸਮੁੱਖ ਨੌਜੁਆਨ ਸੀ। ਧਨੰਤਰ ਧਾਵੀ ਹੋਣ ਦੇ ਬਾਵਜੂਦ ਉਸ ਨੇ ਪੈਰ ਨਹੀਂ ਸੀ ਛੱਡੇ ਤੇ ਨਿਮਰਤਾ ਪੱਲੇ ਬੰਨ੍ਹੀ ਰੱਖੀ ਸੀ। ਕਬੱਡੀ ਪ੍ਰੇਮੀ ਉਸ ਦੀ ਖੇਡ ਦੇ ਆਸ਼ਕ ਸਨ। ਉਹ ਖ਼ੁਸ਼ਹਾਲ ਸੀ। ਖ਼ੁਸ਼ਹਾਲੀ ਉਸ ਨੇ ਕਰੜੀ ਮਿਹਨਤ ਮੁਸ਼ੱਕਤ ਨਾਲ ਹਾਸਲ ਕੀਤੀ ਸੀ। ਉਸ ਦਾ ਵਿਆਹ ਕੈਨੇਡੀਅਨ ਬੀਬੀ ਨਰਿੰਦਰਜੀਤ ਕੌਰ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਇੱਕ ਧੀ ਨੇ ਜਨਮ ਲਿਆ। ਇਸ ਵਿਆਹ ਨਾਲ ਹੀ ਉਹ ਕੈਨੇਡਾ ਦਾ ਪੱਕਾ ਪਰਵਾਸੀ ਬਣਿਆ ਸੀ।
ਹਰਜੀਤ ਦੇ ਪਿਤਾ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਸਨ। ਉਸ ਦਾ ਵੱਡਾ ਵੀਰ ਸਰਬਜੀਤ ਸਿੰਘ ਵੀ ਪੁਲੀਸ ਵਿੱਚ ਸੀ ਜਿਸ ਦਾ 1986 ਵਿੱਚ ਦੇਹਾਂਤ ਹੋ ਗਿਆ ਸੀ। ਗਭਲਾ ਭਰਾ ਗੁਰਮੀਤ ਸਿੰਘ ਘਰ ਦਾ ਕੰਮਕਾਜ ਸੰਭਾਲਦਾ ਸੀ। ਹਰਜੀਤ ਨੇ ਕਬੱਡੀ ਖੇਡਣ ਖ਼ਾਤਰ ਪੰਜਾਬ ਪੁਲੀਸ ਦੀ ਨੌਕਰੀ ਕਰ ਲਈ ਸੀ। ਜਦੋਂ ਉਸ ਨੂੰ ਵਿਦੇਸ਼ ਖੇਡਣ ਜਾਣ ਦੇ ਮੌਕੇ ਮਿਲਣ ਲੱਗੇ ਤਾਂ ਉਸ ਦੀ ਕਿਸਮਤ ਹੀ ਬਦਲ ਗਈ ਸੀ। ਪੌਂਡਾਂ ਤੇ ਡਾਲਰਾਂ ਨੇ ਉਸ ਦੀ ਖੇਡ ਵਿੱਚ ਹੋਰ ਨਿਖਾਰ ਲੈ ਆਂਦਾ ਸੀ। ਉਸ ਨੇ ਦੇਸ਼ ਵਿਦੇਸ਼, ਸੈਂਕੜੇ ਖੇਡ ਮੈਦਾਨਾਂ ’ਚ ਹਜ਼ਾਰਾਂ ਕਬੱਡੀਆਂ ਪਾਈਆਂ ਤੇ ਲੱਖਾਂ ਲੋਕਾਂ ਦਾ ਮਨੋਰੰਜਨ ਕੀਤਾ। ਲੱਖਾਂ ਨੌਜੁਆਨਾਂ ਨੂੰ ਜੁੱਸੇ ਤਕੜੇ ਬਣਾਉਣ ਦੇ ਰਾਹ ਪਾਇਆ। ਖਿਡਾਰੀ ਇੰਜ ਹੀ ਸਮਾਜ ਸੇਵਾ ਕਰਦੇ ਹਨ। ਹਰਜੀਤ ਤੇ ਉਹਦੇ ਸਾਥੀਆਂ ਦਾ ਦਿਨ ਕਸਰਤ ਕਰਨ ਨਾਲ ਚੜ੍ਹਿਆ ਕਰਦਾ ਸੀ। ਸਵੇਰਸਾਰ ਹੀ ਉਹ ਮੁੜ੍ਹਕੇ ’ਚ ਨਹਾਤੇ ਜਾਂਦੇ। ਉਨ੍ਹਾਂ ਦਾ ਟਿਕਾਣਾ ਮੋਗੇ ਹੁੰਦਾ ਤੇ ਉਹ ਗੁਰੂ ਨਾਨਕ ਕਾਲਜ ਦੇ ਮੈਦਾਨਾਂ ਵਿੱਚ ਅਭਿਆਸ ਕਰਦੇ। ਉਨ੍ਹਾਂ ਨੂੰ ਹਰ ਰੋਜ਼ ਹੀ ਕਿਤੇ ਨਾ ਕਿਤੇ ਖੇਡਣ ਜਾਣ ਦਾ ਸੱਦਾ ਮਿਲਿਆ ਹੁੰਦਾ। ਮੈਚ ਦਿਨ ਛਿਪਣ ਤੱਕ ਚੱਲਦੇ ਰਹਿੰਦੇ। ਡੂੰਘੇ ਹਨੇਰੇ ਪਏ ਉਹ ਆਪਣੇ ਅੱਡਿਆਂ ’ਤੇ ਪਰਤਦੇ।
ਬਾਜਾਖਾਨੇ, ਮੋਗੇ, ਜਗਰਾਓਂ, ਲੁਧਿਆਣੇ ਤੋਂ ਚੰਡੀਗੜ੍ਹ ਨੂੰ ਰਾਤ ਬਰਾਤੇ ਸਫ਼ਰ ਕਰਨਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਸੀ। ਸਫ਼ਰ ਤਾਂ ਹਰ ਰੋਜ਼ ਹੀ ਹੁੰਦਾ ਸੀ। ਢਾਬਿਆਂ ’ਤੇ ਰੋਟੀ ਖਾਣੀ ਵੀ ਕੋਈ ਨਵੀਂ ਗੱਲ ਨਹੀਂ ਸੀ। ਜਦੋਂ ਦੂਰ ਨੇੜੇ ਖੇਡਣ ਜਾਣ ਲੱਗੇ ਤਾਂ ਹਨੇਰੇ ਸਵੇਰੇ ਸਫ਼ਰ ਕਰਨਾ ਹੀ ਪੈਣਾ ਸੀ। ਹਾਕੀ ਵਾਲਾ ਸੁਰਜੀਤ ਵੀ ਸੜਕ ਹਾਦਸੇ ਵਿੱਚ ਗੁਜ਼ਰਿਆ ਸੀ। ਕਈ ਹੋਰ ਖਿਡਾਰੀ ਵੀ ਰੇਲ ਹਾਦਸਿਆਂ ਵਿੱਚ ਗੁਜ਼ਰੇ। ਹਰਜੀਤ ਆਪਣੇ ਤਿੰਨ ਸਾਥੀਆਂ ਕੇਵਲ ਲੋਪੋਂ, ਤਲਵਾਰ ਕੌਂਕੇ ਤੇ ਕੇਵਲ ਸੇਖਾ ਨਾਲ ਜਿਪਸੀ ’ਚ ਘੜੂੰਏਂ ਨੇੜੇ ਹਾਦਸਾਗ੍ਰਸਤ ਹੋ ਗਿਆ। ਚਾਰੇ ਜਣੇ ਥਾਏਂ ਪੂਰੇ ਹੋ ਗਏ। ਚੈਨਾ ਸਿੱਧਵਾਂ ਹੀ ਬਚ ਸਕਿਆ। ਸੁਆਲ ਪੈਦਾ ਹੁੰਦੈ ਕਿ ਟਰੈਫਿਕ ਵਿੱਚ ਸੁਧਾਰ ਕਿਵੇਂ ਲਿਆਂਦਾ ਜਾਵੇ? ਹਾਦਸੇ ਕਿਵੇਂ ਰੋਕੇ ਜਾਣ?
ਹਰਜੀਤ ਦਾ ਕੱਦ ਛੇ ਫੁੱਟ ਤੋਂ ਰਤਾ ਉੱਤੇ ਸੀ। ਛਾਤੀ ਦਾ ਘੇਰਾ 52 ਇੰਚ, ਪੱਟਾਂ ਦੀ ਮੁਟਾਈ 40 ਇੰਚ, ਲੱਕ 37 ਇੰਚ ਤੇ ਡੌਲੇ 24 ਇੰਚ ਸਨ। ਉਹ ਆਪਣਾ ਭਾਰ 110 ਤੋਂ 120 ਕਿਲੋਗ੍ਰਾਮ ਵਿਚਕਾਰ ਰੱਖਿਆ ਕਰਦਾ ਸੀ। 1998 ਦੇ ਸ਼ੁਰੂ ’ਚ ਉਹ ਕਬੱਡੀ ਖੇਡਣ ਪਾਕਿਸਤਾਨ ਗਿਆ ਸੀ ਜਿੱਥੇ ਉਸ ਦੇ ਗੁੱਟ ’ਤੇ ਸੱਟ ਵੱਜ ਗਈ ਸੀ। ਉਸੇ ਸਾਲ ਪਾਕਿਸਤਾਨ ਦੀ ਕਬੱਡੀ ਟੀਮ 5 ਅਪਰੈਲ ਨੂੰ ਫ਼ਰੀਦਕੋਟ ਮੈਚ ਖੇਡੀ ਤਾਂ ਹਰਜੀਤ ਦਾ ਗੁੱਟ ਫਿਰ ਹਿੱਲ ਗਿਆ ਤੇ ਪਲੱਸਤਰ ਦੁਬਾਰਾ ਲਗਵਾਉਣਾ ਪਿਆ।
13 ਅਪਰੈਲ 1998 ਨੂੰ ਵਿਸਾਖੀ ਵਾਲੇ ਦਿਨ ਉਹ ਮੈਨੂੰ ਤਲਵੰਡੀ ਸਾਬੋ ਦੇ ਸਟੇਡੀਅਮ ਵਿੱਚ ਮਿਲਿਆ। ਉਸ ਦੀ ਪਲੱਸਤਰ ਵਾਲੀ ਬਾਂਹ ਵੰਗਣੇ ਪਾਈ ਹੋਈ ਸੀ। ਉਸ ਨੇ ਅਦਬ ਨਾਲ ਨਿਉਂ ਕੇ ਗੋਡੀਂ ਹੱਥ ਲਾਇਆ ਤਾਂ ਮੈਂ ਵੀ ਪਿਆਰ ਨਾਲ ਉਹਦਾ ਮੋਢਾ ਪਲੋਸਿਆ। ਗੁੱਟ ਦਾ ਹਾਲ ਚਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕੁੱਝ ਕੁ ਦਿਨਾਂ ’ਚ ਹੀ ਪਲੱਸਤਰ ਖੁੱਲ੍ਹ ਜਾਣਾ ਤੇ ਉਸ ਨੇ ਵਿਦੇਸ਼ਾਂ ਨੂੰ ਕਬੱਡੀ ਖੇਡਣ ਨਿਕਲ ਜਾਣਾ। ਉੱਦਣ ਉਹ ਖ਼ੁਦ ਖੇਡਣ ਦੀ ਥਾਂ ਆਪਣੀ ਟੀਮ ਨੂੰ ਹੱਲਾਸ਼ੇਰੀ ਦਿੰਦਾ ਰਿਹਾ ਸੀ ਤੇ ਸਭ ਨੂੰ ਹੱਸਦਾ ਮੁਸਕਰਾਉਂਦਾ ਮਿਲਦਾ ਰਿਹਾ ਸੀ। ਮਿਲਣ ਵਾਲਿਆਂ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਆਖ਼ਰੀ ਮਿਲਣੀ ਸੀ! ਹਫ਼ਤੇ ਕੁ ਬਾਅਦ ਹੀ ਉਹ ਅਕਾਲ ਚਲਾਣਾ ਕਰ ਗਿਆ ਜਿਸ ਨਾਲ ਕਬੱਡੀ ਦੇ ਮੈਦਾਨਾਂ ’ਚ ਸੁੰਨ ਵਰਤ ਗਈ।
ਖੇਡਾਂ ’ਚ ਸੱਟਾਂ ਅਕਸਰ ਲੱਗਦੀਆਂ ਹਨ ਤੇ ਸਮਾਂ ਪਾ ਕੇ ਰਾਜ਼ੀ ਵੀ ਹੋ ਜਾਂਦੀਆਂ ਹਨ। ਉਹਦਾ ਗੁੱਟ ਵੀ ਠੀਕ ਹੋ ਚੱਲਿਆ ਸੀ, ਪਰ ਮੌਤ ਰੂਪੀ ਸੱਟ ਦਾ ਕੋਈ ਕੀ ਕਰੇ? ਮਰਨ ਵਾਲਾ ਤਾਂ ਮਰ ਜਾਂਦਾ ਹੈ, ਪਰ ਪਿੱਛੋਂ ਦੁਖਦਾਈ ਮਰਨ ਜਿਉਂਦਿਆਂ ਦਾ ਹੁੰਦਾ ਹੈ। ਹਰਜੀਤ ਆਪਣੀ ਪਤਨੀ, ਮਾਸੂਮ ਧੀ, ਮਾਤਾ ਪਿਤਾ, ਭੈਣਾਂ-ਭਾਈਆਂ, ਦੋਸਤਾਂ-ਮਿੱਤਰਾਂ ਤੇ ਲੱਖਾਂ ਕਬੱਡੀ ਪ੍ਰੇਮੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ। ਕਬੱਡੀ ਪਿਆਰਿਆਂ ਨੇ ਉਹਦੇ ਨਮਿੱਤ ਸੈਂਕੜੇ ਪਾਠ ਕਰਵਾਏ, ਹਜ਼ਾਰਾਂ ਅਰਦਾਸਾਂ ਤੇ ਸ਼ੋਕ ਸਭਾਵਾਂ ਕੀਤੀਆਂ ਗਈਆਂ। ਬਾਜੇਖਾਨੇ ਵਿੱਚ ਉਹਦੇ ਨਾਂ ਦਾ ਸਟੇਡੀਅਮ ਬਣਾਇਆ ਗਿਆ। ਉਹਦੇ ਨਾਂ ਉਤੇ ਕਈ ਸਪੋਰਟਸ ਕਲੱਬ ਬਣੇ ਜੋ ਥਾਓਂ ਥਾਈਂ ਖੇਡਾਂ ਦਾ ਵਿਕਾਸ ਕਰ ਰਹੇ ਤੇ ਖੇਡ ਮੇਲੇ ਕਰਾ ਰਹੇ ਹਨ। ਅਜਿਹਾ ਵੇਖ ਕੇ ਇਉਂ ਲੱਗਦੈ ਜਿਵੇਂ ਹਰਜੀਤ ਬਾਜਾਖਾਨਾ ਅੱਜ ਵੀ ਸਾਡੇ ਅੰਗ ਸੰਗ ਹੋਵੇ। ਜਿਵੇਂ ਉਹ ਆਪ ਨਵੇਂ ਪੁੰਗਰਦੇ ਖਿਡਾਰੀਆਂ ਵਿੱਚ ਦੀ ਹੱਸਦਾ ਮੁਸਕਰਾਉਂਦਾ ਕਬੱਡੀਆਂ ਪਾ ਰਿਹਾ ਹੋਵੇ ਤੇ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰ ਰਿਹਾ ਹੋਵੇ।
ਈ-ਮੇਲ: principalsarwansingh@gmail.com