For the best experience, open
https://m.punjabitribuneonline.com
on your mobile browser.
Advertisement

ਅਦਾਕਾਰੀ ਨੂੰ ਪ੍ਰਣਾਇਆ ਹਰਜੀਤ ਵਾਲੀਆ

08:43 AM Sep 02, 2023 IST
ਅਦਾਕਾਰੀ ਨੂੰ ਪ੍ਰਣਾਇਆ ਹਰਜੀਤ ਵਾਲੀਆ
Advertisement

ਰਜਨੀ ਭਗਾਣੀਆ

ਹਰਜੀਤ ਸਿੰਘ ਵਾਲੀਆ ਬਹੁਗੁਣੀ ਤੇ ਸਾਦਗੀ ਪਸੰਦ ਸ਼ਖ਼ਸੀਅਤ ਦਾ ਮਾਲਕ ਹੈ। ਆਪਣੀ ਅਦਾਕਾਰੀ ਨਾਲ ਉਸ ਨੇ ਬੌਲੀਵੁੱਡ ਤੇ ਪੌਲੀਵੁੱਡ ਵਿੱਚ ਨਾਮ ਕਮਾਇਆ ਹੈ। ਉਸ ਦਾ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਫਤਿਹਬਾਦ ਦਾ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਪੂਰੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ।
ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰਿਹਾ ਹੈ। ਪੜ੍ਹਾਈ ਤੋਂ ਬਾਅਦ ਉਹ ਸੀ.ਆਰ.ਪੀ.ਐੱਫ. ਵਿੱਚ ਡੀ.ਐੱਸ.ਪੀ. ਨਿਯੁਕਤ ਹੋ ਗਿਆ, ਪਰ ਉਸ ਅੰਦਰ ਅਦਾਕਾਰੀ ਦਾ ਸ਼ੌਕ ਉਬਾਲੇ ਮਾਰ ਰਿਹਾ ਸੀ। ਆਪਣੇ ਇਸੀ ਜਨੂੰਨ ਨੂੰ ਪੂਰਾ ਕਰਨ ਲਈ ਉਸ ਨੇ ਨੌਕਰੀ ਛੱਡ ਦਿੱਤੀ ਤੇ ਅਦਾਕਾਰੀ ਦੇ ਰਸਤੇ ਚੱਲ ਪਿਆ। ਇੱਕ ਵਾਰ ਉਹ ਕਿਸੇ ਡਰਾਮੇ ਵਿੱਚ ਅਦਾਕਾਰੀ ਕਰ ਰਿਹਾ ਸੀ ਤਾਂ ਉੱਥੇ ਫਿਲਮ ਨਿਰਦੇਸ਼ਕ ਚੇਤਨ ਆਨੰਦ ਵੀ ਮੌਜੂਦ ਸੀ। ਉਹ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਇਆ ਤੇ ਆਪਣੀ ਫਿਲਮ ਲਈ ਮੁੰਬਈ ਬੁਲਾ ਲਿਆ। ਇਸ ਮੁਤਾਬਿਕ 1981 ਵਿੱਚ ਹਰਜੀਤ ਵਾਲੀਆ ਮੁੰਬਈ ਚਲਾ ਗਿਆ, ਪਰ ਕਿਸੇ ਕਾਰਨ ਉਹ ਫਿਲਮ ਰਿਲੀਜ਼ ਨਾ ਹੋ ਸਕੀ। ਮੁੰਬਈ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਹਰਜੀਤ ਨੇ ਆਪਣਾ ਹੌਸਲਾ ਨਾ ਛੱਡਿਆ। ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਨਾਲ ਉਹ ਅੱਗੇ ਵਧਿਆ ਤੇ ਮਨੋਜ ਕੁਮਾਰ ਦੀ ਫਿਲਮ ‘ਪੇਂਟਰ ਬਾਬੂ’ ਵਿੱਚ ਅਦਾਕਾਰੀ ਦਾ ਪਹਿਲਾ ਮੌਕਾ ਮਿਲਿਆ।
ਉਸ ਤੋਂ ਬਾਅਦ ਉਸ ਦਾ ਫਿਲਮੀ ਸਫ਼ਰ ਸ਼ੁਰੂ ਹੋਇਆ ਜਿਸ ਵਿੱਚ ‘ਮੇਰੀ ਬੀਵੀ ਕਾ ਜਵਾਬ ਨਹੀਂ’, ‘ਏਕ ਔਰ ਅਮਰ ਪ੍ਰੇਮ’, ‘ਕਸਮ’, ‘ਦੀਵਾਨਾਪਨ’, ‘ਗੁਲਾਮ’, ‘ਵਾਅਦੇ ਇਰਾਦੇ’, ‘ਫਰੇਬ’, ‘ਮਹਾਂ ਸ਼ਕਤੀਸ਼ਾਲੀ’, ‘ਜ਼ਿੱਦੀ’, ‘ਵਿਸ਼ਨੂੰ ਦੇਵਾ’, ‘ਕੁਰਬਾਨ’, ‘ਦਿਲ’, ‘ਏਕ ਚਾਦਰ ਮੈਲੀ ਸੀ’, ‘ਡਕੈਤ’, ‘ਵਰਦੀ’, ‘ਕਸਮ’, ‘ਬਰਸਾਤ’, ‘ਬੇਟਾ’, ‘ਅਵੀਨਾਸ਼’, ‘ਏਕ ਜਾਨ ਹੈ ਹਮ’, ‘ਰਾਜਾ’ ਅਤੇ ‘ਜੋਸ਼ੀਲੇ’ ਆਦਿ ਹਿੰਦੀ ਫਿਲਮਾਂ ਦੇ ਇਲਾਵਾ ‘ਲੌਂਗ ਦਾ ਲਿਸ਼ਕਾਰਾ’, ‘ਜ਼ਿੰਦ ਜੱਟਾਂ ਦੀ’, ‘ਗੁਰੂ ਗੋਬਿੰਦ ਸਿੰਘ’ ਤੇ ‘ਮਿੱਟੀ ਦਾ ਬਾਵਾ’ ਆਦਿ ਪੰਜਾਬੀ ਫਿਲਮਾਂ ਦੇ ਨਾਮ ਜ਼ਿਕਰਯੋਗ ਹਨ। ਇਨ੍ਹਾਂ ਫਿਲਮਾਂ ਵਿੱਚ ਉਸ ਨੂੰ ਜ਼ਿਆਦਾਤਰ ਪੁਲੀਸ ਦੇ ਕਿਰਦਾਰ ਵਿੱਚ ਮਕਬੂਲੀਅਤ ਮਿਲੀ। ਇਹੀ ਨਹੀਂ ਹਰਜੀਤ ਵਾਲੀਆ ਨੇ ਕੁਝ ਲੜੀਵਾਰਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਜਿਨ੍ਹਾਂ ਵਿੱਚ ਦੂਰਦਰਸ਼ਨ ਦੇ ਸ਼ੋਅ ‘ਟੀਪੂ ਸੁਲਤਾਨ’, ‘ਚੰਦਰਕਾਂਤਾ’, ‘ਤਹਿਕੀਕਾਤ’, ‘ਪਰਮਵੀਰ ਚੱਕਰ’, ‘ਸੱਤਿਆ’ ਤੇ ਕਲਰਜ਼ ਚੈਨਲ ਦਾ ‘ਸਸੁਰਾਲ ਸਿਮਰ ਕਾ’, ਜ਼ੀ ਟੀਵੀ ਦਾ ਸ਼ੋਅ ‘ਜੋਧਾ ਅਕਬਰ’ ਅਤੇ ਸੋਨੀ ਚੈਨਲ ਦੇ ‘ਕਰਾਈਮ ਪੈਟਰੋਲ’ ਵਰਗੇ ਲੜੀਵਾਰਾਂ ਦੇ ਨਾਮ ਸ਼ਾਮਲ ਹਨ।
ਹਰਜੀਤ ਵਾਲੀਆ ਅਦਾਕਾਰੀ ਦੇ ਨਾਲ ਡਬਿੰਗ ਆਰਟਿਸਟ ਵੀ ਹੈ। ਉਸ ਨੇ ਆਪਣੀ ਸਖ਼ਤ ਤੇ ਰੋਹਬਦਾਰ ਆਵਾਜ਼ ਵਿੱਚ ਕੁਝ ਮਸ਼ਹੂਰ ਹਸਤੀਆਂ
ਦੀ ਡਬਿੰਗ ਕੀਤੀ ਹੈ, ਜਿਵੇਂ ਅਮਰੀਸ਼ ਪੁਰੀ, ਰਾਜ ਬੱਬਰ ਅਤੇ ਫਿਲਮ ‘ਚਾਰ ਸਾਹਿਬਜ਼ਾਦੇ’ ਵਿੱਚ ‘ਕਾਜ਼ੀ’ ਦੀ ਆਵਾਜ਼ ਦਿੱਤੀ। ਉਸ ਦੀਆਂ ਕੁਝ ਵੈੱਬ ਸੀਰੀਜ਼ ਜਿਵੇਂ ‘ਹਵੇਲੀ ਇਨ ਟਰੱਬਲ’ ਅਤੇ ‘ਡੀ.ਜੇ. ਵਾਲੇ ਬਾਬੂ’ ਚੱਲ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਨੇ ਬੌਲੀਵੁੱਡ ਦੇ ਹਰ ਅਦਾਕਾਰ ਨਾਲ ਕੰਮ ਕੀਤਾ ਹੈ, ਪਰ ਉਸ ਦੀ ਇੱਛਾ ਅਮਿਤਾਭ ਬੱਚਨ ਨਾਲ ਕੰਮ ਕਰਨ ਦੀ ਹੈ।
ਸੰਪਰਕ: 79736-67793

Advertisement

Advertisement
Advertisement
Author Image

joginder kumar

View all posts

Advertisement