ਹਰਜਸ ਨੇ ਥਾਪੀ ਮਾਰ ਕੇ ਮਨਾਇਆ ਖ਼ਿਤਾਬੀ ਜਿੱਤ ਦਾ ਜਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਹਰਜਸ ਸਿੰਘ ਬੀਤੇ ਦਿਨ ਖ਼ਤਮ ਹੋਏ ਅੰਡਰ-19 ਵਿਸ਼ਵ ਕੱਪ ਵਿੱਚ ਸਟਾਰ ਬਣ ਕੇ ਉਭਰਿਆ ਹੈ। ਉਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਚੌਥਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਵਿੱਚ ਹਰਜਸ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ।
ਆਈਸੀਸੀ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਉਹ ਪੱਟ ’ਤੇ ਥਾਪੀ ਮਾਰ ਕੇ ਜਿੱਤ ਦਾ ਜਸ਼ਨ ਰਵਾਇਤੀ ਕਬੱਡੀ ਸਟਾਈਲ ਵਿੱਚ ਮਨਾਉਂਦਾ ਨਜ਼ਰ ਆ ਰਿਹਾ ਹੈ। ਇੰਸਟਾਗ੍ਰਾਮ ’ਤੇ ਇਸ ਵੀਡੀਓ ਨੂੰ 57 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਜਦੋਂਕਿ 3.27 ਲੱਖ ਨੇ ‘ਪਸੰਦ’ ਕੀਤਾ ਹੈ। ਇਸ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘‘ਹਰਜਸ ਸਿੰਘ ਅਤੇ ਹਰਕੀਰਤ ਬਾਜਵਾ ਪੱਟ ’ਤੇ ਥਾਪੀ ਮਾਰਦੇ ਹੋਏ।’’ ਹਰਜਸ ਸਿੰਘ ਦਾ ਪਿਛੋਕੜ ਚੰਡੀਗੜ੍ਹ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਪਰਿਵਾਰ 2000 ਵਿੱਚ ਚੰਡੀਗੜ੍ਹ ਤੋਂ ਸਿਡਨੀ ਚਲਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਪੰਜਾਬ ਮੁੱਕੇਬਾਜ਼ੀ ਵਿੱਚ ਚੈਂਪੀਅਨ ਸਨ ਜਦੋਂਕਿ ਮਾਤਾ ਅਰਵਿੰਦਰ ਕੌਰ ਸੂਬਾ ਪੱਧਰੀ ਲੰਬੀ ਛਾਲ ਦੀ ਅਥਲੀਟ ਰਹਿ ਚੁੱਕੀ ਹੈ। ਬੈਨੋਨੀ (ਦੱਖਣੀ ਅਫਰੀਕਾ) ਦੇ ਵਿਲੋਅਮੂਰੇ ਪਾਰਕ ਵਿੱਚ ਖੇਡੇ ਫਾਈਨਲ ਵਿੱਚ ਭਾਰਤੀ ਬੱਲੇਬਾਜ਼ ਜੂਝਦੇ ਹੋਏ ਨਜ਼ਰ ਆਏ ਅਤੇ ਟੀਮ 79 ਦੌੜਾਂ ਨਾਲ ਹਾਰ ਗਈ। ਹਰਜਸ ਦੀਆਂ 64 ਗੇਂਦਾਂ ’ਤੇ 55 ਦੌੜਾਂ ਦੀ ਮਦਦ ਨਾਲ ਆਸਟਰੇਲੀਆ ਦਾ ਮੈਚ ਵਿੱਚ ਦਬਦਬਾ ਰਿਹਾ। ਇਸ ਤੋਂ ਇਲਾਵਾ ਕਪਤਾਨ ਹਿਊ ਵੀਬਜਨ ਨੇ 48, ਸਲਾਮੀ ਬੱਲੇਬਾਜ਼ ਹੈਰੀ ਡਿਕਸਨ ਨੇ 42 ਅਤੇ ਓਲਿਵਰ ਪੀਕੇ ਨੇ ਨਾਬਾਦ 46 ਦੌੜਾਂ ਦਾ ਯੋਗਦਾਨ ਪਾਇਆ ਅਤੇ ਆਸਟਰੇਲੀਆ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 253 ਦੌੜਾਂ ਬਣਾਈਆਂ। ਇਹ ਅੰਡਰ-19 ਵਿਸ਼ਵ ਕੱਪ ਫਾਈਨਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਹਰਜਸ ਤੇ ਰਿਆਨ ਹਿਕਸ ਨੇ ਹੌਲੀ-ਹੌਲੀ ਆਸਟਰੇਲੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ।