ਸੰਗੀਤਮਈ ਵੰਨਗੀਆਂ ਨਾਲ ਹਰਿਵੱਲਭ ਸੰਮੇਲਨ ਸਮਾਪਤ
ਪਾਲ ਸਿੰਘ ਨੌਲੀ
ਜਲੰਧਰ, 31 ਦਸੰਬਰ
ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੇ ਆਖਰੀ ਦਿਨ ਕਲਾਕਾਰਾਂ ਨੇ ਸੰਗੀਤਕ ਧੁਨਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰਦਿਆਂ ਸਮਾਗਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਸ੍ਰੀ ਦੇਵੀ ਤਲਾਬ ਮੰਦਰ ਦੇ ਵਿਹੜੇ ਵਿੱਚ 148ਵੇਂ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੇ ਤੀਜੇ ਅਤੇ ਆਖਰੀ ਦਿਨ ਕਲਾਕਾਰਾਂ ਨੇ ਮਾਹੌਲ ਨੂੰ ‘ਸੰਗੀਤਕ ਰੰਗਾਂ’ ਵਿੱਚ ਰੰਗ ਦਿੱਤਾ। ਕੜਾਕੇ ਦੀ ਠੰਢ ਦੌਰਾਨ 8 ਤੋਂ 9 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਵੀ ਸੰਗੀਤ ਪ੍ਰੇਮੀ ਇੱਥੇ ਕਲਾਕਾਰਾਂ ਦੀਆਂ ਸੰਗੀਤਕ ਵੰਨਗੀਆਂ ਦਾ ਨਿੱਘ ਮਾਣਦੇ ਰਹੇ।
ਅੱਜ ਸੰਮੇਲਨ ਦੀ ਆਖਰੀ ਸ਼ਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ, ਜਿਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੜੀ ਨੀਝ ਨਾਲ ਗਾਇਆ। ਪਿਛਲੇ ਸਾਲ ਦੇ ਜੇਤੂ ਪਿਊਸ਼ ਕੁਮਾਰ ਨੇ ਤਬਲੇ ’ਤੇ ‘ਤੀਨ ਤਾਲ’ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਜਿੰਨਾ ਚਿਰ ਪਿਊਸ਼ ਕੁਮਾਰ ਤਬਲੇ ’ਤੇ ਤੀਨ ਤਾਲ ਦੀ ਪੇਸ਼ਕਾਰੀ ਦਿੰਦਾ ਰਿਹਾ, ਸਰੋਤੇ ਸਾਹ ਰੋਕ ਕੇ ਉਸ ਨਾਲ ਇਕਸੁਰ ਹੋਏ ਰਹੇ।
ਇਸੇ ਤਰ੍ਹਾਂ ਹੀ ਪਿਛਲੇ ਸਾਲ ਦੀ ਜੇਤੂ ਸਰਾਈਨਾ ਜੋਸ਼ੀ ਨੇ ਠੁਮਰੀ ਨਾਲ ਆਪਣੀ ਕਲਾ ਦਾ ਬੇਜੋੜ ਨਮੂਨਾ ਪੇਸ਼ ਕੀਤਾ। ਮੋਮਨ ਖਾਨ ਨੇ ਸਾਰੰਗੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਤਬਲੇ ’ਤੇ ਉਨ੍ਹਾਂ ਦਾ ਸਾਥ ਉਸਤਾਦ ਸਲਾਮਤ ਹੁਸੈਨ ਨੇ ਦਿੱਤਾ। ਸੁਚੇਤਾ ਗਾਂਗੁਲੀ ਨੇ ਗਾਇਨ ਨਾਲ ਸਰੋਤਿਆਂ ਦਾ ਮਨ ਮੋਹਿਆ ਤੇ ਤਬਲੇ ’ਤੇ ਉਨ੍ਹਾਂ ਦਾ ਸਾਥ ਜੈਦੇਵ ਅਤੇ ਹਰਮੋਨੀਅਮ ’ਤੇ ਵਿਨੈ ਮਿਸ਼ਰਾ ਨੇ ਦਿੱਤਾ। ਸੁਸ਼ਮਿਤਾ ਚੈਟਰਜੀ ਅਤੇ ਦਿਵੋਪ੍ਰਿਆ ਨੇ ਬੰਸਰੀ ਰਾਹੀ ਅਜਿਹੀ ਜੁਗਲਬੰਦੀ ਕੀਤੀ ਕਿ ਇੱਕ ਤਰ੍ਹਾਂ ਨਾਲ ਸਰੋਤੇ ਆਪਣੇ ਆਪ ਨੂੰ ਸੰਗੀਤ ਦੇ ਨਿਵੇਕਲੇ ਸੰਸਾਰ ਵਿੱਚ ਮਹਿਸੂਸ ਕਰਦੇ ਰਹੇ। ਪ੍ਰਬੰਧਕ ਕਮੇਟੀ ਦੀ ਪ੍ਰਧਾਨ ਪੂਰਨਮਾ ਬੇਰੀ ਨੇ ਠੰਢ ਦੇ ਮੌਸਮ ਵਿੱਚ ਵੀ ਕਲਾਕਾਰਾਂ ਦੀ ਹੌਸਲਾ ਵਧਾਉਣ ਲਈ ਤਿੰਨੋਂ ਦਿਨ ਹਾਜ਼ਰੀ ਭਰਨ ’ਤੇ ਸਰੋਤਿਆਂ ਦਾ ਧੰਨਵਾਦ ਕੀਤਾ।