ਹਰੀਨੀ ਅਮਰਸੂਰਿਆ ਬਣੀ ਸ੍ਰੀਲੰਕਾ ਦੀ ਪ੍ਰਧਾਨ ਮੰਤਰੀ
ਕੋਲੰਬੋ, 24 ਸਤੰਬਰ
ਹਰੀਨੀ ਅਮਰਸੂਰੀਆ ਨੇ ਅੱਜ ਸ੍ਰੀਲੰਕਾ ਦੀ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਇਸ ਦੇ ਨਾਲ ਹੀ ਉਹ ਸਾਲ 2000 ਵਿੱਚ ਸਿਰੀਮਾਵੋ ਭੰਡਾਰਨਾਇਕ ਮਗਰੋਂ ਇਸ ਅਹੁਦੇ ’ਤੇ ਪਹੁੰਚਣ ਵਾਲੀ ਦੂਸਰੀ ਮਹਿਲਾ ਆਗੂ ਬਣ ਗਈ ਹੈ। ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੀ 54 ਸਾਲਾ ਆਗੂ ਅਮਰਸੂਰਿਆ ਨੂੰ ਰਾਸ਼ਟਰਪਤੀ ਅਨੂਰਾ ਕੁਮਾਰਾ ਦਿਸਾਨਾਇਕੇ ਨੇ ਹਲਫ਼ ਦਿਵਾਇਆ। ਦਿਸਾਨਾਇਕੇ ਨੇ ਖੁਦ ਚਾਰ ਮੈਂਬਰਾਂ ਨੂੰ ਆਪਣੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਹੈ। ਅਮਰਸੂਰਿਆ ਨੂੰ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਤੇ ਤਕਨੀਕ, ਸਿਹਤ ਅਤੇ ਨਿਵੇਸ਼ ਮੰਤਰਾਲਿਆਂ ਦਾ ਚਾਰਜ ਸੌਂਪਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਵਰਧਨੇ ਦੀ ਥਾਂ ਲਈ ਹੈ, ਜਿਨ੍ਹਾਂ ਨੇ ਰਾਸ਼ਟਰਪਤੀ ਚੋਣ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਐੱਨਪੀਪੀ ਸੰਸਦ ਮੈਂਬਰਾਂ ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਰਨਾਚੀ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਉਹ ਸੰਸਦ ਭੰਗ ਹੋਣ ਮਗਰੋਂ ਕਾਰਜਕਾਰੀ ਕੈਬਨਿਟ ਮੰਤਰੀ ਵਜੋਂ ਕੰਮ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸੰਸਦੀ ਚੋਣਾਂ ਨਵੰਬਰ ਦੇ ਅਖ਼ੀਰ ਵਿੱਚ ਹੋ ਸਕਦੀਆਂ ਹਨ। ਰਾਸ਼ਟਰਪਤੀ ਚੋਣਾਂ ਜਿੱਤਣ ਮਗਰੋਂ ਦੀਸਾਨਾਇਕ ਐਤਵਾਰ ਨੂੰ ਸ੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਬਣੇ ਹਨ। -ਪੀਟੀਆਈ