For the best experience, open
https://m.punjabitribuneonline.com
on your mobile browser.
Advertisement

ਹਰਿ ਪ੍ਰਭਿ ਕਾਜੁ ਰਚਾਇਆ ਗੁਰਮੁਖਿ ਵੀਆਹਣਿ ਆਇਆ

06:13 AM Sep 20, 2023 IST
ਹਰਿ ਪ੍ਰਭਿ ਕਾਜੁ ਰਚਾਇਆ ਗੁਰਮੁਖਿ ਵੀਆਹਣਿ ਆਇਆ
Advertisement

ਦਲਬੀਰ ਸਿੰਘ ਸੱਖੋਵਾਲੀਆ

ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਈ ਨੂੰ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਸੁਲੱਖਣੀ ਨਾਲ ਹੋਇਆ ਸੀ। ਵਿਆਹ ਨੇਪਰੇ ਚਾੜ੍ਹਨ ਲਈ ਗੁਰੂੂ ਸਾਹਿਬ ਦੇ ਭਾਈਏ ਜੈ ਰਾਮ ਜੈਰਾਮ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਹੀ ਪਹਿਲਕਦਮੀ ਕਰਦੇ ਹੋਏ ਭਾਈ ਮੂਲ ਚੰਦ ਨਾਲ ਵਿਆਹ ਦੀ ਗੱਲ ਤੋਰੀ ਅਤੇ ਸਿਰੇ ਚਾੜ੍ਹੀ ਸੀ। ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਇ ਬੁਲਾਰ ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪਿਤਾ ਮਹਿਤਾ ਕਾਲੂ ਨੂੰ ਵਿਆਹ ਲਈ ਹਰ ਤਰ੍ਹਾਂ ਦਾ ਸਾਜ਼ੋ-ਸਾਮਾਨ ਦੇਣ ਲਈ ਪੇਸ਼ਕਸ਼ ਕੀਤੀ। ਇਸੇ ਤਰ੍ਹਾਂ ਜੈ ਰਾਮ ਨੇ ਜਦੋਂ ਸੁਲਤਾਨਪੁਰ (ਕਪੂਰਥਲਾ) ਦੇ ਨਵਾਬ ਦੌਲਤ ਖਾਨ ਕੋਲ ਗੁਰੂ ਜੀ ਦੇ ਹੋ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਹਾਥੀ, ਘੋੜੇ, ਰੱਥ ਤੇ ਹੋਰ ਸਾਮਾਨ ਦੇਣ ਲਈ ਹਾਮੀ ਭਰੀ। ਪਿੰਡ ਰਾਏ ਭੋਇ ਦੀ ਤਲਵੰਡੀ ਤੋਂ ਬਾਰਾਤ ਹਾਥੀ, ਘੋੜਿਆਂ, ਰੱਥਾਂ ’ਤੇ ਸਵਾਰ ਹੋ ਕੇ ਨਿਕਲੀ। ਬਾਰਾਤ ਨੇ ਖਡੂਰ (ਖਡੂਰ ਸਾਹਿਬ) ਵਿਖੇ ਰਾਤ ਠਹਿਰਾਅ ਕੀਤਾ। ਅਗਲੇ ਦਿਨ ਸੁਲਤਾਨਪੁਰ ਨੂੰ ਚਾਲੇ ਪਾਏ ਗਏ, ਜਿੱਥੇ ਕੁਝ ਦਿਨ ਰੁਕਣ ਤੋਂ ਬਾਅਦ ਬਾਰਾਤ ਫਿਰ ਬਟਾਲਾ ਪਹੁੰਚੀ। ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਨੇ ਅਗਨੀ ਦੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸੂਰਜ ਪ੍ਰਕਾਸ਼ ਅਨੁਸਾਰ ਪਾਂਧੇ ਹਰਦਿਆਲ ਨੇ ਬਟਾਲਾ ਤੋਂ ਥੋੜ੍ਹੀ ਦੂਰ ਪਿੰਡ ਚੋਣੇ ਦੇ ਪਾਂਧੇ ਨੂੰ ਸਮਝਾਇਆ ਕਿ ਗੁਰੂ ਜੀ ਨੇ ਪੁਰਾਤਨ ਰੀਤ ਅਨੁਸਾਰ ਵਿਆਹ ਨਹੀਂ ਰਚਾਉਣਾ। ਪਾਂਧੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਭਾਵੇਂ ਵੇਦ ਮੰਤਰ ਚਾਰੇ ਯੁੱਗਾਂ ਵਿੱਚ ਪਰਵਾਨ ਹਨ ਪਰ ਕਲਯੁੱਗ ਵਿੱਚ ਤਾਂ ਮੂਲ ਮੰਤਰ ਹੀ ਪ੍ਰਧਾਨ ਹੈ। ਗੁਰੂ ਜੀ ਨੇ ਉਸ ਸਮੇਂ ਕਾਗਜ਼ ਉਪਰ ਮੂਲ ਮੰਤਰ ਲਿਖ ਕੇ ਚੌਕੀ ਉਪਰ ਰੱਖ ਦਿੱਤਾ। ਇਸ ਦੇ ਇਰਧ-ਗਿਰਧ ਚਾਰ ਲਾਵਾਂ ਲਈਆਂ।
ਭਾਈ ਮੂਲ ਚੰਦ ਦੇ ਘਰ ਨੂੰ ਮੂਲੇ ਦਾ ਡੇਰਾ ਆਖਿਆ ਜਾਂਦਾ ਰਿਹਾ ਹੈ। ਉਂਜ ਉਸ ਦਾ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਹੈ। ਉਨ੍ਹਾਂ ਨੇ ਬਟਾਲਾ ਦੇ ਖੱਤਰੀ ਨਰਾਇਣ ਦਾਸ ਤੋਂ ਜ਼ਮੀਨ ਲੈ ਕੇ ਘਰ ਬਣਾਇਆ ਸੀ, ਜੋ ‘ਮੂਲੇ ਦਾ ਡੇਰਾ’ ਵੱਜੋਂ ਮਸ਼ਹੂਰ ਹੋਇਆ ਅਤੇ ਇੱਥੇ ਹੀ ਉਨ੍ਹਾਂ ਦੀ ਪਤਨੀ ਚੰਦੋਰਾਣੀ ਦੀ ਕੁੱਖੋਂ ਇੱਕ ਬੇਟੀ ਸੁਲੱਖਣੀ ਪੈਦਾ ਹੋਈ, ਜਿਸ ਦਾ ਵਿਆਹ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਭਾਈ ਸੰਤੋਖ ਸਿੰਘ ਦੀ ਲਿਖਤ ‘ਗੁਰੂ ਨਾਨਕ ਚਮਤਕਾਰ’ ਅਨੁਸਾਰ, ‘ਗੁਰੂ ਮਹਾਰਾਜ ਦੇ ਲਾਵਾਂ-ਫੇਰੇ ਭਾਈ ਮੂਲ ਚੰਦ-ਮਾਤਾ ਚੰਦੋਰਾਣੀ ਦੀ ਬੇਟੀ ਬੀਬੀ ਸੁਲੱਖਣੀ ਜੀ ਦੇ ਨਾਲ ਇਨ੍ਹਾਂ ਦੇ ਘਰ (14 ਭਾਦਰੋਂ ਸੰਮਤ 1544) ਭਾਦਰੋਂ ਸੁਦੀ ਸੱਤਵੀਂ (ਸਤੰਬਰ ਸੰਨ 1487) ਨੂੰ ਹੋਏ।’’ ਇਤਿਹਾਸ ਦੀ ਸਮਝ ਰੱਖਣ ਵਾਲੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਜਦੋਂ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਭਾਈ ਗੁਰਦਿੱਤਾ ਜੀ ਨੂੰ ਬਟਾਲਾ ਵਿੱਚ ਵਿਆਹੁਣ ਆਏ ਤਾਂ (ਮੌਜੂਦਾ ਗੁਰਦੁਆਰਾ ਸਤਕਰਤਾਰੀਆ) ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਕੁੜਮ ਨੂੰ ਨਾਲ ਲੈ ਕੇ ਉਸ ਸਥਾਨ ’ਤੇ ਗਏ, ਜਿੱਥੇ ਮੂਲ ਚੰਦ ਦਾ ਘਰ ਸੀ। ਛੇਵੇਂ ਗੁਰੂ ਜੀ ਨੇ ਪਹਿਲੀ ਪਾਤਸ਼ਾਹੀ ਵੱਲੋਂ ਲਾਵਾਂ ਲੈਣ ਵਾਲੇ ਸਥਾਨ ’ਤੇ ਥੜਾ ਬਣਵਾਇਆ। ਦੱਸਿਆ ਜਾਂਦਾ ਹੈ ਕਿ 1765 ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਬੋਲਬਾਲਾ ਹੋਇਆ ਤਾਂ ਜਿਸ ਸਥਾਨ ’ਤੇ ਲਾਵਾਂ ਹੋਈਆਂ, ਉਸ ਸਥਾਨ ਦਾ ਹੋਰ ਸੁਧਾਰ ਕੀਤਾ ਗਿਆ। ਹਰਪੁਰਾ ਅਨੁਸਾਰ ‘ਇੱਥੇ ‘ਥੜੇ ਵਾਲੀ ਜਗ੍ਹਾ’ ਦੀ ਪੁਰਾਤਨ ਇਮਾਰਤ ਬਹੁਤ ਛੋਟੀ ਜਿਹੀ ਹੋਣ ਨਾਲ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਮਰੇ ਦੇ ਚਾਰੇ ਦਰਵਾਜ਼ਿਆਂ ’ਤੇ ਸੰਗਮਰਮਰ ਦੀਆਂ ਚੁਗਾਠਾਂ ਤੇ ਪੱਤਰੇ ਲਾ ਕੇ ਉਨ੍ਹਾਂ ਉਪਰ ‘ਹਰਿ ਪ੍ਰਭਿ ਕਾਜੁ ਰਚਾਇਆ ਗੁਰਮੁਖਿ ਵੀਆਹਣਿ ਆਇਆ’ ਲਿਖਿਆ ਗਿਆ। ਇਸ ਦੀ ਪਹਿਲੀ ਆਧੁਨਿਕ ਦਿੱਖ ਮਹਾਰਾਜਾ ਸ਼ੇਰ ਸਿੰਘ ਨੇ 1837 ਤੋਂ 1840 ਤੱਕ ਬਣਵਾਈ। ਮੂਲੇ ਦੇ ਡੇਰੇ ਤੋਂ ਹੀ ਗੁਰਦੁਆਰਾ ਡੇਹਰਾ ਸਾਹਿਬ ਹੋਂਦ ’ਚ ਆਇਆ ਹੈ। ਉਂਜ ਗੁਰੂ ਜੀ ਦੀ ਬਾਰਾਤ ਇੱਥੋਂ ਥੋੜ੍ਹੀਂ ਹੀ ਦੂਰ ਇੱਕ ਸਥਾਨ ’ਤੇ ਬੈਠੀ, ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ।
ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪਹਿਲੀ ਵਾਰੀ ਮਨਾਉਣ ਲਈ ਅੰਮ੍ਰਿਤਸਰ ਤੋਂ ਸੰਗਤ ਰੇਲ ਰਾਹੀਂ ਬਟਾਲਾ ਪੁੱਜੀ ਸੀ। ਮਹੰਤ ਕੇਸਰਾ ਸਿੰਘ ਨੇ ਆਈ ਸੰਗਤ ਦਾ ਸਵਾਗਤ ਕੀਤਾ। ਜੰਝ ਨੂੰ ਸਟੇਸ਼ਨ ਨੇੜੇ ਮੁਹੱਲਾ ਦਾਰ-ਉਲ-ਇਸਲਾਮ ਦੇ ਬਾਹਰਵਾਰ ਉਤਾਰਿਆ ਗਿਆ। ਉਸ ਸਮੇੇਂ ਗੁਰਦੁਆਰਾ ਡੇਹਰਾ ਸਾਹਿਬ (ਬਟਾਲਾ) ਵਿਖੇ ਪਹੁੰਚਣ ’ਤੇ ਰਾਤ ਭਰ ਕੀਰਤਨ ਚੱਲਦਾ ਰਿਹਾ। ਇਹ ਗੱਲ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵਾਪਰੇ ਸਾਕੇ (1921) ਤੋਂ ਪਹਿਲਾਂ 1918-1919 ਦੀ ਹੈ।
ਬਟਾਲਾ ਵਿੱਚ ਗੁਰੂ ਸਾਹਿਬ ਦਾ ਵਿਆਹ ਪੁਰਬ ਹਰ ਸਾਲ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਵਿਆਹ ਪੁਰਬ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ‘ਗੁਰੂ ਜੀ ਦੀ ਬਾਰਾਤ ਲਈ’ ਸੰਗਤ ਇੱਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀ ਹੈ ਅਤੇ ਅਗਲੇ ਦਿਨ ਨਗਰ ਕੀਰਤਨ ਦੇ ਰੂਪ ਵਿੱਚ ਬਾਰਾਤ ਬਟਾਲਾ ਪਹੁੰਚਦੀ ਹੈ। ਬਟਾਲਾ ਅਤੇ ਆਸਪਾਸ ਦੇ ਪਿੰਡਾਂ, ਕਸਬਿਆਂ ਦੀ ਸੰਗਤ (ਸਹੁਰਾ ਪਰਿਵਾਰ ਵਜੋਂ) ਪੂਰੀ ਉਤਸੁਕਤਾ ਨਾਲ ਨਗਰ ਕੀਰਤਨ ਦਾ ਇੰਤਜ਼ਾਰ ਕਰਦੀ ਹੈ। ਇਸ ਦੌਰਾਨ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਚ ਵੱਡੀ ਗਿਣਤੀ ਸੰਗਤ ਨਤਮਸਤਕ ਹੁੰਦੀ ਹੈ। ਬਾਬੇ ਦੀ ਬਾਰਾਤ ਦਾ ਬਟਾਲਾ ਵਿਚ ਆਤਿਸ਼ਬਾਜ਼ੀ ਅਤੇ ਜੈਕਾਰਿਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਅਗਲੇ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਵੱਖ ਵੱਖ ਥਾਈਂ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ।
ਸੰਪਰਕ: 97794-79439

Advertisement

Advertisement
Advertisement
Author Image

joginder kumar

View all posts

Advertisement