ਹਰੀ ਨੌ ਕਤਲ ਕਾਂਡ: ਪੁਲੀਸ ਵੱਲੋਂ ਦੋਵੇਂ ਸ਼ੂਟਰ ਗ੍ਰਿਫ਼ਤਾਰ
ਜਸਵੰਤ ਜੱਸ/ਦਰਸ਼ਨ ਸਿੰਘ ਸੋਢੀ
ਫਰੀਦਕੋਟ/ਐੱਸਏਐੱਸ ਨਗਰ (ਮੁਹਾਲੀ), 10 ਨਵੰਬਰ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌ ਵਿੱਚ ਇੱਕ ਮਹੀਨਾ ਪਹਿਲਾਂ ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਾਂਡ ਵਿੱਚ ਕਥਿਤ ਤੌਰ ’ਤੇ ਸ਼ਾਮਿਲ ਦੋ ਸ਼ੂਟਰਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਖਰੜ ਤੋਂ ਗ੍ਰਿਫ਼ਤਾਰ ਕਰਕੇ ਫਰੀਦਕੋਟ ਪੁਲੀਸ ਹਵਾਲੇ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਅਤੇ ਅਨਮੋਲ ਪ੍ਰੀਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਇਨ੍ਹਾਂ ਕਥਿਤ ਤੌਰ ’ਤੇ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਅਤੇ ਇਨ੍ਹਾਂ ਦਾ ਸਬੰਧ ਅਰਸ਼ ਡਾਲਾ ਗੈਂਗ ਨਾਲ ਹੈ ਜੋ ਇਸ ਵੇਲੇ ਕੈਨੇਡਾ ਵਿੱਚ ਰਹਿ ਰਿਹਾ ਹੈ। ਇਸ ਤੋਂ ਪਹਿਲਾਂ ਪੁਲੀਸ ਬਿਲਾਲ ਅਹਿਮਦ, ਗੁਰਮਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗੁਰਪ੍ਰੀਤ ਹਰੀ ਨੌ ਦੇ ਕਤਲ ਕਾਂਡ ਪਿੱਛੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਕਥਿਤ ਸਾਜ਼ਿਸ਼ ਵੀ ਦੱਸੀ ਜਾ ਰਹੀ ਹੈ ਜੋ ਇਸ ਵੇਲੇ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਹੈ।
ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਇਲਾਕਾ ਮੈਜਿਸਟਰੇਟ ਨੇ ਦੋਹਾਂ ਮੁਲਜਮਾਂ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਫੜੇ ਗਏ ਸ਼ੂਟਰ ਹੋਰ ਵੀ ਕਤਲਾਂ ਵਿੱਚ ਸ਼ਾਮਿਲ ਹਨ ਅਤੇ ਇਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਅਪਰਾਧਾਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ। ਫੜੇ ਗਏ ਸ਼ੂਟਰਾਂ ਬਾਰੇ ਪੁਲੀਸ ਨੇ ਕੁਝ ਸਮਾਂ ਪਹਿਲਾਂ ਹੀ ਸਕੈੱਚ ਜਾਰੀ ਕੀਤੇ ਸਨ। ਇਨ੍ਹਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਨਾਲ ਇਸ ਕੇਸ ਵਿੱਚ ਸ਼ਾਮਿਲ ਬਾਕੀ ਮੁਲਜ਼ਮਾਂ ਦੇ ਫੜੇ ਜਾਣ ਦੀ ਵੀ ਸੰਭਾਵਨਾ ਬਣੀ ਹੈ। ਦੱਸਣਯੋਗ ਹੈ ਕਿ ਸਿੱਖ ਜਥੇਬੰਦੀਆਂ ਨੇ ਪੰਜਾਬ ਪੁਲੀਸ ਨੂੰ 15 ਨਵੰਬਰ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਅਤੇ ਫਰੀਦਕੋਟ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਤਿੰਨ ਮੁਲਜ਼ਮਾਂ ਨੂੰ ਖਰੜ ਨੇੜਿਓਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਪੰਜਾਬ ਪਰਤੇ ਸਨ ਅਤੇ ਖਰੜ ਨੇੜੇ ਪੁਲੀਸ ਦੇ ਕਾਬੂ ਆ ਗਏ। ਪੁਲੀਸ ਨੇ ਅਨਮੋਲਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਬਲਵੀਰ ਸਿੰਘ ਉਰਫ਼ ਕਾਲੂ, ਜੋ ਸ਼ੂਟਰ ਨਵਜੋਤ ਸਿੰਘ ਦਾ ਭਰਾ ਹੈ, ਨੂੰ ਵੀ ਅਪਰਾਧੀਆਂ ਦੀ ਮਦਦ ਕਰਨ ਅਤੇ ਅਪਰਾਧ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਹਥਿਆਰ, ਅਸਲਾ, ਨਕਦੀ ਤੇ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਹਨ।