ਹਰੀ ਬਾਬੂ ਕੰਭਮਪਤੀ ਨੇ ਉੜੀਸਾ ਦੇ ਰਾਜਪਾਲ ਵਜੋਂ ਸਹੁੰ ਚੁੱਕੀ
ਭੁਵਨੇਸ਼ਵਰ, 3 ਜਨਵਰੀ
ਹਰੀ ਬਾਬੂ ਕੰਭਮਪਤੀ ਨੇ ਸ਼ੁੱਕਰਵਾਰ ਨੂੰ ਇੱਥੇ ਰਾਜ ਭਵਨ ਵਿੱਚ ਇੱਕ ਸਮਾਗਮ ਦੌਰਾਨ ਉੜੀਸਾ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਉੜੀਸਾ ਹਾਈ ਕੋਰਟ ਦੇ ਚੀਫ਼ ਜਸਟਿਸ ਚੱਕਰਧਾਰੀ ਸ਼ਰਨ ਸਿੰਘ ਨੇ ਮੁੱਖ ਮੰਤਰੀ ਮੋਹਨ ਚਰਨ ਮਾਝੀ, ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ, ਰਾਜ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਭਾਜਪਾ ਨੇਤਾਵਾਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੰਭਮਪਤੀ ਨੂੰ ਅਹੁਦੇ ਦੀ ਸਹੁੰ ਚੁਕਾਈ। ਕੰਭਮਪਤੀ ਰਘੁਬਰ ਦਾਸ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਕੰਭਮਪਤੀ ਵੀਰਵਾਰ ਦੁਪਹਿਰ ਨੂੰ ਇੱਥੇ ਪਹੁੰਚੇ ਸਨ। ਹਵਾਈ ਅੱਡੇ 'ਤੇ ਉਤਰਨ ਤੋਂ ਤੁਰੰਤ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਰੀ ਦੇ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਲਈ ਗਏ। ਮਿਜ਼ੋਰਮ ਦੇ ਸਾਬਕਾ ਰਾਜਪਾਲ ਕੰਭਮਪਤੀ ਨੂੰ 24 ਦਸੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਡੀਸ਼ਾ ਦਾ ਰਾਜਪਾਲ ਨਿਯੁਕਤ ਕੀਤਾ ਸੀ। -ਪੀਟੀਆਈ