ਹੜ੍ਹ ਦੀ ਮਾਰ: ਕਿਸਾਨਾਂ ਨੂੰ ਹੁਣ ਝੰਡਾ ਰੋਗ ਨੇ ਝੰਭਿਆ
ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 5 ਅਗਸਤ
ਹੜ੍ਹਾਂ ਕਾਰਨ ਐਤਕੀਂ ਕਿਸਾਨਾਂ ਨੂੰ ਡਾਢੀ ਪ੍ਰੇਸ਼ਾਨ ਤੇ ਵਿੱਤੀ ਮਾਰ ਝੱਲਣੀ ਪਈ ਹੈ। ਸਨੌਰ ਹਲਕੇ ਦੇ ਪਿੰਡ ਚੂਹਟ ਵਿੱਚ ਹੜ੍ਹਾਂ ਦੀ ਭੇਟ ਚੜ੍ਹਨ ਮਗਰੋਂ ਦੁਬਾਰਾ ਲਾਏ ਝੋਨੇ ਦਾ ਇੱਕ ਏਕੜ ਹੁਣ ਝੰਡਾ ਰੋਗ ਦੀ ਲਪੇਟ ’ਚ ਆ ਗਿਆ ਹੈ, ਜਿਸ ਕਰਕੇ ਕਿਸਾਨ ਨੂੰ ਮਜਬੂਰਨ ਇਹ ਝੋਨਾ ਵਾਹੁਣਾ ਪਿਆ ਹੈ। ਇਹ ਰਕਬਾ ਕਿਸਾਨ ਨੇ 51 ਹਜ਼ਾਰ ਰੁਪਏ ਪ੍ਰਤੀ ਏਕੜ ਤਹਿਤ ਚਕੋਤੇ ’ਤੇ ਲਿਆ ਹੋਇਆ ਹੈ। ਚੂਹਟ ਵਾਸੀ ਹਰਬੰਸ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਕੋਲ 12 ਏਕੜ ਜ਼ਮੀਨ ਹੈ ਤੇ 10 ਏਕੜ ਜ਼ਮੀਨ ਉਨ੍ਹਾਂ ਚਕੋਤੇ ’ਤੇ ਲਈ ਹੈ, ਜਿਸ ’ਚ 23 ਜੂਨ ਨੂੰ ਝੋਨਾ ਲਾਇਆ ਗਿਆ ਸੀ। ਲਗਪਗ 15 ਕੁ ਦਿਨਾਂ ਮਗਰੋਂ ਹੜ੍ਹਾਂ ਦੀ ਮਾਰ ਕਾਰਨ ਇਹ ਝੋਨਾ ਡੁੱਬ ਗਿਆ ਤੇ ਦੁਬਾਰਾ ਝੋਨਾ ਲਾਇਆ ਗਿਆ, ਜਿਸ ਨੂੰਤੇ ਲਗਪਗ 5500 ਸੌ ਰੁਪਏ ਪ੍ਰਤੀ ਏਕੜ ਖਰਚ ਆਇਆ। ਪਨੀਰੀ ਆਦਿ ਦਾ ਖਰਚਾ ਵਾਧੂ ਹੋਇਆ। ਉਸ ਨੇ ਦੱਸਿਆ ਕਿ ਦੂਜੀ ਵਾਰ ਲਾਈ ਝੋਨੇ ਦੀ ਫ਼ਸਲ ਨੂੰ ਝੰਡਾ ਰੋਗ ਲੱਗਣ ਕਾਰਨ ਇਹ ਮੁੜ ਵਾਹੁਣਾ ਪਿਆ ਹੈ, ਜਿਸ ਮਗਰੋਂ ਭਲਕੇ ਉਹ ਤੀਸਰੀ ਵਾਰ ਉਹ ਖੇਤਾਂ ਵਿੱਚ ਝੋਨੇ ਦੀ ਲੁਆਈ ਕਰਵਾਏਗਾ। ਮੁੜ ਉਸ ਨੂੰ 4500 ਰੁਪਏ ਪ੍ਰਤੀ ਏਕੜ ਖਰਚਾ ਆਵੇਗਾ। ਕਿਸਾਨ ਨੇ ਖਦਸ਼ਾ ਜਤਾਇਆ ਕਿ ਜੇਕਰ ਇਸ ਵਾਰ ਵੀ ਝੋਨਾ ਰੋਗੀ ਹੋ ਗਿਆ ਤਾਂ ਉਸ ਦਾ ਪਰਿਵਾਰ ਡਾਢੇ ਸੰਕਟ ਹੇਠ ਆ ਜਾਵੇਗਾ।