ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਨੇ ਸਥਾਪਨਾ ਦਿਵਸ ਮਨਾਇਆ
ਚਰਨਜੀਤ ਸਿੰਘ ਢਿੱਲੋਂ/ਜਸਬੀਰ ਸ਼ੇਤਰਾ
ਜਗਰਾਉਂ, 21 ਅਕਤੂਬਰ
ਕਰੀਬ 115 ਵਰ੍ਹੇ ਪਹਿਲਾਂ ਲੜਕੀਆਂ ਨੂੰ ਉੱਚ-ਸਿੱਖਿਆ ਦੇਣ ਲਈ ਪਿੰਡ ਸਿੱਧਵਾਂ ਖੁਰਦ ’ਚ ਪਿੰਡ ਦੇ ਇੱਕ ਜਿੰਮੀਦਾਰ ਸਧਾਰਨ ਪਰਿਵਾਰ ਵੱਲੋਂ ਸਥਾਪਤ ਕੀਤੇ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦਾ ਸਥਾਪਨਾ ਦਿਵਸ ਮਨਾਇਆ ਗਿਆ। ਟਰੱਸਟ ਵੱਲੋਂ ਰੱਖੇ ਇਸ ਵਿਸ਼ੇਸ਼ ਸਮਾਗਮ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਖਾਸ ਮਹਿਮਾਨ ਵਜੋਂ ਪੁੱਜੇ ਅਤੇ ਸਦੀ ਪਹਿਲਾਂ ਲੜਕੀਆਂ ਲਈ ਉੱਚ-ਦਰਜੇ ਦੀ ਸੋਚ ਰੱਖਣ ਵਾਲੇ ਬਾਨੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਦੀ ਆਰੰਭਤਾ ਕਰਦਿਆਂ ਟਰੱਸਟ ਦੇ ਮੌਜੂਦਾ ਪ੍ਰਧਾਨ ਬੀਰਿੰਦਰ ਸਿੰਘ ਸਿੱਧੂ (ਸੇਵਾਮੁਕਤ ਡੀਜੀਪੀ) ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸਿੱਧਵਾਂ ਖੁਰਦ ਪੁੱਜਣ ’ਤੇ ਸਵਾਗਤ ਕੀਤਾ, ਜਿਸ ਉਪਰੰਤ ਟਰੱਸਟੀ ਪ੍ਰੀਤਮ ਸਿੰਘ ਜੌਹਲ, ਡਾ. ਜੀ.ਐੱਸ.ਗਰੇਵਾਲ ਤੇ ਸਾਥੀਆਂ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਭੇਟ ਕੀਤੇ। ਰਾਜਪਾਲ ਸ੍ਰੀ ਕਟਾਰੀਆ ਨੇ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੇ ਬਾਨੀਆਂ ਭਾਈ ਨਰੈਣ ਸਿੰਘ, ਬੇਬੇ ਰਾਮ ਕੌਰ, ਪਦਮ ਸ਼੍ਰੀ ਬੀਬੀ ਹਰਪ੍ਰਕਾਸ਼ ਕੌਰ ਸਾਬਕਾ ਵਿਧਾਇਕ ਅਤੇ ਬੀਬੀ ਅਤਰ ਕੌਰ ਦੀ ਸੋਚ ਨੂੰ ਸਲਾਮ ਕਰਦਿਆਂ ਆਖਿਆ ਕਿ ਪੜ੍ਹੀਆਂ-ਲਿਖੀਆਂ ਔਰਤਾਂ ਸਮਾਜ ’ਤੇ ਆਪਣਾ ਸਥਾਈ ਪ੍ਰਭਾਵ ਛੱਡਦੀਆਂ ਹਨ। ਉਨ੍ਹਾਂ ਆਖਿਆ ਕਿ ਸੰਨ 1909 ’ਚ ਇੱਕ ਤੂਤ ਦੇ ਦਰੱਖਤ ਹੇਠਾਂ ਸਿਰਫ਼ ਚਾਰ ਬੱਚੀਆਂ ਨਾਲ ਸ਼ੁਰੂ ਹੋਈ ਸੰਸਥਾ ਅੱਜ ਪੰਜ ਹਜ਼ਾਰ ਤੋਂ ਵੀ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਸਮਰੱਥਾ ਰੱਖਦੀ ਹੈ। ਸ੍ਰੀ ਕਟਾਰੀਆ ਨੇ ਔਰਤਾਂ ਲਈ ਆਪਣੀਆਂ ਪ੍ਰਾਪਤੀਆਂ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਔਰਤ ਵਰਗ ’ਚ ਬਹੁ-ਕਾਰਜ ਕਰਨ ਦੀ ਪੈਦਾਇਸ਼ੀ ਕਾਬਲੀਅਤ ਮੌਜੂਦ ਹੁੰਦੀ ਹੈ। ਸਮਾਗਮ ਦੇ ਅੰਤਿਮ ਪੜਾਅ ਦੌਰਾਨ ਸ੍ਰੀ ਕਟਾਰੀਆ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸਐੱਸਪੀ ਨਵਨੀਤ ਸਿੰਘ ਬੈਂਸ ਤੇ ਗਡਵਾਸੂ ਦੇ ਵੀਸੀ ਡਾ. ਜੇ. ਐੱਸ. ਗਿੱਲ ਹਾਜ਼ਰ ਸਨ।