For the best experience, open
https://m.punjabitribuneonline.com
on your mobile browser.
Advertisement

ਹਰਦਿਆਲ ਕੰਬੋਜ ਨੇ ਰਾਜਪੁਰਾ ਰੈਲੀ ਨੂੰ ਬਣਾਇਆ ਵੱਕਾਰ ਦਾ ਸਵਾਲ

09:04 AM Apr 19, 2024 IST
ਹਰਦਿਆਲ ਕੰਬੋਜ ਨੇ ਰਾਜਪੁਰਾ ਰੈਲੀ ਨੂੰ ਬਣਾਇਆ ਵੱਕਾਰ ਦਾ ਸਵਾਲ
ਹਰਦਿਆਲ ਸਿੰਘ ਕੰਬੋਜ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 18 ਅਪਰੈਲ
ਪਟਿਆਲਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੇ ਜਾਣ ਤੋਂ ਖਫ਼ਾ ਚੱਲ ਰਹੇ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ 20 ਅਪਰੈਲ ਨੂੰ ਰਾਜਪੁਰਾ ਦੇ ਮਹਿਫ਼ਿਲ ਪੈਲੇਸ ਵਿੱਚ ਰੱਖੀ ਗਈ ਟਕਸਾਲੀ ਕਾਂਗਰਸੀ ਵਰਕਰਾਂ ਦੀ ਰੈਲੀ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ। ਉਨ੍ਹਾਂ ਇਸ ਰੈਲੀ ਵਿੱਚ ਵੱਡਾ ਇਕੱਠ ਕਰਨ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਹਲਕੇ ਦੇ ਪਿੰਡਾਂ ਤੇ ਕਸਬਿਆਂ ਵਿੱਚੋਂ ਵਰਕਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਬੱਸਾਂ ਅਤੇ ਹੋਰ ਵਾਹਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਾਬਕਾ ਵਿਧਾਇਕ ਸ੍ਰੀ ਕੰਬੋਜ ਵੱਲੋਂ ਰੈਲੀ ਸਬੰਧੀ ਰਾਜਪੁਰਾ ਹਲਕੇ ਵਿੱਚ ਪਿੰਡ ਪੱਧਰ ’ਤੇ ਆਪਣੇ ਸਮਰਥਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇੱਕ-ਇੱਕ ਪਿੰਡ ਵਿੱਚ ਆਉਣ ਵਾਲੇ ਬੰਦਿਆਂ ਦੀ ਗਿਣਤੀ ਅਤੇ ਸਬੰਧਤ ਪਿੰਡ ਦੇ ਪਾਰਟੀ ਵਰਕਰਾਂ ਦੀ ਮੰਗ ਅਨੁਸਾਰ ਲੋੜੀਂਦਾ ਵਾਹਨ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਦੇ ਨੇੜਲੇ ਅਤੇ ਬਨੂੜ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਖਲੌਰ ਨੇ ਦੱਸਿਆ ਕਿ ਸ੍ਰੀ ਕੰਬੋਜ ਵੱਲੋਂ ਮੀਟਿੰਗ ਕਰਕੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਨੂੜ ਸ਼ਹਿਰ ਵਿੱਚੋਂ ਚਾਰ ਬੱਸਾਂ ਇਸ ਇਕੱਠ ਵਿੱਚ ਸ਼ਾਮਲ ਹੋਣਗੀਆਂ ਤੇ ਇਸ ਖੇਤਰ ਦੇ ਹਰ ਪਿੰਡ ਵਿੱਚੋਂ ਘੱਟੋ-ਘੱਟ 30 ਤੋਂ 50 ਪਾਰਟੀ ਵਰਕਰ ਰਾਜਪੁਰਾ ਰੈਲੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਇਕੱਠ ਵਿੱਚ ਦਸ ਹਜ਼ਾਰ ਤੋਂ ਵਧੇਰੇ ਟਕਸਾਲੀ ਕਾਂਗਰਸੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਸ੍ਰੀ ਕੰਬੋਜ ਵੱਲੋਂ ਲਏ ਜਾਣ ਵਾਲੇ ਹਰ ਫ਼ੈਸਲੇ ’ਤੇ ਉਹ ਫੁੱਲ ਚੜ੍ਹਾਉਣਗੇ।

Advertisement

ਰਾਜਾ ਵੜਿੰਗ ਵੀ ਰੈਲੀ ਵਿੱਚ ਕਰਨਗੇ ਸ਼ਿਰਕਤ: ਕੰਬੋਜ

ਰੈਲੀ ਦੇ ਪ੍ਰਬੰਧਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਰਾਜਪੁਰਾ ਰੈਲੀ ਲਈ ਸਮੁੱਚੇ ਲੋਕ ਸਭਾ ਹਲਕਾ ਪਟਿਆਲਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਇਕੱਠ ਵਿੱਚ ਸ਼ਾਮਲ ਹੋ ਕੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਸੁਣੇ ਜਾਣ ਲਈ ਕਿਹਾ ਗਿਆ ਸੀ ਤੇ ਉਹ ਵੀ ਇਸ ਰੈਲੀ ਵਿਚ ਪਹੁੰਚ ਰਹੇ ਹਨ। ਰੈਲੀ ਵਿਚ ਸਾਬਕਾ ਮੰਤਰੀ ਲਾਲ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਬਹੁਗਿਣਤੀ ਹਲਕਿਆਂ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲਾ ਫੈਸਲਾ ਲਿਆ ਜਾਵੇਗਾ।

Advertisement
Author Image

sukhwinder singh

View all posts

Advertisement
Advertisement
×