ਹਾਰਦਿਕ ਪਾਂਡਿਆ ਨਾਲ ਧੋਖਾਧੜੀ ਦੇੇ ਦੋਸ਼ ਹੇਠ ਮਤਰੇਆ ਭਰਾ ਗ੍ਰਿਫ਼ਤਾਰ
ਮੁੰਬਈ, 11 ਅਪਰੈਲ
ਮੁੰਬਈ ਪੁਲੀਸ ਨੇ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਹਾਰਦਿਕ ਅਤੇ ਉਸ ਦੇ ਭਰਾ ਕਰੁਣਾਲ ਪਾਂਡਿਆ ਨਾਲ ਪੌਲੀਮਰ ਕਾਰੋਬਾਰ ’ਚ 4 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਵੱਲੋਂ ਵੈਭਵ ਪਾਂਡਿਆ (37) ਨੂੰ ਭਰੋਸੇ ਦੀ ਅਪਰਾਧਕ ਉਲੰਘਣਾ, ਅਪਰਾਧਕ ਇਰਾਦੇ, ਅਪਰਾਧਕ ਸਾਜ਼ਿਸ਼, ਜਾਅਲਸਾਜ਼ੀ ਤੇ ਹੋਰ ਦੋਸ਼ਾਂ ਸਬੰਧੀ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਰਦਿਕ ਤੇ ਕਰੁਣਾਲ ਨੇ ਖਾਰ ਥਾਣੇ ’ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਨੇ ਕੇਸ ਈਓਡਬਲਿਊ ਕੋਲ ਤਬਦੀਲ ਕਰ ਦਿੱਤਾ।
ਅਧਿਕਾਰੀਆਂ ਨੇ ਕਿਹਾ, ‘‘ਕ੍ਰਿਕਟਰ ਭਰਾਵਾਂ (ਹਾਰਦਿਕ ਤੇ ਕਰੁਣਾਲ) ਨੇ ਆਪਣੇ ਮਤਰੇਏ ਭਰਾ ਨਾਲ ਭਾਈਵਾਲੀ ਤਹਿਤ ਮੁੰਬਈ ’ਚ ਇੱਕ ਕੰਪਨੀ ਸਥਾਪਤ ਕੀਤੀ ਸੀ ਅਤੇ 2021 ’ਚ ਪੌਲੀਮਰ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਹਿੱਸੇਦਾਰੀ ਦੀਆਂ ਸ਼ਰਤਾਂ ਮੁਤਾਬਕ ਦੋਵਾਂ ਭਰਾਵਾਂ ਨੇ 40-40 ਫ਼ੀਸਦ ਨਿਵੇਸ਼ ਕੀਤਾ ਸੀ ਜਦਕਿ ਵੈਭਵ ਨੇ 20 ਫ਼ੀਸਦ ਹਿੱਸਾ ਪਾਇਆ ਸੀ। ਉਨ੍ਹਾਂ ਤੈਅ ਕੀਤਾ ਸੀ ਕਿ ਵੈਭਵ ਕਾਰੋਬਾਰ ਸੰਭਾਲੇਗਾ ਅਤੇ ਮੁਨਾਫ਼ਾ ਬਰਾਬਰ ਵੰਡਿਆ ਜਾਵੇਗਾ।’’ ਉਨ੍ਹਾਂ ਦੱਸਿਆ, ‘‘ਵੈਭਵ ਨੇ ਕ੍ਰਿਕਟਰਾਂ ਨੂੰ ਦੱਸੇ ਬਿਨਾਂ ਇਸੇ ਕਾਰੋਬਾਰ ਸਬੰਧੀ ਇੱਕ ਹੋਰ ਕੰਪਨੀ ਬਣਾ ਲਈ ਅਤੇ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਭਾਈਵਾਲੀ ਸਮਝੌਤੇ ਦੀ ਉਲੰਘਣਾ ਕੀਤੀ।’’ ਅਧਿਕਾਰੀਆਂ ਮੁਤਾਬਕ ਨਵੀਂ ਕੰਪਨੀ ਕਾਰਨ ਅਸਲ ਕੰਪਨੀ ਦਾ ਮੁਨਾਫ਼ਾ ਘਟ ਗਿਆ ਅਤੇ ਨਤੀਜੇ ਵਜੋਂ ਲਗਪਗ 3 ਕਰੋੜ ਦਾ ਘਾਟਾ ਪਿਆ। ਇਸ ਦੌਰਾਨ ਵੈਭਵ ਨੇ ਆਪਣਾ ਮੁਨਾਫ਼ਾ 20 ਤੋਂ 33 ਫ਼ੀਸਦ ਵਧਾ ਲਿਆ ਅਤੇ ਇਸ ਕਾਰਨ ਹਾਰਦਿਕ ਪਾਂਡਿਆ ਤੇ ਉਸ ਦੇ ਭਰਾ ਨੂੰ ਘਾਟਾ ਪਿਆ। ਵੈਭਵ ਨੇ ਸਾਂਝੇ ਵਿੱਚੋਂ ਲਗਪਗ 1 ਕਰੋੜ ਰੁਪਏ ਵੀ ਆਪਣੇ ਖਾਤੇ ’ਚ ਟਰਾਂਸਫਰ ਕਰ ਲਏ। ਜਦੋਂ ਕ੍ਰਿਕਟਰ ਭਰਾਵਾਂ ਨਾਲ ਉਸ ਦਾ ਸਾਹਮਣਾ ਹੋਇਆ ਤਾਂ ਉਸ ਨੇ ਦੋਵਾਂ ਨੂੰ ਉਨ੍ਹਾਂ ਦੀ ਸਾਖ ਵਿਗਾੜਨ ਦੀ ਧਮਕੀ ਦਿੱਤੀ। -ਪੀਟੀਆਈ