ਹਾਰਦਿਕ ਪਾਂਡਿਆ ਆਈਪੀਐੱਲ ਲਈ ਫਿੱਟ
ਨਵੀਂ ਦਿੱਲੀ, 19 ਮਾਰਚ
ਭਾਰਤ ਦੇ ਹਰਫ਼ਨਮੌਲਾ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਆਈਸੀਸੀ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੌਰਾਨ ਜਦੋਂ ਉਸ ਨੇ ਨਾਕਆਊਟ ਗੇੜ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਗਿੱਟੇ ਦੀ ਸੱਟ ਹੋਰ ਵੀ ਗੰਭੀਰ ਹੋ ਗਈ। ਪੰਡਿਆ ਹੁਣ ਸੱਟ ਤੋਂ ਉੱਭਰ ਆਇਆ ਹੈ ਅਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਈਪੀਐੱਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।
ਪੁਣੇ ਵਿੱਚ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਮੁਕਾਬਲੇ ਦੌਰਾਨ ਗੇਂਦਬਾਜ਼ੀ ਕਰਦਿਆਂ ਪੰਡਿਆ ਦੇ ਗਿੱਟੇ ’ਤੇ ਸੱਟ ਲੱਗ ਗਈ ਸੀ। ਉਸ ਨੇ ਜਦੋਂ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਮੁੜ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੱਟ ਹੋਰ ਵੀ ਗੰਭੀਰ ਹੋ ਗਈ। ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ਲਈ ਪਾਂਡਿਆ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਵਾਰ ਵੀ ਉਹ ਟੀਮ ਲਈ ਅਹਿਮ ਹੋ ਸਕਦਾ ਹੈ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਫਿੱਟ ਹੈ ਅਤੇ ਉਹ ਆਈਪੀਐੱਲ ਵਿੱਚ ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ਵੀ ਕਰਨਾ ਚਾਹੁੰਦਾ ਹੈ। -ਪੀਟੀਆਈ