ਹੜ੍ਹ: ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਦੇ ਕਈ ਪਿੰਡ ਖਾਲੀ
* ਫਿਰੋਜ਼ਪੁਰ ਦੇ ਮੱਲਾਂਵਾਲਾ ਵਿੱਚ ਪਾਣੀ ’ਚ ਰੁੜ੍ਹੇ ਇਕ ਬੱਚੇ ਨੂੰ ਬਚਾਇਆ, ਦੂਜੇ ਦੀ ਭਾਲ ਜਾਰੀ
* ਜ਼ਿਲ੍ਹੇ ਵਿੱਚ 26 ਤੱਕ ਸਕੂਲਾਂ ’ਚ ਛੁੱਟੀਆਂ ਐਲਾਨੀਆਂ
* ਭਾਖੜਾ ਤੇ ਪੌਂਗ ਡੈਮਾਂ ’ਚ ਪਾਣੀ ਦਾ ਪੱਧਰ ਘਟਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 18 ਅਗਸਤ
ਸਤਲੁਜ ਤੇ ਬਿਆਸ ਦਰਿਆਵਾਂ ਨੇ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਮਾਰ ਕੀਤੀ ਹੈ। ਹੜ੍ਹ ਦੇ ਪਾਣੀ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਪਿੰਡਾਂ ਦੇ ਪਿੰਡ ਖ਼ਾਲੀ ਕਰ ਦਿੱਤੇ ਹਨ। ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ 26 ਅਗਸਤ ਤੱਕ ਸਕੂਲਾਂ ਵਿਚ ਛੁੱਟੀਆਂ ਐਲਾਨ ਦਿੱਤੀਆਂ ਹਨ। ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਰੀਬ ਢਾਈ ਦਰਜਨ ਹੋਰ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਇਸ ਵੇਲੇ ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਤੋਂ ਮੁੜ ਪ੍ਰਭਾਵਿਤ ਹੋਏ ਹਨ। ਭਾਖੜਾ ਤੇ ਪੌਂਗ ਡੈਮਾਂ ਵਿੱਚੋਂ ਛੱਡੇ ਜਾ ਰਹੇ ਪਾਣੀ ’ਚ ਲਗਾਤਾਰ ਕਟੌਤੀ ਕੀਤੀ ਜਾਣ ਲੱਗੀ ਹੈ, ਪਰ ਪਹਿਲਾਂ ਛੱਡੇ ਪਾਣੀ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਭ ਤੋਂ ਵੱਡਾ ਨੁਕਸਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਦੇਖਣ ਨੂੰ ਮਿਲਿਆ ਹੈ, ਜਿੱਥੇ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਲਾਗੇ ਦਰਿਆ ਦੇ ਪਾਣੀ ਵਿਚ ਦੋ ਬੱਚੇ ਰੁੜ੍ਹ ਗਏ, ਜਿਸ ’ਚੋਂ ਇੱਕ ਬੱਚੇ ਪਰਮਿੰਦਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਨੂੰ ਬਚਾਅ ਲਿਆ ਗਿਆ ਹੈ ਜਦੋਂ ਕਿ ਪਿੰਡ ਫੱਤੇਵਾਲਾ ਦੇ ਹਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਜ਼ਿਲ੍ਹੇ ਵਿਚ ਇੱਕ ਕਿਸਾਨ ਨੂੰ ਤਿੰਨ ਘੰਟੇ ਮਗਰੋਂ ਪ੍ਰਸ਼ਾਸਨ ਸੁਰੱਖਿਅਤ ਕੱਢਣ ਵਿਚ ਫ਼ਸਲ ਹੋਇਆ ਹੈ ਅਤੇ ਇਸ ਕਿਸਾਨ ਨੇ ਕਰੀਬ ਤਿੰਨ ਘੰਟੇ ਇੱਕ ਦਰੱਖਤ ਨੂੰ ਜੱਫਾ ਪਾ ਕੇ ਆਪਣੇ ਆਪ ਨੂੰ ਰੁੜ੍ਹਨ ਤੋਂ ਬਚਾਈ ਰੱਖਿਆ।
ਹਰੀਕੇ ਹੈੱਡ ਵਰਕਸ ’ਤੇ ਹੁਣ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਇਕੱਠਾ ਹੋ ਗਿਆ ਹੈ ਜੋ ਕਿ 2.85 ਲੱਖ ਕਿਊਸਿਕ ਹੋ ਗਿਆ ਹੈ। ਦੋਵਾਂ ਦਰਿਆਵਾਂ ਦੇ ਪਾਣੀ ਨੇ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਪਿੰਡਾਂ ਦੇ ਪਿੰਡ ਖ਼ਾਲੀ ਕਰ ਦਿੱਤੇ ਹਨ। ਇਸ ਜ਼ਿਲ੍ਹੇ ਵਿਚ ਇੱਕ ਪੁਲ ਵੀ ਨੁਕਸਾਨਿਆ ਗਿਆ ਹੈ ਅਤੇ ਸੜਕਾਂ ਟੁੱਟ ਗਈਆਂ ਹਨ। ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ ਡੇਢ ਦਰਜਨ ਸਕੂਲਾਂ ਵਿਚ 26 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਸਕੂਲਾਂ ਦੀਆਂ ਇਮਾਰਤਾਂ ਵਿਚ ਵੀ ਪਾਣੀ ਭਰ ਗਿਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ 49 ਪਿੰਡ ਪਾਣੀ ਵਿਚ ਘਿਰ ਗਏ ਹਨ।
ਹਰੀਕੇ ਹੈੱਡ ਵਰਕਸ ਤੋਂ ਪਾਣੀ ਅੱਗੇ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ ਦੋ ਪੁਲ ਅਤੇ ਚਾਰ ਸੜਕਾਂ ਦਾ ਹੜ੍ਹਾਂ ਕਾਰਨ ਨੁਕਸਾਨ ਹੋ ਗਿਆ ਹੈ ਅਤੇ ਇਸ ਜ਼ਿਲ੍ਹੇ ਵਿਚ ਹੁਣ ਕਰੀਬ 100 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਵਿਚ ਕਿਧਰੇ ਵੀ ਫ਼ਸਲਾਂ ਦਾ ਨਾਮੋ-ਨਿਸ਼ਾਨ ਨਹੀਂ ਬਚਿਆ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ਵਿਚ ਪਾਣੀ ਦੀ ਮਾਰ ਜਿਉਂ ਦੀ ਤਿਉਂ ਬਣੀ ਹੋਈ ਹੈ। ਭਾਰਤੀ ਸੈਨਾ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਲਿਜਾਣ ਲਈ ਰਾਹਤ ਕਾਰਜ ਜਾਰੀ ਹਨ। ਗੁਰਦਾਸਪੁਰ ਜ਼ਿਲ੍ਹੇ ਵਿਚ ਕਰੀਬ 30 ਪਸ਼ੂ ਵੀ ਹੜ੍ਹਾਂ ਵਿਚ ਮਾਰੇ ਗਏ ਹਨ। ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਰੀਬ ਢਾਈ ਦਰਜਨ ਹੋਰ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਪੰਜਾਬ ਵਿਚ ਮੀਂਹ ਤੋਂ ਭਾਵੇਂ ਬਚਾਅ ਹੈ, ਪਰ ਪਹਾੜਾਂ ਦੇ ਪਾਣੀ ਨੇ ਹੀ ਮੈਦਾਨਾਂ ਵਿਚ ਤਰਥੱਲੀ ਮਚਾ ਰੱਖੀ ਹੈ। ਪੌਂਗ ਡੈਮ ਵਿਚ ਪਾਣੀ ਘੱਟ ਕੇ 1393.73 ਫੁੱਟ ਦੇ ਪੱਧਰ ’ਤੇ ਆ ਗਿਆ ਹੈ। ਡੈਮ ਵਿਚ ਪਹਾੜਾਂ ’ਚੋਂ ਕਰੀਬ 47082 ਕਿਊਸਿਕ ਪਾਣੀ ਹੋਰ ਆ ਰਿਹਾ ਹੈ ਜਦੋਂ ਕਿ ਅੱਗੇ 80 ਹਜ਼ਾਰ ਕਿਊਸਿਕ ਪਾਣੀ ਹੀ ਹੇਠਾਂ ਛੱਡਿਆ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਇਹ ਇੱਕ ਲੱਖ ਕਿਊਸਿਕ ਸੀ। ਪੌਂਗ ਡੈਮ ’ਚੋਂ ਲਗਾਤਾਰ ਪਾਣੀ ਛੱਡਣ ਵਿਚ ਕਟੌਤੀ ਹੋ ਰਹੀ ਹੈ। ਪੌਂਗ ਡੈਮ ਨੂੰ 1390 ਫੁੱਟ ਤੱਕ ਲਿਜਾਣ ਦਾ ਟੀਚਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਹੁਣ ਘੱਟ ਕੇ 1674.94 ਫੁੱਟ ’ਤੇ ਆ ਗਿਆ ਹੈ। ਭਾਖੜਾ ਡੈਮ ’ਚੋਂ ਹੁਣ 58416 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ ਅਤੇ ਕਰੀਬ 10 ਹਜ਼ਾਰ ਕਿਊਸਿਕ ਪਾਣੀ ਘਟਾਇਆ ਗਿਆ ਹੈ।
ਭਾਖੜਾ ਡੈਮ ਵਿਚ ਉਪਰੋਂ 30 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਂਦੇ 24 ਤੋਂ 48 ਘੰਟੇ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਲਈ ਬੜੇ ਨਾਜ਼ੁਕ ਹਨ। ਰੋਪੜ ਜ਼ਿਲ੍ਹੇ ਵਿਚ ਪਾਣੀ ਕੁਝ ਘਟਿਆ ਹੈ। ਉਂਜ, ਡਿਪਟੀ ਕਮਿਸ਼ਨਰ ਰੋਪੜ ਨੇ ਜ਼ਿਲ੍ਹੇ ਦੇ 15 ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ 19 ਅਗਸਤ ਦੀ ਛੁੱਟੀ ਕਰ ਦਿੱਤੀ ਹੈ। ਦੂਸਰੀ ਤਰਫ਼ ਘੱਗਰ ਦਾ ਪਾਣੀ ਵੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਖ਼ਾਸ ਤੌਰ ’ਤੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਨੇ ਸੁੱਖ ਦਾ ਸਾਹ ਲਿਆ ਹੈ।
ਫ਼ਸਲੀ ਪੈਦਾਵਾਰ ਘਟਣ ਦਾ ਖ਼ਦਸ਼ਾ
ਪੰਜਾਬ ਵਿਚ ਫ਼ਸਲੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਖ਼ਾਸ ਕਰਕੇ ਝੋਨੇ ਦੀ ਪੈਦਾਵਾਰ ਵਿਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਬਾਸਮਤੀ ਦੇ ਰਕਬੇ ਨੂੰ ਵੀ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਹੈ। ਕੇਂਦਰੀ ਪੂਲ ਵਿਚ ਪੰਜਾਬ ਦਾ ਯੋਗਦਾਨ ਘਟਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖ਼ਾਸ ਕਰਕੇ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਰੋਪੜ, ਮੁਹਾਲੀ, ਪਟਿਆਲਾ, ਫ਼ਿਰੋਜ਼ਪੁਰ, ਤਰਨ ਤਾਰਨ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਪੈਦਾਵਾਰੀ ਟੀਚੇ ਡਗਮਗਾ ਸਕਦੇ ਹਨ।
ਕੇਂਦਰ ਨੇ ਨਹੀਂ ਮਾਰਿਆ ਹਾਅ ਦਾ ਨਾਅਰਾ
ਮਾਹਿਰਾਂ ਮੁਤਾਬਕ ਪੰਜਾਬ ਨੂੰ ਹੜ੍ਹਾਂ ਕਾਰਨ ਦੋ ਮਹੀਨਿਆਂ ਦੌਰਾਨ ਵੱਜੀ ਵਿੱਤੀ ਸੱਟ ਦੀ ਕਿਧਰੇ ਭਰਪਾਈ ਹੋਣੀ ਮੁਸ਼ਕਲ ਜਾਪਦੀ ਹੈ। ਬੇਸ਼ੱਕ ਕੇਂਦਰੀ ਟੀਮ ਨੇ ਪਹਿਲੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਸੀ, ਪਰ ਅਜੇ ਤੱਕ ਕੇਂਦਰ ਨੇ ਪੰਜਾਬ ਨੂੰ ਰਾਹਤ ਦੇਣ ਵਾਲੇ ਕਦਮ ਨਹੀਂ ਵਧਾਏ ਹਨ। ਦੂਸਰੇ ਸੂਬਿਆਂ ਵਿਚ ਆਏ ਹੜ੍ਹਾਂ ਦੌਰਾਨ ਕੇਂਦਰ ਸਰਕਾਰ ਨੇ ਹੈਲੀਕਾਪਟਰ ਸੇਵਾ ਵੀ ਦਿੱਤੀ ਸੀ, ਪਰ ਪੰਜਾਬ ਨੂੰ ਕੇਂਦਰ ਤਰਫ਼ੋਂ ਅਜਿਹੀ ਮਦਦ ਨਹੀਂ ਮਿਲੀ ਹੈ। ਕਿਸੇ ਵੀ ਕੇਂਦਰੀ ਆਗੂ ਨੇ ਪੰਜਾਬ ਵਿਚ ਹੋਏ ਨੁਕਸਾਨ ਬਾਰੇ ‘ਹਾਅ ਦਾ ਨਾਅਰਾ’ ਨਹੀਂ ਮਾਰਿਆ।
ਹੜ੍ਹਾਂ, ਢਿੱਗਾਂ ਡਿੱਗਣ ਤੇ ਅਸਮਾਨੀ ਬਿਜਲੀ ਕਰਕੇ 2038 ਮੌਤਾਂ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਅੰਕੜਿਆਂ ਮੁਤਾਬਕ ਇਸ ਸਾਲ ਪਹਿਲੀ ਅਪਰੈਲ ਤੋਂ ਹੁਣ ਤੱਕ ਹੜ੍ਹਾਂ, ਜ਼ਮੀਨ ਖਿਸਕਣ ਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 2038 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਸਭ ਤੋਂ ਵੱਧ 518 ਮੌਤਾਂ ਬਿਹਾਰ ਤੇ 330 ਹਿਮਾਚਲ ਪ੍ਰਦੇਸ਼ ਤੋਂ ਰਿਪੋਰਟ ਹੋਈਆਂ ਹਨ। ਡੇਟਾ ਮੁਤਾਬਕ ਪਹਿਲੀ ਅਪਰੈਲ ਤੋਂ 17 ਅਗਸਤ ਤੱਕ ਮੀਂਹ ਤੇ ਹੜ੍ਹਾਂ ਦੌਰਾਨ 101 ਵਿਅਕਤੀ ਲਾਪਤਾ ਹੋ ਗਏ ਤੇ 1584 ਨੂੰ ਸੱਟਾਂ ਫੇਟਾਂ ਲੱਗੀਆਂ। ਮੀਂਹ, ਢਿੱਗਾਂ ਡਿੱਗਣ ਤੇ ਅਸਮਾਨੀ ਬਿਜਲੀ ਕਰਕੇ 335 ਜ਼ਿਲ੍ਹੇ ਅਸਰਅੰਦਾਜ਼ ਹੋਏ। ਇਨ੍ਹਾਂ ਵਿਚੋਂ 40 ਮੱਧ ਪ੍ਰਦੇਸ਼, 30 ਅਸਾਮ, 27 ਯੂਪੀ, 12 ਹਿਮਾਚਲ ਤੇ ਸੱਤ ਜ਼ਿਲ੍ਹੇ ਉੱਤਰਾਖੰਡ ਦੇ ਸ਼ਾਮਲ ਹਨ।