ਹੜ੍ਹ ਦੀ ਮਾਰ: ਓਮ ਪ੍ਰਕਾਸ਼ ਚੌਟਾਲਾ ਨੇ ਖੱਟਰ ਸਰਕਾਰ ਘੇਰੀ
ਗੁਰਦੀਪ ਸਿੰਘ ਭੱਟੀ
ਟੋਹਾਣਾ, 22 ਜੁਲਾਈ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਘੱਗਰ ਦੀ ਮਾਰ ਹੇਠ ਆਏ ਜਾਖਲ ਬਲਾਕ ਦੇ ਪਿੰਡਾਂ ਵਿੱਚ ਲੋਕਾਂ ਦੀ ਸਾਰ ਲਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੱਤਾ ਧੀਰ ਦੇ ਆਗੂਆਂ ਦੀ ਬਜਾਏ ਸਮਾਜ ਸੇਵੀ ਲੋਕਾਂ ਨੇ ਹੀ ਪੀੜਤਾਂ ਦੀ ਬਾਂਹ ਫੜੀ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਪਿੰਡ ਮਾਮੂਪੁਰ, ਤਲਵਾੜਾ, ਤਲਵਾੜੀ, ਸਿਧਾਨੀ, ਚਾਂਦਪੁਰਾ ਤੇ ਜਾਖਲ ਵਿੱਚ ਪੈਂਦੇ ਹੋਰ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ, ਪਰ ਮੰਤਰੀ ਜਾਂ ਅਧਿਕਾਰੀ ਨਜ਼ਰ ਨਹੀਂ ਆ ਰਹੇ। ਬੰਨ੍ਹ ਟੁੱਟਣ ਬਾਰੇ ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਜੇਬ੍ਹਾਂ ਭਰਨ ਵਿੱਚ ਮਸਤ ਹੈ। ਸਮੇਂ ਰਹਿੰਦੇ ਬੰਨ੍ਹਾਂ ਦੀ ਮੁਰੰਮਤ ਕੀਤੀ ਹੁੰਦੀ ਤਾਂ ਹੜ੍ਹ ਨਾ ਆਉਂਦਾ। ਉਨ੍ਹਾਂ ਕਿਹਾ ਕਿ ਸਰਕਾਰ ਰਾਹਤ ਕੰਮਾਂ ਵਿੱਚ ਅਸਫ਼ਲ ਰਹੀ। ਚੌਟਾਲਾ ਨੇ ਕਿਹਾ ਕਿ ਕਿਸਾਨ ਦਾ ਹੁਣ ਤਕ 50 ਹਜ਼ਾਰ ਪ੍ਰਤੀ ਏਕੜ ਨੁਕਸਾਨ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਨਾ ਕਰਨ ਕਰਕੇ ਲੋਕ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਹੜ੍ਹ ਪੀੜਤਾਂ ਨਾਲ ਤਸਵੀਰਾਂ ਖਿਚਵਾਉਣ ਤਕ ਸੀਮਤ ਹੈ। ਹੜ੍ਹ ਪੀੜਤਾ ਦੀ ਮਦਦ ਤਾਂ ਦੁੂਰ ਬੁਢਾਪਾ ਪੈਨਸ਼ਨ ਰੋਕ ਲਈ ਹੈ। ਜਾਖਲ ਦੀ ਮਾਸਟਰ ਕਲੋਨੀ ਦੇ ਪਰਿਵਾਰਾ ਨੂੰ ਵਿਸ਼ੇਸ਼ ਤੌਰ ’ਤੇ ਮਿਲਣ ਪੁੱਜੇ ਉਨ੍ਹਾਂ ਦੋਸ਼ ਲਾਇਆ ਕਿ ਮਾਸਟਰ ਕਲੋਨੀ ਨੂੰ ਡੁਬੋਣ ਲਈ ਸਾਜਿਸ਼ ਰਚੀ ਗਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਹਲਕਾ ਪ੍ਰਧਾਨ ਹਰੀ ਸਿੰਘ ਡਾਂਗਰਾ, ਮੱਖਣ ਸਿੰਘ ਚਾਂਦਪੁਰਾ ਤੇ ਹੋਰ ਵਰਕਰ ਮੌਜੂਦ ਸਨ।