ਹੜ੍ਹ ਦੀ ਮਾਰ: ਸਿਹਤ ਮੰਤਰੀ ਤੋਂ ਬਾਅਦ ਆਈਐੱਮਏ ਵੱਲੋਂ 21 ਲੱਖ ਦੀ ਮਦਦ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਸਿਹਤ ਮੰਤਰੀ ਡਾ.ਬਲਬੀਰ ਸਿੰਘ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦੇਣ ਤੋਂ ਬਾਅਦ ਹੋਰ ਡਾਕਟਰਾਂ ਨੇ ਵੀ ਵੱਡਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਆਈਐਮਏ ਵੱਲੋਂ ਵੀ ਸੂਬਾਈ ਪ੍ਰਧਾਨ ਡਾ. ਭਗਵੰਤ ਸਿੰਘ, ਡਾ.ਸੁਧੀਰ ਵਰਮਾ ਦੀ ਅਗਵਾਈ ਹੇਠ ਇਸ ਕਾਰਜ ਲਈ ਵੱਖਰੇ ਤੌਰ ’ਤੇ 21 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਐਮਏ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਭਰ ’ਚ ਕਈ ਐਂਬੂਲੈਂਸਾਂ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਵੱਖ ਵੱਖ ਥਾਵਾਂ ’ਤੇ ਕੈਂਪ ਲਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਹੜ੍ਹਾਂ ਦਾ ਪਾਣੀ ਉਤਰਨ ਮਗਰੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਵੱਡਾ ਮਿਸ਼ਨ ਹੈ ਜਿਸ ਦੇ ਚੱਲਦਿਆਂ ਸਿਹਤ ਵਿਭਾਗ ਦਾ ਅਮਲਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਨੇ ਵੀ ਪੀਣ ਵਾਲੇ ਪਾਣੀ ’ਚ ਪਾਉਣ ਲਈ ਕਲੋਰੀਨ ਦੀਆਂ 50 ਲੱਖ ਗੋਲੀਆਂ ਦਿੱਤੀਆਂ ਹਨ। ਇਸ ਦੌਰਾਨ ਹੀ ਐਸ.ਆਰ ਗਰਗ ਵੱਲੋਂ ਇਕੱਲਿਆਂ ਵੱਲੋਂ ਹੀ ਅਜਿਹੀਆਂ ਪੰਜ ਲੱਖ ਗੋਲੀਆਂ ਦਿੱਤੀਆਂ ਗਈਆਂ ਹਨ। ਉਧਰ ਪਟਿਆਲਾ ਦੇ ਸਿਵਲ ਸਰਜਨ ਡਾ. ਰਾਮਿੰਦਰ ਕੌਰ ਨੇ ਦੱਸਿਆ ਕਿ ਆਈਐਮਏ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਿਲ੍ਹਾ ਸਿਹਤ ਵਿਭਾਗ ਨੂੰ ਵੀ ਦੋ ਲੱਖ ਰੁਪਏ ਦੀਆਂ ਦਵਾਈਆਂ ਦਿੱਤੀਆਂ ਹਨ। ਇਸੇ ਦੌਰਾਨ ਡਾ.ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।