ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਉਸਤਾਦ ਹਰਬੰਸ ਸਿੰਘ ਨੰਗਲ

06:17 AM Jul 01, 2023 IST
ਖੱਬੇ ਤੋਂ: ਹਰਬੰਸ ਸਿੰਘ, ਜਰਨੈਲ ਸਿੰਘ (ਤੂੰਬਾ), ਪਿੱਛੇ ਜਗਨ ਨਾਥ (ਅਲਗੋਜ਼ਾ ਵਾਦਕ)।

ਹਰਦਿਆਲ ਸਿੰਘ ਥੂਹੀ

ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਖੇਤਰ ਵਿਚ ਉਸਤਾਦ ਗਮੰਤਰੀ ਕਾਕੇ ਰਾਵਾਂ ਖੇਲਾ ਵਾਲੇ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਾਕੇ ਦੀ ਵਿਰਾਸਤ ਨੂੰ ਉਸ ਦੇ ਮੁੰਡੇ ਦਰਸ਼ਨ ਨੇ ਸੰਭਾਲਿਆ ਅਤੇ ਬਹੁਤ ਸਾਰੇ ਸ਼ਾਗਿਰਦਾਂ ਨੂੰ ਇਸ ਕਲਾ ਨਾਲ ਜੋੜਿਆ। ਇਸ ਪਰੰਪਰਾ ਨੂੰ ਅੱਗੇ ਤੋਰਿਆ ਦਰਸ਼ਨ ਦੇ ਚਹੇਤੇ ਸ਼ਾਗਿਰਦ ਹਰਬੰਸ ਸਿੰਘ ਨੰਗਲ ਨੇ, ਜੋ ਉਸ ਦੀ ਵਿਰਾਸਤ ਦਾ ਵਾਰਿਸ ਬਣਿਆ।
ਹਰਬੰਸ ਸਿੰਘ ਦਾ ਜਨਮ 1940 ਵਿੱਚ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿਖੇ ਪਿਤਾ ਬੂਟਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਹ ਜਾਤ ਦਾ ਧਾਲੀਵਾਲ ਜੱਟ ਸੀ। ਪਰਿਵਾਰ ਦਾ ਜੱਦੀ ਪੁਸ਼ਤੀ ਕਿੱਤਾ ਖੇਤੀਬਾੜੀ ਸੀ ਤੇ ਸੰਗੀਤ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਹਰਬੰਸ ਸਿੰਘ ਨੇ ਛੇ ਜਮਾਤਾਂ ਤੱਕ ਸਕੂਲੀ ਪੜ੍ਹਾਈ ਕੀਤੀ। ਇਲਾਕੇ ਵਿਚ ਭਰਦੇ ਮੇਲਿਆਂ ’ਤੇ ਲੱਗਦੇ ਕਵੀਸ਼ਰਾਂ ਦੇ ਅਖਾੜਿਆਂ ਨੂੰ ਸੁਣ ਸੁਣ ਕੇ ਉਸ ਦਾ ਰੁਝਾਨ ਕਵੀਸ਼ਰੀ ਵੱਲ ਹੋ ਗਿਆ। 12-13 ਸਾਲ ਦੀ ਉਮਰ ਵਿਚ ਉਹ ਪੜ੍ਹਾਈ ਵਿੱਚੇ ਛੱਡ ਕੇ ਕਵੀਸ਼ਰੀ ਸਿੱਖਣ ਲਈ ਪ੍ਰਸਿੱਧ ਕਵੀਸ਼ਰ ਸ਼ੇਰ ਸਿੰਘ ਸੰਦਲ ਤਖਤੂਪੁਰੇ ਵਾਲਿਆਂ ਦਾ ਸ਼ਾਗਿਰਦ ਬਣ ਗਿਆ। ਖੂਬ ਮਿਹਨਤ ਕਰਕੇ ਉਸਤਾਦ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਫਿਰ ਲਗਾਤਾਰ ਦਸ ਸਾਲ ਕਵੀਸ਼ਰੀ ਕੀਤੀ।
1962-63 ਦੀ ਗੱਲ ਹੈ ਕਿ ਤਖਤੂਪੁਰੇ ਦੇ ਮੇਲੇ ’ਤੇ ਕਵੀਸ਼ਰਾਂ ਦੇ ਨਾਲ ਨਾਲ ਦੂਸਰੇ ਗਮੰਤਰੀ ਵੀ ਆਏ ਹੋਏ ਸਨ। ਤੂੰਬੇ ਅਲਗੋਜ਼ਿਆਂ ਨਾਲ ਗਾਉਣ ਵਾਲੇ ਦਰਸ਼ਨ ਰਾਵਾਂ ਖੇਲਾ ਵਾਲੇ ਦਾ ਅਖਾੜਾ ਲੱਗਿਆ ਹੋਇਆ ਸੀ। ਇੱਥੇ ਤੂੰਬੇ ਅਤੇ ਜੋੜੀ ਦੀਆਂ ਸੁਰਾਂ ਨੇ ਹਰਬੰਸ ਨੂੰ ਐਸਾ ਕੀਲਿਆ ਕਿ ਆਪਣੇ ਨਾਲ ਹੀ ਜੋੜ ਲਿਆ। ਉਸ ਨੇ ਦਰਸ਼ਨ ਨੂੰ ਰਸਮੀ ਤੌਰ ’ਤੇ ਉਸਤਾਦੀ ਦੀ ਪੱਗ ਦੇ ਕੇ ਇਹ ‘ਗੌਣ’ ਸਿੱਖਣਾ ਸ਼ੁਰੂ ਕਰ ਦਿੱਤਾ। ਲਗਾਤਾਰ ਤੇਰਾਂ ਸਾਲ ਉਸਤਾਦ ਦੀ ਛਤਰ ਛਾਇਆ ਹੇਠ ਗਾਇਆ। ਉਸ ਸਮੇਂ ਇਸ ਜਥੇ ਵਿਚ ਉਸਤਾਦ ਦੀ ਅਗਵਾਈ ਅਧੀਨ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਅਦਾਲਤ ਚੱਕ ਦਾ ਈਸ਼ਰ ਤੂੰਬੇ ’ਤੇ ਅਤੇ ਨਵਾਂ ਸ਼ਹਿਰ ਦੇ ਨੇੜੇ ਬਲਾਚੌਰ ਦਾ ਜਗਨਾ ਜੋੜੀ ’ਤੇ ਸ਼ਾਮਲ ਸਨ। ਹਰਬੰਸ ਇਸ ਜਥੇ ਨਾਲ ਪਹਿਲਾਂ ਪਾਛੂ ਵਜੋਂ ਗਾਉਂਦਾ ਰਿਹਾ। ਕਦੇ ਕਦਾਈਂ ਉਸਤਾਦ ਉਸ ਨੂੰ ‘ਆਗੂ’ ਵਜੋਂ ਵੀ ਖੜ੍ਹਾ ਕਰ ਦਿੰਦਾ ਸੀ। ਅਖ਼ੀਰ 1975-76 ਵਿਚ ਉਸਤਾਦ ਨੇ ਜਥੇ ਦੀ
ਅਗਵਾਈ ਪੱਕੇ ਤੌਰ ’ਤੇ ਹਰਬੰਸ ਨੂੰ ਸੰਭਾਲ ਦਿੱਤੀ। ਉਦੋਂ ਤੋਂ ਹੀ ਹਰਬੰਸ ਨੇ ਆਪਣੇ ਜਥੇ ਦੀ ਅਗਵਾਈ ਲਗਾਤਾਰ ਕਈ ਦਹਾਕੇ ਕੀਤੀ।
ਹਰਬੰਸ ਸਿੰਘ ਦੇ ਜਥੇ ਵਿਚ ਪਹਿਲਾਂ ਜਗਨਾ ਅਤੇ ਈਸ਼ਰ ਹੀ ਲੰਬਾ ਸਮਾਂ ਸਾਥ ਨਿਭਾਉਂਦੇ ਰਹੇ। ਬਾਅਦ ਵਿਚ ਈਸ਼ਰ ਸਿੰਘ ਦੀ ਥਾਂ ਨਵਾਂ ਸ਼ਹਿਰ ਦੇ ਨੇੜਲੇ ਪਿੰਡ ਮੀਰ ਪੁਰ ਲੱਖਾ ਦਾ ਕਸ਼ਮੀਰਾ ਸ਼ਾਮਲ ਹੋ ਗਿਆ। ਫੇਰ ਸ਼ਾਦੀ ਖਾਂ ਮਾਲੇਰਕੋਟਲੇ ਵਾਲੇ ਨੇ ਵੀ ਕੁਝ ਸਮਾਂ ਤੂੰਬਾ ਵਜਾਇਆ। ਗਾਇਕੀ ਦੇ ਇਸ ਸਾਢੇ ਪੰਜ ਦਹਾਕਿਆਂ ਦੇ ਲੰਬੇ ਸਫ਼ਰ ਦੌਰਾਨ ਹਰਬੰਸ ਸਿੰਘ ਦੇ ਜਥੇ ਨੇ ਦੁਆਬੇ ਅਤੇ ਮਾਲਵੇ ਨੂੰ ਪੂਰੀ ਤਰ੍ਹਾਂ ਗਾਹਿਆ। ਮੇਲਿਆਂ ’ਤੇ ਅਖਾੜੇ ਲਾਏ। ਇਸ ਤੋਂ ਇਲਾਵਾ ਵਿਆਹ ਸ਼ਾਦੀ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਸਾਈਆਂ ਦੇ ਅਣਗਿਣਤ ਪ੍ਰੋਗਰਾਮ ਕੀਤੇ। ਉਹ ਇੱਕ ਸਾਈ ਦੇ ਪੰਜ ਤੋਂ ਛੇ ਹਜ਼ਾਰ ਤੱਕ ਲੈਂਦੇ ਸਨ। ਭਰਵੇਂ ਅਖਾੜੇ ਵਿਚ ਏਨਾ ਕੁ ਹੀ ਸਰੋਤਿਆਂ ਵੱਲੋਂ ਦਿੱਤੇ ਗਏ ਇਨਾਮਾਂ ਦਾ ਬਣ ਜਾਂਦਾ ਸੀ।
ਦੂਜੇ ਤੂੰਬੇ ਵਾਲਿਆਂ ਵਾਂਗ ਇਹ ਵੀ ਲੜੀਵਾਰ ਪ੍ਰਸੰਗ ਗਾਉਂਦੇ ਸਨ, ਜਿਸ ਨੂੰ ਇਹ ‘ਲੜੀ ਦਾ ਰਾਗ’ ਆਖਦੇ ਸਨ। ਹੀਰ, ਸੱਸੀ, ਸੋਹਣੀ, ਲੈਲਾ ਮਜਨੂੰ, ਢੋਲ ਸੰਮੀ, ਕੀਮਾ ਮਲਕੀ, ਮਿਰਜ਼ਾ, ਦੁੱਲਾ ਭੱਟੀ, ਜੈਮਲ ਫੱਤਾ, ਪੂਰਨ, ਕੌਲਾਂ, ਸ਼ਾਹ ਦਹੂਦ, ਸ਼ਾਹ ਬਹਿਰਾਮ ਆਦਿ ਲੜੀਵਾਰ ਪ੍ਰਸੰਗ ਉਸ ਨੂੰ ਜ਼ੁਬਾਨੀ ਯਾਦ ਸਨ। ਇੱਕ ਇੱਕ ਪ੍ਰਸੰਗ ਉਹ ਕਈ ਕਈ ਦਿਨ ਗਾਉਣ ਦੀ ਸਮਰੱਥਾ ਰੱਖਦਾ ਸੀ। ਲੜੀ ਦੇ ਰਾਗ ਤੋਂ ਇਲਾਵਾ ਉਹ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ‘ਰੰਗ’ ਵੀ ਪੇਸ਼ ਕਰਦੇ ਸਨ। ਹਰਬੰਸ ਸਿੰਘ ਦਾ ਪ੍ਰਸੰਗ ਵਿਖਿਆਨ ਢੰਗ ਬਹੁਤ ਪ੍ਰਭਾਵਸ਼ਾਲੀ ਸੀ। ਆਪਣੇ ਵਾਰਤਾਲਾਪ ਰਾਹੀਂ ਸ਼ਬਦਾਂ ਦੇ ਜਾਦੂ ਨਾਲ ਉਹ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ। ਸਰੋਤਿਆਂ ਨੂੰ ਘਟਨਾ ਵਾਲਾ ਦ੍ਰਿਸ਼ ਹੂਬਹੂ ਦਿਖਾਈ ਦੇਣ ਲੱਗ ਜਾਂਦਾ ਸੀ।
ਤਖਤੂਪੁਰੇ ਦੇ ਮੇਲੇ ’ਤੇ ਆਕਾਸ਼ਬਾਣੀ ਜਲੰਧਰ ਵਾਲਿਆਂ ਨੇ ਉਸ ਦੀ ਕੁਝ ਰਿਕਾਰਡਿੰਗ ਕੀਤੀ ਸੀ। ਜੋ ਕਦੀ ਕਦਾਈਂ ਪ੍ਰਸਾਰਿਤ ਕਰ ਦਿੰਦੇ ਹਨ। ਇੱਕ ਵਾਰੀ ਟੀ.ਵੀ. ਚੈਨਲ ‘ਚੈਨਲ ਪੰਜਾਬ’ ਵਾਲਿਆਂ ਨੇ ਵੀ ਬੁੱਕਣਵਾਲ ਵਿਖੇ ਉਸ ਦੇ ਪ੍ਰੋਗਰਾਮ ਨੂੰ ਰਿਕਾਰਡ ਕੀਤਾ ਸੀ, ਜੋ ਦੁਨੀਆ ਦੇ ਡੇਢ ਕੁ ਸੌ ਦੇਸਾਂ ਵਿਚ ਚੱਲਿਆ ਸੀ। ਹਰਬੰਸ ਸਿੰਘ ਦਾ ਵਿਆਹ ਚੜ੍ਹਦੀ ਉਮਰ ਵਿਚ ਹੋ ਗਿਆ ਸੀ। ਸੁਰਜੀਤ ਕੌਰ ਉਸ ਦੀ ਜੀਵਨ ਸਾਥਣ ਬਣੀ। ਉਸ ਦੇ ਤਿੰਨ ਮੁੰਡੇ ਹਨ, ਜਿਨ੍ਹਾਂ ਵਿਚੋਂ ਕੋਈ ਵੀ ਗਾਇਕੀ ਵੱਲ ਨਹੀਂ ਪਿਆ। ਉਹ ਕਹਿੰਦੇ ਹਨ, ‘‘ਇਹ ਤਾਂ ਬਹੁਤ ਮਿਹਨਤ ਵਾਲਾ ਕੰਮ ਹੈ, ਸਾਡੇ ਤੋਂ ਨ੍ਹੀਂ ਐਨਾ ਕੁਝ ਯਾਦ ਹੁੰਦਾ।’’ ਉਸ ਦਾ ਇਕੋ ਇੱਕ ਚੇਲਾ ਮਨਪ੍ਰੀਤ ਮੰਨਾ ਜਲਾਲ ਵਾਲਾ ਜ਼ਰੂਰ ਉਸ ਦੀ ਗਾਇਣ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੋਰ ਰਿਹਾ ਹੈ। ਅੱਸੀਆਂ ਸਾਲਾਂ ਦਾ ਹੋ ਕੇ ਵੀ ਉਸ ਦੀ ਆਵਾਜ਼ ਦਮਦਾਰ ਸੀ ਤੇ ਉਸ ਵਿਚ ਨੌਜਵਾਨਾਂ ਵਾਲਾ ਜੋਸ਼ ਸੀ। ਮਈ 2021 ਵਿਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਲਾਜ ਨਾਲ ਉਹ ਸੰਭਲ ਗਿਆ। ਪ੍ਰੋਗਰਾਮਾਂ ’ਤੇ ਵੀ ਜਾਣ ਲੱਗ ਗਿਆ, ਪਰ 29 ਜੁਲਾਈ ਨੂੰ ਰਾਤ ਨੂੰ ਰੋਟੀ ਪਾਣੀ ਖਾ ਕੇ ਸੁੱਤਾ ਤੇ ਸੁੱਤਾ ਹੀ ਰਹਿ ਗਿਆ। ਘਰਦਿਆਂ ਨੂੰ ਤਾਂ ਤੜਕੇ ਹੀ ਪਤਾ ਲੱਗਾ। ਇਸ ਤਰ੍ਹਾਂ ਇਸ ਗਾਇਕੀ ਦਾ ਇੱਕ ਅਧਿਆਏ ‘ਪੂਰਾ’ ਹੋ ਗਿਆ।
ਸੰਪਰਕ: 84271-00341

Advertisement

Advertisement
Tags :
ਉਸਤਾਦਅਲਗੋਜ਼ੇਸਿੰਘਹਰਬੰਸਗਾਇਕੀਤੂੰਬੇਤੂੰਬੇ ਅਲਗੋਜ਼ੇਨੰਗਲ