ਛੇੜਛਾੜ ਮਾਮਲਾ: ਵਿਦਿਆਰਥੀ ਯੂਨੀਅਨ ਵੱਲੋਂ ’ਵਰਸਿਟੀ ਪ੍ਰਸ਼ਾਸਨ ਨੂੰ ਅਲਟੀਮੇਟਮ
ਸਤਵਿੰਦਰ ਬਸਰਾ
ਲੁਧਿਆਣਾ, 6 ਅਗਸਤ
ਪੀਏਯੂ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ’ਚ ਸਬੰਧਤ ਅਧਿਆਪਕ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਵਾਉਣ ਲਈ ਪੀਏਯੂ ਵਿਦਿਆਰਥੀ ਯੂਨੀਅਨ ਨੇ ’ਵਰਸਿਟੀ ਪ੍ਰਸ਼ਾਸਨ ਨੂੰ 72 ਘੰਟੇ ਦਾ ਸਮਾਂ ਦਿੱਤਾ ਹੈ। ਅੱਜ ਪੀਏਯੂ ਵਿੱਚ ਕੀਤੀ ਮੀਟਿੰਗ ਦੌਰਾਨ ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਤੇ ਸਮੇਂ ਦੌਰਾਨ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਵਿਰੁੱਧ ਕਾਰਵਾਈ ਕਰਨੀ ਹੋਵੇ ਤਾਂ ਜਾਂਚ ਟੀਮ ਵੱਲੋਂ ਤੁਰੰਤ ਫੈਸਲਾ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ ਪਰ ਇੱਕ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਗੰਭੀਰ ਮਾਮਲੇ ਦੀ ਜਾਂਚ ਅਤੇ ਕਾਰਵਾਈ ਵਿੱਚ ਦੇਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਨੀਅਨ ਹਾਈ ਪਾਵਰ ਕਮੇਟੀ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਸ ਅਧਿਆਪਕ ਦਾ ਕਿਸੇ ਹੋਰ ਕੇਂਦਰ ਵਿੱਚ ਤਬਾਦਲਾ ਕਰਨਾ, ਪੜ੍ਹਾਉਣ ’ਤੇ ਪਾਬੰਦੀ ਲਗਾਉਣੀ ਆਦਿ ਕੋਈ ਜਾਇਜ਼ ਕਾਰਵਾਈ ਨਹੀਂ ਹੈ। ਜਾਂਚ ਤੋਂ ਬਾਅਦ ਉਸ ਅਧਿਆਪਕ ਨੂੰ ਮੁਅੱਤਲ ਕਰਨਾ ਬਣਦਾ ਸੀ। ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਯਕੀਨ ਕੀਤਾ ਜਾ ਸਕਦਾ ਹੈ ਕਿ ਉਕਤ ਅਧਿਆਪਕ ਜਿਸ ਕੇਂਦਰ ਵਿੱਚ ਭੇਜਿਆ ਗਿਆ ਹੈ, ਉੱਥੇ ਔਰਤ ਅਧਿਆਪਕਾਂ ਅਤੇ ਵਿਦਿਆਰਥਣਾਂ ਸੁਰੱਖਿਅਤ ਰਹਿਣਗੀਆਂ। ਉਨ੍ਹਾਂ ਨੇ ਸਬੰਧਤ ਅਧਿਆਪਕ ਵਿਰੁੱਧ ਕਾਨੂੰਨੀ ਕਾਰਵਾਈ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਜੇਕਰ ਇਸ ਸਮੇਂ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਭਵਿੱਖ ’ਚ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਵਾਰਨ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਇਸ ਮੌਕੇ ਯੂਨੀਅਨ ਦੇ ਆਗੂਆਂ ’ਚ ਬਬਨਪ੍ਰੀਤ ਸਿੰਘ, ਅੰਗਰੇਜ ਸਿੰਘ, ਹਰਲੀਨ ਕੌਰ, ਸੁਖਦੀਪ ਸਿੰਘ, ਵਿਮਲਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਇੱਕ ਪੱਤਰ ਰਾਹੀਂ ਪੀਏਯੂ ਦੇ ਅਧਿਆਪਕਾਂ ਵੱਲੋਂ ਲੜਕੀਆਂ ਦਾ ਸਰੀਰਕ ਸੋਸ਼ਣ ਅਤੇ ਛੇੜਛਾੜ ਦੇ ਮਾਮਲੇ ਸਾਹਮਣੇ ਆਏ ਸਨ। ਸੂਬੇ ਦੇ ਰਾਜਪਾਲ ਦੇ ਨਾਂ ਲਿਖੇ ਪੱਤਰ ਰਾਹੀਂ ’ਵਰਸਿਟੀ ਅਧਿਆਪਕਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ’ਵਰਸਿਟੀ ਨੇ ਜਾਂਚ ਕਮੇਟੀ ਗਠਿਤ ਕਰ ਕੇ ਦੋਸ਼ੀ ਅਧਿਆਪਕ ਦਾ ਕਿਸੇ ਹੋਰ ਕੇਂਦਰ ਵਿੱਚ ਤਬਾਦਲਾ ਕਰ ਦਿੱਤਾ ਸੀ।