ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਣੇ ਹੈਪੀ ਸੰਧੂ
ਪੱਤਰ ਪ੍ਰੇਰਕ
ਫਿਲੌਰ, 4 ਫਰਵਰੀ
ਪੰਜਾਬ ਭਰ ’ਚੋਂ ਇਕੱਠੀਆਂ ਹੋਈਆਂ 72 ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹੈਪੀ ਸੰਧੂ ਨੂੰ ਮੁੜ ਪੰਜਾਬ ਪ੍ਰਧਾਨ ਚੁਣ ਲਿਆ ਹੈ। ਇਹ ਚੋਣ ਸਥਾਨਕ ਟਰੱਕ ਯੂਨੀਅਨ ਵਲੋਂ ਕੀਤੇ ਪ੍ਰਬੰਧਾਂ ਤਹਿਤ ਕਰਵਾਈ ਗਈ। ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਨੇ ਦੱਸਿਆ ਕਿ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕਰਵਾਈ ਚੋਣ ਦੌਰਾਨ ਹੈਪੀ ਸੰਧੂ ਨੂੰ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਬਗੈਰ 31 ਮੈਂਬਰੀ ਕੋਰ ਕਮੇਟੀ ਦੀ ਚੋਣ ਵੀ ਕੀਤੀ ਗਈ। ਇਹ ਕੋਰ ਕਮੇਟੀ ਅੱਗੋਂ ਆਪਣੀ ਮੀਟਿੰਗ ਕਰਕੇ ਆਪਣੇ ਹੋਰ ਅਹੁਦੇਦਾਰ ਚੁਣੇਗੀ। ਚੋਣ ਮੌਕੇ ਕਿਰਤੀ ਕਿਸਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕੇ ਕਿਰਤੀ ਕਿਸਾਨ ਯੂਨੀਅਨ ਟਰੱਕਾਂ ਵਾਲੇ ਵੀਰਾਂ ਦੇ ਹਰ ਜਾਇਜ਼ ਸੰਘਰਸ਼ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ‘ਹਿੱਟ ਐਂਡ ਰਨ’ ਕਾਨੂੰਨ ਵਿੱਚ ਸਖਤ ਸਜ਼ਾ ਦੀ ਵਿਵਸਥਾ ਦਾ ਵਿਰੋਧ ਕਰਦਾ ਹੈ।
ਇਸ ਮੌਕੇ ਪ੍ਰਧਾਨ ਹੈਪੀ ਸੰਧੂ ਨੇ ਸਮੁੱਚੀਆਂ ਟਰੱਕ ਯੂਨੀਅਨਾਂ ਨੂੰ ਭਾਰਤ ਬੰਦ ਨੂੰ ਮੁਕੰਮਲ ਬੰਦ ਕਰਨ ਲਈ ਡੱਟਵੀਂ ਹਮਾਇਤ ਤੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।