ਫੱਗਣ ਮਾਹ ਮੁਬਾਰਕ ਚੜ੍ਹਿਆ
ਜੱਗਾ ਸਿੰਘ ਆਦਮਕੇ
ਫੱਗਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਅਖੀਰਲਾ ਤੇ ਬਾਰ੍ਹਵਾਂ ਮਹੀਨਾ ਹੈ। ਇਸ ਮਹੀਨੇੇ ਦਾ ਨਾਂ ਫੱਗਣ ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਦੇ ਫਾਲਗੁਣੀ ਨਛੱਤਰ ਵਿੱਚ ਪ੍ਰਵੇਸ਼ ਕਰਨ ਕਰਕੇ ਹੈ। ਅਜਿਹਾ ਹੋਣ ਕਾਰਨ ਇਸ ਮਹੀਨੇ ਦਾ ਨਾਂ ਫਾਲਗੁਣ ਪੈ ਗਿਆ ਅਤੇ ਸਮੇਂ ਨਾਲ ਲੋਕਾਂ ਨੇ ਉਚਾਰਨ ਦੀ ਸੁਵਿਧਾ ਲਈ ਇਸ ਨੂੰ ਫੱਗਣ ਕਹਿਣਾ ਸ਼ੁਰੂ ਕਰ ਦਿੱਤਾ। ਇਸ ਮਹੀਨੇ ਚਾਰੇ ਪਾਸੇੇ ਬਹਾਰ ਖਿੜੀ ਹੁੰਦੀ ਹੈੈ। ਰੁੱਖਾਂ ਅਤੇ ਪੌਦਿਆਂ ’ਤੇ ਨਵੇਂ ਪੱਤੇ, ਕਰੂੰਬਲਾਂ, ਰੰਗ ਬਿਰੰਗੇੇ ਫੁੱਲ ਖਿੜੇ ਹੋਏੇ ਹੁੰਦੇ ਹਨ। ਸਰਦੀ ਦੀ ਥਾਂ ਨਿੱਘ ਅਤੇ ਮਹੀਨੇ ਦੇ ਅਖੀਰ ਤੱਕ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਿਆ ਹੁੰਦਾ ਹੈ।
ਫੱਗਣ ਮਹੀਨੇ ਮੀਂਹ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ। ਆਮ ਕਰਕੇ ਬੱਦਲ ਬਣਦੇ ਅਤੇ ਖਿੰਡਦੇ ਰਹਿੰਦੇ ਹਨ, ਪਰ ਇਸ ਮਹੀਨੇ ਜੇਕਰ ਮੀਂਹ ਪੈ ਜਾਵੇ ਤਾਂ ਇਸ ਮੀਂਹ ਨਾਲ ਫ਼ਸਲਾਂ ’ਤੇ ਜੋਬਨ ਆ ਜਾਂਦਾ ਹੈ। ਇਹ ਸਮਾਂ ਰੋਹੀਆਂ ਦੇ ਕਰੀਰਾਂ ’ਤੇ ਫੁੱਲ ਆਉਣ ਅਤੇ ਉਸ ਤੋਂ ਫ਼ਲ ਬਣਨ ਦਾ ਹੁੰਦਾ ਹੈ। ਇਨ੍ਹਾਂ ਕਰੀਰਾਂ ਨੂੰ ਡੇਲੇ ਨਾਂ ਦਾ ਫ਼ਲ ਲੱਗਦਾ ਹੈ। ਇਹ ਫ਼ਲ ਅਚਾਰ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਡੇਲੇ ਫ਼ਲ ਔਸਧੀ ਪੱਖ ਤੋਂ ਵੀ ਮਹੱਤਵ ਰੱਖਣ ਵਾਲਾ ਹੈ। ਇਸ ਸਮੇਂ ਕਣਕਾਂ ਦੀ ਹਰਿਆਲੀ ਦੇ ਨਾਲ ਨਾਲ ਖੇਤਾਂ ਵਿੱਚ ਸਰ੍ਹੋਂ ਦੇ ਪੀਲੇ ਫੁੱਲ ਖੇਤਾਂ ਨੂੰ ਸ਼ਿੰਗਾਰਨ ਦਾ ਕੰੰਮ ਕਰਦੇ ਹਨ। ਪੀਲੇ ਫੁੱਲ ਧਰਤੀ ਨੂੰ ਵੱਖਰਾ ਹੀ ਰੂਪ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਨਾਲ ਛੋਲਿਆਂ ਦੇ ਬੂਟਿਆਂ ’ਤੇ ਫੁੱਲਾਂ ਤੋਂ ਟਾਟਾਂ ਦੀਆਂ ਲੜੀਆਂ ਬਣਨ ਲੱਗਦੀਆਂ ਹਨ;
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਰਾਂ ਨੂੰ ਬਾਟਾ
ਸਰ੍ਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਵੇ ਪਟਾਕਾ
ਇਸ ਮਹੀਨੇ ਦੇ ਅਖੀਰ ’ਤੇ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ। ਇਸ ਤਿਉਹਾਰ ਨਾਲ ਭਾਵੇਂ ਬਹੁਤ ਸਾਰੇ ਇਤਿਹਾਸਕ ਅਤੇ ਮਿਥਿਹਾਸਕ ਪੱਖ ਜੁੜੇ ਹੋਏ ਹਨ, ਪਰ ਇਹ ਮੁੱਖ ਰੂਪ ਵਿੱਚ ਬਸੰਤ ਦੇ ਅਖੀਰ ਦੇ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਸਮੇਂ ਦੇ ਕੁਦਰਤ ਦੇ ਰੰਗਾਂ ਨੂੰ ਤਨ ’ਤੇ ਪਾ ਕੇ ਇਨ੍ਹਾਂ ਨਾਲ ਸਦੀਵੀ ਇਕਮਿਕ ਹੋਣ ਦੀ ਕੋਸ਼ਿਸ਼ ਦੇ ਰੂਪ ਵਿੱਚ ਇਹ ਜਸ਼ਨ ਹੈ। ਰੰਗਾਂ ਦੇ ਇਸ ਤਿਉਹਾਰ ਨੂੰ ਫਾਗ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਵਿੱਚ ਹੋਲੀ ਦੁਆਰਾ ਕੁਝ ਇਸ ਤਰ੍ਹਾਂ ਫਰਮਾਇਆ ਹੈ;
ਆਜੁ ਹਮਾਰੈ ਬਨੇ ਫਾਗ॥
ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
ਇਸੇ ਤਰ੍ਹਾਂ ਹੋਲੀ ਜਿਹਾ ਹੀ ਇੱਕ ਤਿਉਹਾਰ ਹੋਲਾ ਮਹੱਲਾ ਵੀ ਇਸੇ ਸਮੇਂ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਲਈ ਹੋਲੀ ਦੀ ਬਜਾਏ ਪੁਲਿੰਗ ਰੂਪ ਵਿੱਚ ਹੋਲਾ ਸ਼ਬਦ ਉਪਯੋਗ ਕੀਤਾ ਗਿਆ। ਕਵੀ ਸੁਮੇਰ ਸਿੰਘ ਨੇ ਇਸ ਸਬੰਧੀ ਕੁਝ ਇਸ ਤਰ੍ਹਾਂ ਲਿਖਿਆ ਹੈ;
ਔਰਨ ਕੀ ਹੋਲੀ ਮਮ ਹੋਲਾ॥
ਕਹਿਯੋ ਕ੍ਰਿਪਾਨਿਧ ਬਚਨ ਅਮੋਲਾ॥
ਅਸਲ ਵਿੱਚ ਇਸ ਦੀ ਸਿਰਜਣਾ ਦੇ ਪਿੱਛੇ ਵਕਤੀ ਜ਼ਰੂਰਤਾਂ ਲਈ ਯੁੱਧ ਕਲਾ ਵਿੱਚ ਅਭਿਆਸ ਕਰਵਾਉਣਾ ਸੀ। ਹੁਣ ਇਹ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ। ਇਹ ਹੋਲੀ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੋ ਕੇੇ ਅਤੇ ਇੱਕ ਦਿਨ ਬਾਅਦ ਤੱਕ ਜਾਰੀ ਰਹਿੰਦਾ ਹੈ। ਤੀਸਰੇ ਦਿਨ ਹੋਲੇ ਮਹੱਲੇ ਦਾ ਮਹੱਲਾ ਕੱਢਿਆ ਜਾਂਦਾ ਹੈ, ਜਿਸ ਵਿੱਚ ਜੰਗੀ ਜਾਹੋ ਜਲਾਲ ਦੇ ਦਰਸ਼ਨ ਹੁੰਦੇ ਹਨ। ਇਸ ਦੇ ਨਾਲ ਇਹ ਤਿਉਹਾਰ ਸਮਾਪਤ ਹੋ ਜਾਂਦਾ ਹੈ।
ਬਾਰਾਮਾਹਾ ਵਿੱਚ ਮਹੀਨਿਆਂ ਨੂੰ ਆਧਾਰ ਬਣਾ ਕੇ ਗਿਆਨ ਨੂੰ ਵੱਡੇ ਪੱਧਰ ’ਤੇ ਕਾਵਿ ਰਚਨਾ ਦੇ ਰੂਪ ਵਿੱਚ ਚਿਤਰਿਆ ਮਿਲਦਾ ਹੈ। ਪੰਜਾਬੀ ਦੇ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਇਸ ਮਹੀਨੇ ਦੇ ਬਹਾਰ ਪੱਖ ਦੇ ਕਾਰਨ ਕੁਝ ਇਸ ਤਰ੍ਹਾਂ ਬਿਆਨਦੇ ਹਨ;
ਫੱਗਣ ਮਾਹ ਮੁਬਾਰਕ ਚੜ੍ਹਿਆ
ਬੈਠੀ ਤਖਤ ਬਸੰਤੋ ਰਾਣੀ
ਰੂਪ ਚੜ੍ਹ ਗਿਆ ਫੁੱਲਾਂ ਉੱਤੇ
ਫਸਲ ਪਲਾਂ ਜਵਾਨੀ ਮਾਣੀ।
ਇਸੇ ਤਰ੍ਹਾਂ ਕਹਾਵਤਾਂ, ਅਖਾਣ, ਲੋਕ ਸਿਆਣਪਾਂ ਲੋਕਾਂ ਦੀ ਜੀਵਨ ਜਾਚ, ਨਿੱਜੀ ਤਜਰਬਿਆਂ ਦਾ ਸਮੂਹ ਅਤੇ ਪੈਦਾਇਸ਼ ਹੁੰਦੇ ਹਨ। ਫੱਗਣ ਮਹੀਨੇ ਸਬੰਧੀ ਅਜਿਹੀ ਹੀ ਇੱਕ ਕਹਾਵਤ ਕੁਝ ਇਸ ਤਰ੍ਹਾਂ ਪ੍ਰਸਿੱਧ ਹੈ;
ਔਸਰ ਮਿੱਤਰ ਪਰਖੀਏ, ਗੋਖੜੀ ਫੱਗਣ ਮਾਂਹ
ਘਰ ਦੀ ਨਾਰ ਪਰਖੀਏ, ਜਾਂ ਘਰ ਸੰਚਿਆ ਨਾਂਹ।
ਫੱਗਣ ਮਹੀਨੇ ਸੁਹਾਵਣਾ ਮੌਸਮ ਹੋਣ ਦੇ ਨਾਲ ਸਰ੍ਹੋਂ ਦੇ ਫੁੱਲਾਂ ਦੇ ਨਾਲ ਨਾਲ ਦੂਸਰੇ ਫੁੱਲਾਂ ਦੀ ਵੀ ਬਹਾਰ ਹੁੰਦੀ ਹੈ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ;
ਫੱਗਣ ਫੁੱਲ ਖਿੜਾਉਂਦਾ ਹੈ
ਸਭ ਦੇ ਮਨ ਨੂੰ ਭਾਉਂਦਾ ਹੈੇ।
ਫੱਗਣ ਮਹੀਨੇ ਬਸੰਤ ਪੂਰੇ ਜੋਬਨ ’ਤੇ ਹੁੰਦਾ ਹੈ। ਜਿੱਥੇ ਬਨਸਪਤੀ ’ਤੇ ਇਸ ਦਾ ਅਸਰ ਸਪੱਸ਼ਟ ਵਿਖਾਈ ਦਿੰਦਾ ਹੈ, ਉੱਥੇ ਬਦਲੀ ਰੁੱਤ ਕਾਰਨ ਹੌਲੀ ਹੌਲੀ ਰਾਤਾਂ ਵੀ ਸੁਹਾਵਣੀਆਂ ਹੋ ਜਾਂਦੀਆਂ ਹਨ। ਧੁੰਦ ਦਾ ਅਸਰ ਘਟਣ ਕਾਰਨ ਤਾਰੇ ਟਿਮਟਿਮ ਕਰਦੇ ਸੁੰਦਰ ਲੱਗਦੇ ਹਨ। ਸੁਹਾਵਣੀ ਰੁੱਤ ਦੇ ਇਸ ਪੱਖ ਦਾ ਜ਼ਿਕਰ ਲੋਕ ਬੋਲੀਆਂ ਅਤੇ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਮਾਘ ਨਾ ਜਾਈਂ ਚੰਨਾ, ਲੋੋਹੜੀ ਮਨਾਵਣੀ।
ਫੱਗਣ ਨਾ ਜਾਈਂ ਚੰਨਾ, ਰੁੱਤ ਸੁਹਾਵਣੀ।
ਫੱਗਣ ਨਾ ਜਾਈਂ ਚੰਨਾ, ਹੋਲੀ ਮਨਾਵਣੀ।
ਇਹ ਮਹੀਨਾ ਚੰਦਰ ਦੇਵ ਦੀ ਪੂਜਾ ਲਈ ਸ਼ੁੱਭ ਮੰਨਿਆ ਜਾਂਦਾ ਹੈੈ। ਪੁਰਾਣਾਂ ਦੇ ਅਨੁਸਾਰ ਇਸੇੇ ਮਹੀਨੇ ਚੰਦਰਮਾ ਦਾ ਜਨਮ ਹੋਇਆ ਸੀ। ਇਸੇ ਮਹੀਨੇ ਭਗਵਾਨ ਵਿਸ਼ਣੂ ਨੇ ਨਰ ਸਿੰਘ ਦਾ ਰੂਪ ਧਾਰ ਕੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਸੀ। ਇਸੇ ਤਰ੍ਹਾਂ ਕੁਝ ਹੋਰ ਪੱਖ ਵੀ ਇਸ ਮਹੀਨੇ ਨਾਲ ਜੁੜੇ ਹੋਏ ਹਨ। ਇਸ ਮਹੀਨੇ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਹੋਣ ਨਾਲ ਅਤੇੇ ਬਸੰਤ ਦੇ ਪ੍ਰਭਾਵ ਕਾਰਨ ਕਾਫ਼ੀ ਕੁਝ ਬਦਲਦਾ ਹੈ। ਸਾਡੇ ਖਾਣ-ਪੀਣ ਦੇ ਨਾਲ ਨਾਲ ਪਹਿਰਾਵੇ ਵਿੱਚ ਵੀ ਤਬਦੀਲੀ ਆਉਂਦੀ ਹੈ। ਜਿੱਥੇ ਹਰ ਮਹੀਨੇ ਦਾ ਆਪਣਾ ਆਪਣਾ ਮਹੱਤਵ ਅਤੇ ਪਹਿਚਾਣ ਹੈ, ਉੱਥੇ ਫੱਗਣ ਮਹੀਨੇ ਬਦਲੀ ਰੁੱਤ ਅਤੇ ਬਹਾਰਾਂ ਦੀ ਆਮਦ ਬਸੰਤ ਕਾਰਨ ਧਰਤੀ ਫੁੱਲਾਂ, ਹਰੇ ਰੁੱਖਾਂ ’ਤੇ ਫੁੱਟੀਆਂ ਕਰੂੰਬਲਾਂ ਨਾਲ ਸਜੀ ਧਜੀ ਹੁੰਦੀ ਹੈ। ਹਰ ਪਾਸੇ ਤਬਦੀਲੀ ਅਤੇ ਨਵਾਂਪਣ ਵਿਖਾਈ ਦਿੰਦਾ ਹੈ। ਧਾਰਮਿਕ ਪੱਖ ਤੋਂ ਹੋਲੀ, ਹੋਲਾ ਮਹੱਲਾ, ਮਹਾਸ਼ਿਵਰਾਤਰੀ ਵਰਗੇ ਉਤਸਵਾਂ ਕਾਰਨ ਇਸ ਮਹੀਨੇ ਦਾ ਸੰਸਕ੍ਰਿਤਕ ਮਹੱਤਵ ਹੈ। ਕਣਕ, ਸਰ੍ਹੋਂ ਵਰਗੀਆਂ ਹਾੜ੍ਹੀ ਦੀਆਂ ਫ਼ਸਲਾਂ ਦੇ ਪੱਕਣ ਨੇੜੇ ਹੋਣ ਕਾਰਨ ਕਿਸਾਨੀ ਜੀਵਨ ਵਿੱਚ ਵੀ ਇਸ ਦੀਆਂ ਤਿਆਰੀ ਲਈ ਹਿੱਲ ਜੁਲ ਸ਼ੁਰੂ ਹੋ ਜਾਂਦੀ ਹੈ।
ਸੰਪਰਕ: 81469-24800