ਨਵਾਂ ਸਾਲ ਮੁਬਾਰਕ
ਨਵਾਂ ਵਰ੍ਹਾ ਚੜ੍ਹਨ ‘ਤੇ ਅਸੀਂ ਆਪਣੇ ਪਰਿਵਾਰ, ਸਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ, ਸਾਥੀਆਂ ਅਤੇ ਸਾਰੀ ਲੋਕਾਈ ਲਈ ਸ਼ੁੱਭ-ਇੱਛਾਵਾਂ ਦੀ ਕਾਮਨਾ ਕਰਦੇ ਹਾਂ। ਹਰ ਨਵਾਂ ਸਾਲ ਨਵੀਆਂ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਤੇ ਨਵੀਆਂ ਆਸਾਂ-ਉਮੀਦਾਂ, ਸੁਪਨੇ, ਤਰੰਗਾਂ, ਸੁਹਜ, ਸੁੱਖ, ਸੰਤੋਖ, ਗਿਆਨ ਤੇ ਪ੍ਰਾਪਤੀਆਂ ਲੈ ਕੇ ਬਹੁੜਦਾ ਹੈ; ਜ਼ਿੰਦਗੀ ਦੇ ਮੇਲੇ ਲੱਗਦੇ ਤੇ ਲੋਕਾਈ ਵਿਚ ਮੇਲ-ਮਿਲਾਪ ਵਧਦਾ ਹੈ, ਨਵੀਂਆਂ ਤਾਂਘਾਂ ਅੰਗੜਾਈਆਂ ਲੈਂਦੀਆਂ ਤੇ ਖ਼ੁਆਬਾਂ ਦੇ ਨਵੇਂ ਅੰਬਰ ਸਿਰਜੇ ਜਾਂਦੇ ਹਨ ਜਿਨ੍ਹਾਂ ਵਿਚ ਮਨੁੱਖ ਦੇ ਹੋਣ-ਥੀਣ ਦੇ ਸੂਰਜ ਤੇ ਚੰਦ-ਸਿਤਾਰੇ ਚਮਕਦੇ ਹਨ; ਉਸ ਦਾ ਜ਼ਿੰਦਗੀ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ। ਪੁਰਾਣੇ ਸੰਘਰਸ਼ ਚੱਲਦੇ ਰਹਿੰਦੇ ਨੇ ਤੇ ਨਵੇਂ ਸੰਘਰਸ਼ ਜਨਮ ਲੈਂਦੇ ਹਨ ਅਤੇ ਉਨ੍ਹਾਂ ਵਿਚ ਹਿੱਸਾ ਲੈਂਦੀ ਲੋਕਾਈ ਮਨੁੱਖਤਾ ਵਿਚ ਆਪਣਾ ਵਿਸ਼ਵਾਸ ਦ੍ਰਿੜ੍ਹ ਕਰਦੀ ਰਹਿੰਦੀ ਹੈ।
ਇਸ ਦੇ ਨਾਲ ਨਾਲ ਹਰ ਨਵੇਂ ਵਰ੍ਹੇ ਵਿਚ ਮਨੁੱਖਤਾ ਨੂੰ ਨਵੀਂ ਤਰ੍ਹਾਂ ਦੀਆਂ ਦੁੱਖ-ਦੁਸ਼ਵਾਰੀਆਂ, ਸੰਕਟਾਂ, ਜੰਗਾਂ, ਕਲੇਸ਼ਾਂ, ਕੁਹਜ, ਕੁਟਿਲਤਾ, ਲਾਲਚ, ਓਪਰੇਪਣ, ਅਪਰਾਧਾਂ, ਧੋਖਿਆਂ, ਮੱਕਾਰੀਆਂ ਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਈ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਅਤੇ ਲੋਕ-ਹੱਕ ਲਿਤਾੜੇ ਜਾਂਦੇ ਹਨ, ਸਮਾਜਿਕ ਕਲੇਸ਼ ਪਨਪਦਾ ਤੇ ਬੇਗ਼ਾਨਗੀ ਪੈਦਾ ਕਰਦਾ ਹੈ, ਲੋਕ ਬੇਘਰ ਤੇ ਬੇਵਤਨੇ ਹੁੰਦੇ ਹਨ, ਬੰਬਾਂ ਤੇ ਗੋਲੀਆਂ ਦੀ ਮਾਰ ਹੇਠ ਮਨੁੱਖਤਾ ਦਾ ਘਾਣ ਹੁੰਦਾ ਹੈ। ਇਹ ਸਭ ਕੁਝ ਦੇਖ ਕੇ ਗੁਰੂ ਅਰਜਨ ਦੇਵ ਜੀ ਦਾ ਮਹਾਂ-ਕਥਨ ਯਾਦ ਆਉਂਦਾ ਹੈ, ”ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ।।” ਭਾਵ ਇਹ ਧਰਤ ਤਾਂ ਸੁਹਾਵਣੀ ਹੈ ਪਰ ਇਸ ਵਿਚ ਵਿਹੁਲਾ (ਵਿਸ/ਜ਼ਹਿਰ ਭਰਿਆ) ਬਾਗ਼ ਲੱਗਿਆ ਹੋਇਆ ਹੈ (ਗੁਰੂ ਸਾਹਿਬ ਨੇ ਇਹ ਸਲੋਕ ਸ਼ੇਖ਼ ਫ਼ਰੀਦ ਜੀ ਦੇ ਇਕ ਸਲੋਕ ਦੀ ਵਿਆਖਿਆ ਕਰਨ ਲਈ ਉਚਾਰਿਆ ਅਤੇ ਇਸ ਵਿਚ ਲਕਬ ‘ਫਰੀਦ’ ਵਰਤਿਆ ਹੈ)।
ਫਰਵਰੀ 2022 ਵਿਚ ਰੂਸ ਦੇ ਯੂਕਰੇਨ ‘ਤੇ ਹਮਲੇ ਨੇ ਇਹ ਦਰਸਾਇਆ ਕਿ ਅਸੀਂ ਅਜੇ ਵੀ ਜੰਗਾਂ ਤੇ ਤਾਕਤ ਲਈ ਹੋਣ ਵਾਲੀਆਂ ਲੜਾਈਆਂ ਦੇ ਯੁੱਗ ਵਿਚ ਜਿਊਂ ਰਹੇ ਹਾਂ; ਆਗੂਆਂ ਦੇ ਸ਼ਬਦਾਂ ਵਿਚ ਅਮਨ ਦੀ ਪੁਕਾਰ ਹੁੰਦੀ ਹੈ ਪਰ ਅਮਲ ਵਿਚ ਉਹ ਦੂਸਰੇ ਦੇਸ਼ਾਂ ਅਤੇ ਆਪਣੇ ਵਿਰੋਧੀਆਂ ਨੂੰ ਕੋਹਣ ਤੇ ਕੁਚਲਣ ਦੀ ਰਾਹ ‘ਤੇ ਤੁਰਦੇ ਹਨ; ਲੋਕਾਈ ਨੂੰ ਭਟਕਾਇਆ ਅਤੇ ਨਫ਼ਰਤ ਦੀ ਰਾਹ ‘ਤੇ ਪਾਇਆ ਜਾਂਦਾ ਹੈ। ਇਸ ਜੰਗ ਕਾਰਨ ਮਿਸਰ ਤੋਂ ਲੈ ਕੇ ਬੰਗਲਾਦੇਸ਼ ਤਕ ਅਨਾਜ ਦਾ ਸੰਕਟ ਪੈਦਾ ਹੋਇਆ ਹੈ, ਯੂਰੋਪ ਵਿਚ ਊਰਜਾ ਸੰਕਟ ਵਧਿਆ ਤੇ ਭਿਆਨਕ ਤਬਾਹੀ ਹੋਈ ਹੈ। ਇਸ ਸਾਲ ਕੌਮਾਂਤਰੀ ਪੱਧਰ ‘ਤੇ ਹੋਰ ਅਹਿਮ ਘਟਨਾਵਾਂ ਵਿਚੋਂ ਪਾਕਿਸਤਾਨ ਵਿਚ ਇਮਰਾਨ ਖ਼ਾਨ ਦਾ ਸੱਤਾ ਤੋਂ ਬਾਹਰ ਹੋਣਾ ਅਤੇ ਪੰਜਾਬੀ ਮੂਲ ਦੇ ਰਿਸ਼ੀ ਸੂਨਕ ਦਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨਾ ਸਨ। ਸ੍ਰੀਲੰਕਾ ਵਿਚ ਭਿਆਨਕ ਆਰਥਿਕ ਸੰਕਟ ਨੇ ਦੇਸ਼ ਨੂੰ ਭੁੱਖਮਰੀ, ਬੇਰੁਜ਼ਗਾਰੀ ਅਤੇ ਅਫ਼ਰਾ-ਤਫ਼ਰੀ ਵੱਲ ਧੱਕ ਦਿੱਤਾ ਅਤੇ ਰਾਜਪਕਸੇ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ ਹੈ।
ਬਰਾਜ਼ੀਲ ਵਿਚ ਉਦਾਰਵਾਦੀ ਤੇ ਖੱਬੇ-ਪੱਖੀ ਆਗੂ ਲੂਲਾ ਰਾਸ਼ਟਰਪਤੀ ਦੀ ਚੋਣ ਜਿੱਤਿਆ ਹੈ। ਉਹ ਕੋਈ ਇਨਕਲਾਬੀ ਨਹੀਂ ਪਰ ਉਸ ਦੀ ਜਿੱਤ ਕਾਰਨ ਬੋਲਸੋਨਾਰੋ ਦੀ ਅਗਵਾਈ ਵਿਚ ਕਿਸਾਨਾਂ, ਮਜ਼ਦੂਰਾਂ ਤੇ ਵਣਵਾਸੀਆਂ ਦੇ ਹੱਕਾਂ ‘ਤੇ ਹੋ ਰਹੇ ਭਿਆਨਕ ਹਮਲੇ ਨੂੰ ਜ਼ਰੂਰ ਠੱਲ੍ਹ ਪਵੇਗੀ। ਜਿੱਥੇ ਬਰਾਜ਼ੀਲ ਵਿਚ ਜਮਹੂਰੀਅਤ ਦੀ ਜਿੱਤ ਹੋਈ, ਉੱਥੇ ਸਾਲ ਦੇ ਅੰਤ ਵਿਚ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਕੱਟੜਪੰਥੀ ਆਗੂ ਬੈਂਜਾਮਿਨ ਨੇਤਨਯਾਹੂ ਫਿਰ ਇਸਰਾਈਲ ਵਿਚ ਸੱਤਾ ‘ਤੇ ਕਾਬਜ਼ ਹੋ ਗਿਆ ਹੈ।
ਭਾਰਤ ਵਿਚ ਇਸ ਸਾਲ ਦੀ ਸਭ ਤੋਂ ਅਹਿਮ ਘਟਨਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਸੀ; ਪੰਜਾਬੀਆਂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ‘ਤੇ 70 ਸਾਲਾਂ ਤੋਂ ਚਲੀ ਆ ਰਹੀ ਇਜਾਰੇਦਾਰੀ ਨੂੰ ਖ਼ਤਮ ਕਰ ਕੇ ਹਕੂਮਤ ਦੀ ਵਾਗਡੋਰ ‘ਆਪ’ ਦੇ ਹੱਥ ਵਿਚ ਦਿੱਤੀ। ਇਸ ਨਾਲ ਪੰਜਾਬੀਆਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਨਕਾਰਿਆ ਅਤੇ ਉਨ੍ਹਾਂ ਵਿਚ ਫੈਲੇ ਵੱਖ ਵੱਖ ਨਾਂਹ-ਪੱਖੀ ਵਰਤਾਰਿਆਂ ਜਿਵੇਂ ਪਰਿਵਾਰਵਾਦ, ਰਿਸ਼ਵਤਖੋਰੀ, ਸੱਤਾ-ਮੋਹ, ਲੋਕਾਂ ਤੋਂ ਦੂਰੀ, ਦੌਲਤ ਇਕੱਠੀ ਕਰਨ ਦੀ ਦੌੜ ਆਦਿ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ। ਭਗਵੰਤ ਸਿੰਘ ਮਾਨ ਦੇ ਰੂਪ ਵਿਚ ਉਨ੍ਹਾਂ ਨੂੰ ਨੌਜਵਾਨ ਆਗੂ ਮਿਲਿਆ। ‘ਆਪ’ ਨੇ ਸੱਤਾ ਵਿਚ ਆਉਣ ਤੋਂ ਬਾਅਦ ਰਿਸ਼ਵਤਖੋਰੀ ਵਿਰੁੱਧ ਮੁਹਿੰਮ ਵਿੱਢੀ ਹੈ ਪਰ ਬਾਕੀ ਦੇ ਮੁਹਾਜ਼ਾਂ ‘ਤੇ ਆਪਣੇ ਕੀਤੇ ਵਾਅਦਿਆਂ ਨੂੰ ਅਜੇ ਪੂਰਾ ਕਰਨਾ ਹੈ। ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਦੀ ਸਮੱਸਿਆ ਪੰਜਾਬ ਦੀ ਹੋਂਦ ਲਈ ਸੰਕਟ ਬਣੇ ਹੋਏ ਹਨ। ਪੰਜਾਬੀਆਂ ਦੇ ਵੱਖ ਵੱਖ ਵਰਗ ਅੱਜ ਵੀ ਸੰਘਰਸ਼ ਕਰ ਰਹੇ ਹਨ, ਪਰਵਾਸ ਸਿਖ਼ਰਾਂ ਛੂਹ ਰਿਹਾ ਹੈ ਅਤੇ ਲੋਕਾਂ ਦੀ ਆਪਣਾ ਭਵਿੱਖ ਪੰਜਾਬ ਵਿਚੋਂ ਹੀ ਤਲਾਸ਼ ਕਰਨ ਦੀ ਰੀਝ ਅਜੇ ਪੂਰੀ ਨਹੀਂ ਹੋਈ।
ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਫਿਰ ਸੱਤਾ ਵਿਚ ਆਈ। 24 ਸਾਲਾਂ (1998) ਤੋਂ ਸੱਤਾ ‘ਤੇ ਕਾਬਜ਼ ਭਾਜਪਾ ਲਈ ਇਹ ਜਿੱਤ ਬਹੁਤ ਅਹਿਮ ਸੀ/ਹੈ ਕਿਉਂਕਿ ਇਸ ਤੋਂ ਬਿਨਾਂ ਉਸ ਦੁਆਰਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜੇਤੂ ਬਿਰਤਾਂਤ ਸਿਰਜਣ ਲਈ ਬਹੁਤ ਮੁਸ਼ਕਲ ਹੋਣੀ ਸੀ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੇ ਪਾਰਟੀ ਨੂੰ ਉਸ ਦੀ ਮੌਜੂਦਗੀ/ਹਸਤੀ ਦੀ ਧਰਵਾਸ ਦਿੱਤੀ ਹੈ। ਪਾਰਟੀ ਦੁਆਰਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਇਕ ਹੋਰ ਅਹਿਮ ਘਟਨਾ ਹੈ ਕਿਉਂਕਿ ਕਈ ਦਹਾਕਿਆਂ ਬਾਅਦ ਇਹ ਰਵਾਇਤੀ ਚੋਣਾਂ ‘ਤੇ ਕੇਂਦਰਿਤ ਸਿਆਸਤ ਤੋਂ ਬਾਹਰ ਵੱਖਰੀ ਤਰ੍ਹਾਂ ਦੀ ਸਿਆਸਤ ਕਰਨ ਦਾ ਯਤਨ ਹੈ। ਦਿੱਲੀ ਨਗਰ ਨਿਗਮ ਵਿਚ ਭਾਜਪਾ ਦੀ ਹਾਰ ਨੇ ਵੀ ਭਾਜਪਾ ਨੂੰ ਝੰਜੋੜਿਆ ਪਰ ਪਾਰਟੀ ਇਸ ਨੂੰ ਆਪਣੇ ਕੌਮੀ ਬਿਰਤਾਂਤ ਵਿਚੋਂ ਮਨਫ਼ੀ ਕਰਨ ਦਾ ਯਤਨ ਕਰ ਰਹੀ ਹੈ। ਇਸ ਸਾਲ ਦਰੋਪਦੀ ਮੁਰਮੂ ਭਾਰਤ ਦੇ ਰਾਸ਼ਟਰਪਤੀ ਬਣੇ; ਉਹ ਆਦਿਵਾਸੀ/ਕਬਾਇਲੀ ਵਰਗ ‘ਚੋਂ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਹੈ।
ਜਿੱਥੇ ‘ਆਪ’ ਦੀ ਜਿੱਤ ਨੇ ਪੰਜਾਬੀਆਂ ਲਈ ਆਸਾਂ-ਉਮੀਦਾਂ ਦਾ ਨਵਾਂ ਸੰਸਾਰ ਬਣਾਉਣ ਦਾ ਵਾਅਦਾ ਕੀਤਾ, ਉੱਥੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਦੇ ਰੋਹ ਨੇ ਸੰਗਰੂਰ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਈ। ਜ਼ੀਰੇ ਵਿਚ ਸ਼ਰਾਬ ਫੈਕਟਰੀ ਵਿਰੁੱਧ ਲੱਗੇ ਮੋਰਚੇ ਨੇ ਇਸ ਅਹਿਮ ਤੱਥ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਪੰਜਾਬੀਆਂ ਨੇ 2020 ਤੋਂ ਇਕ ਅਜਿਹਾ ਯੁੱਧ ਸ਼ੁਰੂ ਕਰ ਲਿਆ ਹੈ ਜਿਸ ਵਿਚ ਇਕ ਪਾਸੇ ਕਾਰਪੋਰੇਟਾਂ ਦੀ ਅਗਵਾਈ ਵਾਲਾ ਵਿਕਾਸ ਮਾਡਲ ਹੈ ਅਤੇ ਦੂਸਰੇ ਪਾਸੇ ਹੈ ਵਿਕਾਸ ਦੇ ਨਾਲ ਨਾਲ ਵਾਤਾਵਰਨ ਤੇ ਕੁਦਰਤ ਨੂੰ ਬਚਾਉਣ ਦੀ ਲੋਕਾਈ ਦੀ ਚਾਹਤ। 2020-21 ਦੇ ਕਿਸਾਨ ਸੰਘਰਸ਼ ਅਤੇ ਹੁਣ ਜ਼ੀਰੇ ਵਿਚ ਚੱਲ ਰਹੇ ਸੰਘਰਸ਼ ਨੇ ਕਾਰਪੋਰੇਟੀ ਵਿਕਾਸ ਅਤੇ ਲੋਕ-ਹਿੱਤਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਕਾਸ ਵਿਚਲੇ ਦਵੰਦ ਦੇ ਨਕਸ਼ ਗੂੜ੍ਹੇ ਕੀਤੇ ਹਨ। ਆਖ਼ਰੀ ਮਹੀਨੇ ਵਿਚ ਪੰਜਾਬ ਨੇ ਜਲੰਧਰ ਦੀ ਆਬਾਦੀ ਲਤੀਫ਼ਪੁਰੇ ਵਿਚ ਹੋਇਆ ਪੰਜਾਹ ਪਰਿਵਾਰਾਂ ਦਾ ਦਰਦਨਾਕ ਉਜਾੜਾ ਵੀ ਦੇਖਿਆ। ਇਹ ਲੋਕ 1947 ਦੀ ਵੰਡ ਵੇਲੇ ਸਿਆਲਕੋਟ ਤੋਂ ਉੱਜੜ ਕੇ ਆਏ ਬੇਜ਼ਮੀਨੇ ਲੋਕ ਸਨ/ਹਨ; ਉਹ ਸ਼ਹਿਰੋਂ ਬਾਹਰ ਉਸ ਥਾਂ ‘ਤੇ ਵੱਸ ਗਏ ਜਿਸ ਨੂੰ ਮੁਸਲਮਾਨ ਛੱਡ ਕੇ ਗਏ ਸਨ ਪਰ ਇਸ ਦੇਸ਼ ਦੇ ਸੱਤਾਧਾਰੀਆਂ ਨੇ ਨਾ ਉਨ੍ਹਾਂ ਦੇ ਉੱਜੜ ਕੇ ਆਉਣ ਦੀ ਹਕੀਕਤ ਨੂੰ ਗੌਲਿਆ ਅਤੇ ਨਾ ਹੀ ਜ਼ਮੀਨ-ਜਾਇਦਾਦ ਤੋਂ ਵਿਰਵੇ ਲੋਕਾਂ ਦੇ ਆਪਣੇ ਦੇਸ਼ ਦੀ ਥੋੜ੍ਹੀ-ਬਹੁਤ ਥਾਂ ‘ਤੇ ਘਰ ਬਣਾਉਣ ਦੇ ਹੱਕ ਨੂੰ ਸਵੀਕਾਰ ਕੀਤਾ।
ਸ਼ੇਖ ਫ਼ਰੀਦ ਜੀ ਦਾ ਕਥਨ ਹੈ, ”ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ।।” ਭਾਵ ਜ਼ਮੀਨ ਅਸਮਾਨ ਨੂੰ ਪੁੱਛਦੀ ਹੈ (ਜ਼ਮੀਨ ਤੇ ਅਸਮਾਨ ਗਵਾਹ ਹਨ) ਕਿ ਕਿੰਨੇ ਮਲਾਹ (ਭਾਵ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ) ਇੱਥੋਂ ਚਲੇ ਗਏ ਹਨ? ਇਸ ਦੁਨੀਆ ‘ਤੇ ਆਉਣਾ-ਜਾਣਾ ਤੇ ਸਮੇਂ ਦੇ ਗੇੜ ਦਾ ਚੱਲਣਾ ਜ਼ਿੰਦਗੀ ਦਾ ਸੱਚ ਹਨ ਪਰ ਨਾਲ ਨਾਲ ਮਨੁੱਖ ਦਾ ਮਨੁੱਖ ਹੋਣ ਲਈ ਸੰਘਰਸ਼ ਵੀ ਸਦਾ ਚੱਲਦਾ ਰਿਹਾ ਹੈ। ਲੋਕ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਲੜਦੇ ਤੇ ਆਪਣੇ ਮਨੁੱਖ ਹੋਣ ਦੀ ਗਵਾਹੀ ਭਰਦੇ ਆਏ ਹਨ। ਖ਼ੁਦ ਫ਼ਰੀਦ ਜੀ ਦਾ ਕਥਨ ਹੈ, ”ਜਿੰਨਾ੍ ਨੈਣ ਨੀਂਦ੍ਰਾਵਲੇ ਤਿਨਾ੍ ਮਿਲਣੁ ਕੁਆਉ।।” ਭਾਵ ਜਿਨ੍ਹਾਂ ਦੇ ਨੈਣ ਨੀਂਦ ਨਾਲ ਘੁੱਟੇ ਹੋਏ ਹੋਣ, ਉਨ੍ਹਾਂ ਦਾ ਪ੍ਰਭੂ ਨਾਲ ਮਿਲਾਪ (ਮਿਲਣੁ) ਕਿਵੇਂ ਹੋ ਸਕਦਾ ਹੈ। ਇਹ ਸਲੋਕ ਅਧਿਆਤਮਕ ਰੰਗਤ ਵਾਲਾ ਹੈ ਪਰ ਜੇ ਇਸ ਨੂੰ ਸਮਾਜਿਕ ਪੱਖ ਤੋਂ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਜੇ ਲੋਕਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਤਾਂ ਉਨ੍ਹਾਂ ਨੂੰ ਜਾਗਰੂਕ ਹੋਣਾ ਪੈਣਾ ਹੈ, ਆਪਣੀਆਂ ਅੱਖਾਂ/ਨੈਣ ਖੋਲ੍ਹ ਕੇ ਰੱਖਣੀਆਂ ਪੈਣੀਆਂ ਹਨ। ਲੋਕ-ਸਿਰੜ ਦੇ ਕਾਇਮ ਰਹਿਣ ਵਿਚ ਹੀ ਲੋਕਾਈ ਦਾ ਬਚਾਓ ਹੈ। ਮਨੁੱਖ ਨੇ ਸੰਘਰਸ਼ਾਂ ਵਿਚ ਹੀ ਜਿਊਣਾ ਹੈ; ਅਜਿਹਾ ਜਿਊਣਾ ਹੀ ਮਨੁੱਖ ਦਾ ਹੋਣਾ ਹੁੰਦਾ ਹੈ, ਨਹੀਂ ਤਾਂ ਉਸ ਨੂੰ ਅਣਹੋਇਆਂ ਦੀ ਹੋਣੀ ਭੁਗਤਣੀ ਪੈਂਦੀ ਹੈ। ਸਾਰੇ ਪੰਜਾਬੀਆਂ ਦੀ ਕਾਮਨਾ ਹੈ ਕਿ ਪੰਜਾਬੀਆਂ ਦੀਆਂ ਆਸਾਂ ਨੂੰ ਨਵੇਂ ਵਰ੍ਹੇ ਵਿਚ ਬੂਰ ਪਵੇ ਤੇ ਪੰਜਾਬ ਦੇ ਵਿਹੜੇ ਵਿਚ ਪ੍ਰਾਪਤੀਆਂ ਦੇ ਫੁੱਲ-ਫਲ ਮਹਿਕਣ। ਇਸ ਤਰ੍ਹਾਂ ਹੀ ਸਾਰੀ ਲੋਕਾਈ ਆਪਣੇ ਚੰਗੇ ਭਵਿੱਖ ਦੀ ਉਮੀਦ ਵਿਚ ਪੁਰਾਣੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ ਦੀ ਤੋਰ ‘ਚੋਂ ਆਪਣਾ ਭਵਿੱਖ ਤਲਾਸ਼ ਰਹੀ ਹੈ।
ਹਰ 365/366 ਦਿਨਾਂ ਬਾਅਦ ਨਵਾਂ ਵਰ੍ਹਾ ਚੜ੍ਹਦਾ ਹੈ; ਰੁੱਤਾਂ ਬਦਲਦੀਆਂ ਹਨ; ਇਹ ਸਮੇਂ ਦੇ ਪਹਾੜੇ ਹਨ ਪਰ ਸਮੇਂ ਦੀ ਵਿਸ਼ਾਲ ਕਾਇਆ ਅਤੇ ਵਰ੍ਹਿਆਂ ਤੇ ਰੁੱਤਾਂ ਦੇ ਗੇੜ ਵਿਚ ਜੋ ਧੜਕਦਾ ਹੈ, ਉਹ ਹੈ ਮਨੁੱਖ ਤੇ ਉਸ ਦੀ ਮਨੁੱਖਤਾ। ਪੰਜਾਬੀ ਸ਼ਾਇਰ ਨਜ਼ਮ ਹੁਸੈਨ ਸੱਯਦ ਅਨੁਸਾਰ ”ਰੁੱਤ ਕਰਦੀ ਨਿਤ ਲੇਖਾ/ ਰੁਤ ਪੜ੍ਹਦੀ ਆਪ ਪਹਾੜੇ/… ਰੁੱਤ ਵੇਸ ਪੁਰਾਣੇ ਕਰਦੀ ਢੇਰੀਆਂ/ ਨੰਗੇ ਬੰਦੇ ਕੱਢ ਕੱਢ ਪਾਲ ਖਲਾਰਦੀ (ਖੜ੍ਹੇ ਕਰਦੀ)/ ਨੰਗਿਆਂ ਬੰਦਿਆਂ ਉਪਰੋਂ ਪਾਣੀ ਵਾਰਦੀ/ ਜਾਓ, ਅੱਜ ਜੰਮਿਓਂ/… ਰੰਗ ਤੁਸਾਡਾ, ਰੰਗ ਜਗਤ ਦਾ ਹੋਸੀ/ ਹੱਥ ਤੁਸਾਡੇ/ ਮੁੜਕੇ ਲਿਖਸਨ ਲੇਖ ਬੰਦੇ ਦੇ।” ਇਸ ਨਵੇਂ ਵਰ੍ਹੇ ਵਿਚ ਵੀ ਬੰਦਿਆਂ ਦੇ ਕਰਮਾਂ ਅਤੇ ਸੰਘਰਸ਼ਾਂ ਨੇ ਹੀ ਲੋਕਾਈ ਦੇ ਲੇਖ ਲਿਖਣੇ ਹਨ। ਨਵਾਂ ਸਾਲ ਮੁਬਾਰਕ। – ਸਵਰਾਜਬੀਰ