For the best experience, open
https://m.punjabitribuneonline.com
on your mobile browser.
Advertisement

ਹਨੂੰਮਾਨ ਜੈਅੰਤੀ: ਗ੍ਰੇਟਰ ਕੈਲਾਸ਼ ’ਚ ਸ਼ੋਭਾ ਯਾਤਰਾ ਕੱਢੀ

08:07 AM Apr 24, 2024 IST
ਹਨੂੰਮਾਨ ਜੈਅੰਤੀ  ਗ੍ਰੇਟਰ ਕੈਲਾਸ਼ ’ਚ ਸ਼ੋਭਾ ਯਾਤਰਾ ਕੱਢੀ
ਨਵੀਂ ਦਿੱਲੀ ’ਚ ਮੰਗਲਵਾਰ ਨੂੰ ਕਨਾਟ ਪਲੇਸ ਦੇ ਇੱਕ ਮੰਦਰ ’ਚ ਭਗਵਾਨ ਹਨੂੰਮਾਨ ਦੀ ਪੌਸ਼ਾਕ ’ਚ ਸਜੇ ਕਲਾਕਾਰ। -ਫੋਟੋ: ਮੁਕੇਸ਼ ਅਗਰਵਾਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂੰਮਾਨ ਜੈਅੰਤੀ ਦੇ ਸ਼ੁਭ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਆਪਣੇ ਵਿਧਾਨ ਸਭਾ ਹਲਕੇ ਗ੍ਰੇਟਰ ਕੈਲਾਸ਼ ਸਥਿਤ ਆਪਣੇ ਨਿਵਾਸ ਚਿਰਾਗ ਦਿੱਲੀ ਤੋਂ ਹਨੂੰਮਾਨ ਦੀ ਸ਼ੋਭਾ ਯਾਤਰਾ ਕੱਢੀ। ਦਿੱਲੀ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਚਿਰਾਗ ਦਿੱਲੀ ਸ਼ੇਖ ਸਰਾਏ ਆਦਿ ਦੇ ਦਰਸ਼ਨ ਕਰਕੇ ਦੁਪਹਿਰ 12.30 ਵਜੇ ਸਮਾਪਤ ਹੋਈ ਇਸ ਯਾਤਰਾ ਵਿੱਚ ਆਮ ਆਦਮੀ ਪਾਰਟੀ ਦੇ ਖੇਤਰੀ ਕਾਰਪੋਰੇਸ਼ਨ ਚਿਰਾਗ ਦਿੱਲੀ ਵਾਰਡ ਤੋਂ ਕੌਂਸਲਰ ਕ੍ਰਿਸ਼ਨ ਜਾਖੜ ਵੀ ਸ਼ਾਮਲ ਹੋਏ। ਚਿਤਰੰਜਨ ਪਾਰਕ ਵਾਰਡ ਤੋਂ ਪਾਰਟੀ ਦੇ ਨਿਗਮ ਕੌਂਸਲਰ ਆਸ਼ੂ ਠਾਕੁਰ ਅਤੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 23 ਦਿਨਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਸ਼ੂਗਰ ਲਗਾਤਾਰ 300 ਤੋਂ ਉੱਪਰ ਜਾ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਇਨਸੁਲਿਨ ਦੀ ਮੰਗ ਕਰ ਰਹੇ ਸੀ ਪਰ ਕੇਂਦਰ ਸਰਕਾਰ, ਜੇਲ੍ਹ ਪ੍ਰਸ਼ਾਸਨ, ਈਡੀ ਅਤੇ ਭਾਜਪਾ ਸਾਰੇ ਉਨ੍ਹਾਂ ਨੂੰ ਇਨਸੁਲਿਨ ਦੇਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਕੀ ਸਾਰੇ ਕੈਦੀਆਂ ਨੂੰ ਵੀ ਆਪਣੀ ਬਿਮਾਰੀ ਦੀ ਦਵਾਈ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ? ਕੀ ਸਾਨੂੰ ਸੜਕਾਂ ’ਤੇ ਪ੍ਰਦਰਸ਼ਨ ਕਰਨਾ ਪਵੇਗਾ ?
ਸੌਰਭ ਭਾਰਦਵਾਜ ਨੇ ਕਿਹਾ ਕਿ ਆਮ ਕੈਦੀਆਂ ਨੂੰ ਅੱਜ ਵੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਚੰਗਾ ਇਲਾਜ ਕੀਤਾ ਜਾਂਦਾ ਹੈ ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਸ਼ੂਗਰ ਦੀ ਦਵਾਈ ਨਹੀਂ ਦਿੱਤੀ ਗਈ। ਸਰਕਾਰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ। ਹੁਣ ਤੱਕ ਕੇਂਦਰ ਦੀ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਅਧੀਨ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਕਹਿ ਰਹੇ ਸਨ ਕਿ ਸਾਡੇ ਕੋਲ ਕੋਈ ਸ਼ੂਗਰ ਸਪੈਸ਼ਲਿਸਟ ਨਹੀਂ ਹੈ ਅਤੇ ਅਰਵਿੰਦ ਨੂੰ ਇਨਸੁਲਿਨ ਦੇਣ ਦੀ ਕੋਈ ਲੋੜ ਨਹੀਂ ਹੈ।

Advertisement

ਸੁਨੀਤਾ ਕੇਜਰੀਵਾਲ ਨੇ ਪ੍ਰਾਚੀਨ ਹਨੂੰਮਾਨ ਮੰਦਿਰ ’ਚ ਮੱਥਾ ਟੇਕਿਆ

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਮੰਗਲਵਾਰ ਨੂੰ ਹਨੂੰਮਾਨ ਜੈਅੰਤੀ ਮੌਕੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ’ਚ ਪੂਜਾ ਅਰਚਨਾ ਕੀਤੀ। ਇਸ ਮੌਕੇ ਸੁਨੀਤਾ ਕੇਜਰੀਵਾਲ ਨੇ ਆਪਣੇ ਪਤੀ ਅਤੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਉਸ ਨੇ ਦਿੱਲੀ ਦੇ ਲੋਕਾਂ ਦੀ ਭਲਾਈ ਅਤੇ ਉੱਜਵਲ ਭਵਿੱਖ ਲਈ ਵੀ ਪ੍ਰਾਰਥਨਾ ਕੀਤੀ। ਸੁਨੀਤਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਹਨੂੰਮਾਨ ਬਾਬਾ ਸਾਰਿਆਂ ਨੂੰ ਬੁੱਧੀ ਅਤੇ ਖੁਸ਼ਹਾਲੀ ਦੇਵੇ। ਸਾਰਿਆਂ ਦੀ ਪ੍ਰੇਸ਼ਾਨੀ ਦੂਰ ਕਰੇ। ਮੈਂ ਜਲਦੀ ਹੀ ਸਰ (ਅਰਵਿੰਦ ਕੇਜਰੀਵਾਲ) ਨਾਲ ਵਾਪਸ ਆਵਾਂਗੀ।’’ ਕੇਜਰੀਵਾਲ ਦੀ ਪਾਰਟੀ ਨੇ ਐਕਸ ’ਤੇ ਪੋਸਟ ਕਰਦਿਆਂ ਲਿਖਿਆ,‘‘ਅੱਜ ਹਨੂੰਮਾਨ ਜੈਅੰਤੀ ਦੇ ਸ਼ੁੱਭ ਮੌਕੇ ’ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਨਾਟ ਪਲੇਸ ਦੇ ਪ੍ਰਾਚੀਨ ਹਨੂੰਮਾਨ ਮੰਦਰ ਸੰਕਟਮੋਚਕ ਬਜਰੰਗ ਬਲੀ ਦੇ ਦਰਸ਼ਨ ਕੀਤੇ। ਸੁਨੀਤਾ ਕੇਜਰੀਵਾਲ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਬਿਹਤਰ ਸਿਹਤ ਤੇ ਦਿੱਲੀ ਵਾਸੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।’’ ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ‘ਆਪ’ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ।

ਜਹਾਂਗੀਰਪੁਰੀ ’ਚ ਪੁਲੀਸ ਤੇ ਨੀਮ ਫੌਜੀ ਬਲ ਤਾਇਨਾਤ

ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜੈਅੰਤੀ ਮੌਕੇ ਇੱਕ ਹਿੰਦੂ ਸੰਗਠਨ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਨੂੰ ਲੈ ਕੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ। ਸ਼ੋਭਾ ਯਾਤਰਾ ਦੇ ਰੂਟ ’ਤੇ ਪੁਲੀਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ। ਇਸ ਵਾਰ ਜਹਾਂਗੀਰਪੁਰੀ ਇਲਾਕੇ ’ਚ 200 ਸੌ ਮੀਟਰ ਤੱਕ ਹੀ ਯਾਤਰਾ ਕੱਢੀ ਗਈ। ਜ਼ਿਕਰਯੋਗ ਹੈ ਕਿ ਸਾਲ 2022 ’ਚ ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ’ਤੇ ਪਥਰਾਅ ਹੋਇਆ ਸੀ, ਜਿਸ ਵਿੱਚ 8 ਪੁਲੀਸ ਕਰਮਚਾਰੀਆਂ ਸਣੇ 9 ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਇਸ ਵਾਰ ਦਿੱਲੀ ਪੁਲੀਸ ਪੂਰੀ ਤਰ੍ਹਾਂ ਚੌਕਸ ਰਹੀ। ਜਹਾਂਗੀਰਪੁਰੀ ਦੇ ਕੁਸ਼ਲ ਚੌਕ ਨੇੜੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਦੁਪਹਿਰ 2 ਵਜੇ ਇੱਥੋਂ ਯਾਤਰਾ ਕੱਢੀ ਗਈ। ਇਸ ਦੇ ਮੱਦੇਨਜ਼ਰ ਪੁਲੀਸ ਨੇ ਕੁਸ਼ਲ ਸਿਨੇਮਾ ਚੌਰਾਹੇ ਤੋਂ ਜਹਾਂਗੀਰਪੁਰੀ ਥਾਣੇ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ। ਪ੍ਰਸ਼ਾਸਨ ਨੇ ਯਾਤਰਾ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ’ਚ ਹਨੂੰਮਾਨ ਜਨਮ ਉਤਸਵ ’ਤੇ ਸ਼ੋਭਾ ਯਾਤਰਾ ਕੱਢੀ ਗਈ। ਸਵੇਰ ਤੋਂ ਹੀ ਮੰਦਰਾਂ ’ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀ। ਜ਼ਿਕਰਯੋਗ ਹੈ ਕਿ ਅੱਜ ਹਨੂੰਮਾਨ ਜੈਅੰਤੀ ਮੌਕੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਿਰ, ਕਸ਼ਮੀਰੀ ਗੇਟ ਸਥਿਤ ਮਾਰਘਾਟ ਹਨੂੰਮਾਨ ਮੰਦਿਰ ਅਤੇ ਕਰੋਲ ਬਾਗ ਸਥਿਤ 108 ਫੁੱਟ ਉੱਚੇ ਹਨੂੰਮਾਨ ਮੰਦਿਰ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਨਤਮਸਤਕ ਹੋਏ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਭੰਡਾਰੇ, ਸੱਭਿਆਚਾਰਕ ਧਾਰਮਿਕ ਸਮਾਗਮ ਕੀਤੇ ਗਏ।

Advertisement
Author Image

joginder kumar

View all posts

Advertisement
Advertisement
×