ਹਾਂਸੀ ਬੁਟਾਣਾ: ਲੋਕਾਂ ਵੱਲੋਂ ਨਹਿਰ ਦੀ ਮੁਰੰਮਤ ਦਾ ਵਿਰੋਧ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਹਰਿਆਣਾ ਵੱਲੋਂ ਪੰਜਾਬ ਤੋਂ ਆਪਣੇ ਹਿੱਸੇ ਦਾ ਪਾਣੀ ਲੈਣ ਲਈ ਡੇਢ ਦਹਾਕਾ ਪਹਿਲਾਂ ਉਸਾਰੀ ‘ਹਾਂਸੀ-ਬੁਟਾਣਾ ਨਹਿਰ’ ਨੇ ਇੱਕ ਵਾਰ ਮੁੜ ਪੰਜਾਬ ਦੇ ਕਿਸਾਨਾਂ ਦੇ ਜ਼ਖ਼ਮ ਤਾਜ਼ਾ ਕਰ ਦਿੱਤੇ ਹਨ। ਇਸ ਨਹਿਰ ’ਚ ਪਾਣੀ ਦੀ ਰੋਕ ਲੱਗਣ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਧਰ ਘੱਗਰ ’ਚ ਪਾੜ ਪੈਣ ਕਾਰਨ ਹਰਿਆਣਾ ਦੇ ਪਿੰਡ ਟਟਿਆਣਾ ਕੋਲੋਂ ਦੋਵਾਂ ਪੱਟੜੀਆਂ ਤੋਂ ਟੁੱਟੀ ਇਸ ਨਹਿਰ ਦੀ ਕੀਤੀ ਜਾ ਰਹੀ ਮੁਰੰਮਤ ਨੂੰ ਲੈ ਕੇ ਵੀ ਪੰਜਾਬ ਦੇ ਕਿਸਾਨਾਂ ਵਿਚ ਭਾਰੀ ਰੋਹ ਮੁੜ ਭਖ ਗਿਆ ਹੈ। ਇਹ ਪਾੜ ਪੂਰਨ ਲਈ ਮਿੱਟੀ ਵੀ ਪੰਜਾਬ ਵਿਚੋਂ ਚੁੱਕੀ ਜਾ ਰਹੀ ਹੈ, ਜਿਸ ਦਾ ਕਿਸਾਨ ਭਾਰੀ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਜੇ ਪਾੜ ਨਾ ਪੂਰੇ ਜਾਣ ਤਾਂ ਇਸ ਨਹਿਰ ਕਾਰਨ ਤਬਾਹੀ ਮਚਾਉਣ ਵਾਲਾ ਹੜ੍ਹਾਂ ਦਾ ਪਾਣੀ ਅੱੱਗੇ ਸੌਖਿਆਂ ਨਿਕਲ ਸਕਦਾ ਹੈ ਪਰ ਹਰਿਆਣਾ ਵੱਲੋਂ ਪਾੜ ਪੂਰਨ ਦੀ ਕਾਰਵਾਈ ਜਾਰੀ ਹੈ। ਪੰਜਾਬ ਦੇ ਕਿਸਾਨਾਂ ਦਾ ਤਰਕ ਹੈ ਕਿ ਮਾਮਲਾ ਅਦਾਲਤ ’ਚ ਹੋਣ ਕਰ ਕੇ ਇਸ ਨਹਿਰ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ।
ਉਥੇ ਹੀ ਹੜ੍ਹਾਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਦੀ ਤਬਾਹੀ ਦਾ ਕਾਰਨ ਬਣੀ ਇਸ ਨਹਿਰ ਦੇ ਖ਼ਿਲਾਫ਼ ਦੋਵੇਂ ਸੂਬਿਆਂ ਦੇ ਕਿਸਾਨ ਸਾਂਝਾ ਸੰਘਰਸ਼ ਵਿੱਢਣ ਦੇੇ ਰੌਅ ’ਚ ਵੀ ਹਨ। ਇਸ ਸਬੰਧੀ ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੀ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’ ਅਤੇ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠਲੀ ਕਿਸਾਨ ਜਥੇਬੰਦੀ ਵੱਲੋਂ 2 ਅਗਸਤ ਨੂੰ ਮੀਟਿੰਗ ਵੀ ਸੱਦੀ ਗਈ ਹੈ। ਇਹ ਜਾਣਕਾਰੀ ਕਿਸਾਨ ਆਗੂ ਭਜਨ ਸਿੰਘ ਚੱਠਾ ਨੇ ਦਿੱਤੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਚੱਠਾ ਦਾ ਕਹਿਣਾ ਹੈ ਕਿ ਘੱਗਰ ਭਾਵੇਂ 25 ਫੁੱਟ ਡੂੰਘਾ ਹੈ ਪਰ ਨਹਿਰ ਦਾ ਬੈੱਡ 12 ਫੁੱਟ ਨੀਵਾਂ ਹੋਣ ਕਰ ਕੇ ਘੱਗਰ ’ਚ ਬਾਰਾਂ ਫੁੱਟ ਡਾਫ ਲੱਗਣ ਕਾਰਨ ਪਾਣੀ ਉੱਛਲ ਕੇ ਫਸਲਾਂ ਤੇ ਘਰਾਂ ਵਿੱਚ ਜਾ ਵੜਿਆ। ਇਸ ਨਹਿਰ ਦੀ ਪੱਟੜੀ ਲਗਭਗ 20 ਫੁੱਟ ਹੈ। ਇਸ ਖੇਤਰ ਦੇ ਬਹੁਤੇ ਘਰਾਂ ’ਚ ਐਤਕੀਂ ਪਹਿਲੀ ਵਾਰ ਪਾਣੀ ਵੜਿਆ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਨੂੰ ਘੱਗਰ ਦੇ ਹੇਠਾਂ ਦੀ ਕਰਵਾਉਣ ਦੀ ਮੰਗ ’ਤੇ ਵਿਚਾਰ ਚਰਚਾ ਲਈ ਕੇਕੇਯੂ ਤੇ ਚੜੂਨੀ ਗਰੁੱਪ ਵੱਲੋਂ 2 ਅਗਸਤ ਨੂੰ ਸਾਂਝੀ ਮੀਟਿੰਗ ਰੱਖੀ ਗਈ ਹੈ।