For the best experience, open
https://m.punjabitribuneonline.com
on your mobile browser.
Advertisement

ਹੰਸ ਰਾਜ ਹੰਸ ਨੂੰ 12 ਫੀਸਦੀ ਵੋਟ ਮਿਲੇ

10:05 AM Jun 05, 2024 IST
ਹੰਸ ਰਾਜ ਹੰਸ ਨੂੰ 12 ਫੀਸਦੀ ਵੋਟ ਮਿਲੇ
ਫਰੀਦਕੋਟ ਵਿਚ ਗਿਣਤੀ ਕੇਂਤਰ ’ਤੇ ਆਪਣੇ ਸਮਰਥਕਾਂ ਨਾਲ ਭਾਜਪਾ ਉਮੀਦਵਾਰ ਹੰਸ ਰਾਏ ਹੰਸ।
Advertisement

ਜਸਵੰਤ ਜੱਸ
ਫਰੀਦਕੋਟ, 4 ਜੂਨ
ਫਰੀਦਕੋਟ ਲੋਕ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਜਿਸ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਹੰਸ ਰਾਜ ਹੰਸ ਨੇ ਫਰੀਦਕੋਟ ਲੋਕ ਸਭਾ ਹਲਕੇ ਵਿੱਚ 12 ਫੀਸਦੀ ਤੋਂ ਵੱਧ ਵੋਟ ਹਾਸਲ ਕਰਕੇ ਰਿਕਾਰਡ ਬਣਾਇਆ ਹੈ। ਅਕਾਲੀ ਦਲ ਬਾਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ 1 ਲੱਖ 38 ਹਜ਼ਾਰ ਵੋਟ ਹਾਸਲ ਕੀਤੀ ਹੈ ਜਦਕਿ ਹੰਸ ਰਾਜ ਹੰਸ ਨੇ 1 ਲੱਖ 24 ਹਜ਼ਾਰ ਵੋਟ ਹਾਸਲ ਕੀਤੀ। ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 13.65 ਫੀਸਦੀ ਵੋਟ ਪਈ ਜਦੋਂਕਿ ਹੰਸ ਰਾਜ ਹੰਸ ਨੂੰ 12.21 ਪ੍ਰਤੀਸ਼ਤ ਵੋਟ ਹਾਸਲ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ 17 ਹਜ਼ਾਰ 400 ਵੋਟ ਹਾਸਲ ਕੀਤੀ। ਇਸੇ ਤਰ੍ਹਾਂ ਹੰਸ ਰਾਜ ਹੰਸ ਇਸ ਵਿਧਾਨ ਸਭਾ ਹਲਕੇ ਵਿੱਚ 17 ਹਜ਼ਾਰ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋਏ। ਹੰਸ ਰਾਜ ਹੰਸ ਨੇ ਵੀ ਕਿਹਾ ਕਿ ਉਹ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਹੀ ਮੌਜੂਦ ਰਹਿਣਗੇ ਅਤੇ ਲੋਕਾਂ ਨਾਲ ਰਾਬਤਾ ਰੱਖਣਗੇ। ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ 17 ਹਜ਼ਾਰ ਵੋਟ ਹਾਸਲ ਹੋਈ ਸੀ ਜਦੋਂਕਿ ਇਸ ਵਾਰੀ 9 ਹਲਕਿਆਂ ਵਿੱਚੋਂ ਭਾਜਪਾ ਉਮੀਦਵਾਰ ਨੂੰ 1 ਲੱਖ 24 ਹਜਾਰ ਵੋਟ ਹਾਸਲ ਹੋਈ। ਭਾਜਪਾ ਨੇ ਸ਼ੁਰੂਆਤ ਵਿੱਚ ਹੀ 12 ਪ੍ਰਤੀਸ਼ਤ ਤੋਂ ਵੱਧ ਵੋਟ ਹਾਸਲ ਕਰਕੇ ਬਾਕੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਨੇ ਕਾਂਗਰਸ ਦੀ ਸ਼ਹਿਰੀ ਵੋਟ ਦੇ ਨਾਲ-ਨਾਲ ਪਿੰਡਾਂ ਵਿੱਚ ਦਲਿਤ ਵਰਗ ਦੀ ਵੋਟ ਹਾਸਲ ਕਰਨ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਹੈ। ਫਰੀਦਕੋਟ ਦੇ ਦੋ ਦਰਜਨ ਤੋਂ ਵੱਧ ਵੱਡੇ ਪਿੰਡਾਂ ਵਿੱਚ ਹੰਸ ਰਾਜ ਹੰਸ ਜੇਤੂ ਹੋ ਕੇ ਨਿਕਲੇ ਹਨ ਜਿਨ੍ਹਾਂ ਵਿੱਚ ਸੁੁੱਖਣ ਵਾਲਾ ਅਤੇ ਆਰਾਈਆਂ ਵਾਲਾ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ।

Advertisement

ਫ਼ਰੀਦਕੋਟ ’ਚ 23 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਮੋਗਾ (ਮਹਿੰਦਰ ਸਿੰਘ ਰੱਤੀਆਂ): ਫ਼ਰੀਦਕੋਟ ਰਾਖਵਾਂ ਹਲਕੇ ’ਚ ਅਕਾਲੀ ਦਲ ਮਾਨ, ਬਸਪਾ, ਸੀਪੀਆਈ ਸਣੇ ਕੁੱਲ 28 ਵਿਚੋਂ 23 ਉਮੀਦਵਾਰਾਂ ਦੀਆਂ ਜ਼ਮਾਨਤਾ ਜ਼ਬਤ ਹੋ ਗਈਆਂ। ਇਸ ਹਲਕੇ ਵਿਚ ਮੁੱਖ ਮੁਕਾਬਲਾ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਅਤੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦਰਮਿਆਨ ਰਿਹਾ ਜਦੋਂਕਿ ਕਾਂਗਰਸ ਤੀਜੇ, ਅਕਾਲੀ ਚੌਥੇ ਤੇ ਭਾਜਪਾ ਪੰਜਵੇਂ ਨੰਬਰ ਉੱਤੇ ਰਹੀ। ਇਹ ਚੋਣਾਂ ਜਿਥੇ ਸੂਬੇ ਦੀ ਹਾਕਮ ਧਿਰ ਲਈ ਪਰਖ ਦੀ ਘੜੀ ਸਨ ਉਥੇ ਗੁਆਚੀ ਸਿਆਸੀ ਜ਼ਮੀਨ ਤਲਾਸ਼ ਰਹੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਲਈ ਇਮਤਿਹਾਨ ਸਨ। ਗਿਣਤੀ ਸ਼ੁਰੂ ਹੋਣ ਬਾਅਦ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿਚ ਰੁਝਾਨ ਆਉਣਾ ਸ਼ੁਰੂ ਹੋਇਆ ਅਤੇ ਲੀਡ ਵਧਣ ਦੀ ਬਾਕੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਸੂਚਨਾ ਮਿਲੀ ਤਾਂ ਉਹ ਗਿਣਤੀ ਕੇਂਦਰਾਂ ਵਿੱਚ ਨਹੀਂ ਪੁੱਜੇ ਤੇ ਉਹ ਘਰ ਵਿਚ ਰਹੇ। ਭਾਵੇਂ ਸਿਆਸੀ ਧਿਰਾਂ ਦੇ ਸਮਰਥਕ ਗਿਣਤੀ ਕੇਂਦਰਾਂ ਵਿਚ ਮੌਜੂਦ ਸਨ ਤੇ ਪਲ-ਪਲ ਦੀ ਖ਼ਬਰ ਉਨ੍ਹਾਂ ਤੱਕ ਪੁੱਜਦੀ ਕਰ ਰਹੇ ਸਨ। ਕਈ ਅਕਾਲੀ ਤੇ ਕਾਂਗਰਸੀ ਆਗੂ ਇਸ ਗੱਲ ਤੋਂ ਖੁਸ਼ ਦਿਖਾਈ ਦਿੱਤੇ ਕਿ ਉਨ੍ਹਾਂ ਦੇ ਬੂਥ ਜਾਂ ਪਿੰਡ ਵਿਚ ਉਨ੍ਹਾਂ ਦੀ ਪਾਰਟੀ ਦੀ ਵੋਟ ਵਿਰੋਧੀਆਂ ਨਾਲੋਂ ਵੱਧ ਨਿਕਲੀ ਹੈ। ਫ਼ਰੀਦਕੋਟ ਦੇ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ’ਚੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ‘ਆਪ’ ਦੀ ਵੋਟ ਬੈਂਕ ਨੂੰ ਵੱਡਾ ਖੋਰਾ ਲਾਇਆ ਹੈ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚੋਂ ਹਾਕਮ ਧਿਰ ਉਮੀਦਵਾਰ ਤੋਂ 21677 ਵੱਧ ਤੇ ਬਾਘਾਪੁਰਾਣਾ ਵਿਚ 11605 ਵੱਧ ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ‘ਆਪ’ ਉਮੀਦਵਾਰ ਨੂੰ ਸਖ਼ਤ ਟੱਕਰ ਦਿੰਦੇ ਧਰਮਕੋਟ ਹਲਕੇ ਵਿਚੋਂ 561 ਤੇ ਮੋਗਾ ਸ਼ਹਿਰੀ ਹਲਕੇ ਵਿਚੋਂ 2079 ਵੋਟਾਂ ਵੱਧ ਹਾਸਲ ਕਰਕੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚੋਂ 35922 ਵੋਟਾਂ ਵੱਧ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇਸ ਹਲਕੇ ਵਿਚ ਅੰਮ੍ਰਿਤਸਰ ਅਕਾਲੀ ਦਲ ਮਾਨ ਉਮੀਦਵਾਰ ਬਲਦੇਵ ਸਿੰਘ ਗਗੜਾ, ਬਸਪਾ ਉਮੀਦਵਾਰ ਗੁਰਬਖਸ ਸਿੰਘ, ਸੀਪੀਆਈ ਉਮੀਦਵਾਰ ਗੁਰਚਰਨ ਸਿੰਘ ਮਾਨ ਸਮੇਤ 23 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਅਮਨ ਅਮਾਨ ਬਣਾਈ ਰੱਖਣ ਤੇ ਅਮਨ ਨਾਲ ਚੋਣਾਂ ਦਾ ਕੰਮ ਸਮਾਪਤ ਹੋਣ ਸਮੂਹ ਸਿਆਸੀ ਧਿਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ।

Advertisement
Author Image

joginder kumar

View all posts

Advertisement
Advertisement
×