For the best experience, open
https://m.punjabitribuneonline.com
on your mobile browser.
Advertisement

ਹੰਸ ਤੇ ਅਨਮੋਲ ਪਾਰਕਾਂ ’ਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਲੱਗੇ

12:14 PM May 06, 2024 IST
ਹੰਸ ਤੇ ਅਨਮੋਲ ਪਾਰਕਾਂ ’ਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਲੱਗੇ
ਫਰੀਦਕੋਟ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਈ
ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭੀੜ ਇਕੱਠੀ ਕਰਨ ਲਈ ਅਖਾੜੇ ਨਹੀਂ ਲੱਗ ਰਹੇ। ਉਮੀਦਵਾਰ ਇਕ-ਦੋ ਕਾਰਾਂ-ਜੀਪਾਂ ਨਾਲ ਪਿੰਡ ’ਚ ਵੜਦਾ ਹੈ ਅਤੇ 10-15 ਮਿੰਟ ਦੇ ਸੰਬੋਧਨ ਤੋਂ ਬਾਅਦ ਪਰਤ ਜਾਂਦਾ ਹੈ। ਜਿਉਂ ਜਿਉਂ ਚੋਣ ਦੰਗਲ ਭਖ ਰਿਹਾ ਹੈ ਤਿਉਂ ਤਿਉਂ ਫਿਲਮੀ ਸਿਤਾਰੇ ਵੀ ਲੋਕਾਂ ਵਿਚ ਘੁਲ ਮੁਲ ਮਿਲ ਕੇ ਮੈਦਾਨ ਫ਼ਤਿਹ ਕਰਨ ਦੀ ਕੋਸ਼ਿਸ਼ ਵਿਚ ਹਨ। ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਗਾਇਕ ਹੰਸ ਰਾਜ ਹੰਸ ਤੇ ‘ਆਪ’ ਉਮੀਦਵਾਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਅੱਜ ਤੜਕਸਾਰ ਸਥਾਨਕ ਨੇਚਰ ਪਾਰਕ ’ਚ ਪੁੱਜੇ ਤਾਂ ਉਥੇ ਮੇਲਾ ਲੱਗ ਗਿਆ। ਇਸ ਮੌਕੇ ਬੀਬੀਆਂ ਨੇ ਹੰਸ ਨੂੰ ‘ਤੈਨੂੰ ਦਿਲ ਵੀ ਦਿਆਂਗੇ’ ਗੀਤ ਸੁਣਾਉਣ ਲਈ ਕਿਹਾ। ਇਸ ਦੌਰਾਨ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਵੀ ਉਥੇ ਪੁੱਜ ਗਏ ਅਤੇ ਉਨ੍ਹਾਂ ਵੀ ਸਿਆਸੀ ਠੁਮਕੇ ਲਾਏ। ਹੰਸ ਤੇ ਅਨਮੋਲ ਭਾਵੇਂ ਚੰਗੇ ਕਲਾਕਾਰ ਹਨ ਪਰ ਰਾਜਸੀ ਪਿੜ ਵਿਚ ਲੋਕ ਉਨ੍ਹਾਂ ਦਾ ਸਾਥ ਦਿੰਦੇ ਹਨ ਜਾਂ ਨਹੀਂ, ਇਹ ਤਾਂ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਬਾਅਦ 4 ਜੂਨ ਨੂੰ ਨਤੀਜਾ ਸਾਹਮਣੇ ਆਉਣ ’ਤੇ ਹੀ ਪਤਾ ਲੱਗੇਗਾ ਪਰ ਦੋਵਾਂ ਅਦਾਕਾਰਾਂ ਨੇ ਇਸ ਵਾਰ ਦੀ ਚੋਣ ਦਿਲਚਸਪ ਬਣਾ ਦਿੱਤੀ ਹੈ। ਹੰਸ ਪਹਿਲਾਂ ਹੀ ਦਿੱਲੀ ਤੋਂ ਮੌਜੂਦਾ ਸੰਸਦ ਮੈਂਬਰ ਹਨ। ਇਸ ਹਲਕੇ ਦੇ ਵੋਟਰਾਂ ਦਾ ਦੋਸ਼ ਹੈ ਕਿ ਉਮੀਦਵਾਰ ਜਿੱਤਣ ਮਗਰੋਂ ਹਲਕੇ ਵਿਚ ਮੂੰਹ ਵੀ ਨਹੀਂ ਦਿਖਾਉਂਦੇ। ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਗਾਇਕ ਮੁਹੰਮਦ ਸਦੀਕ ’ਤੇ ਵੀ ਇਹ ਹੀ ਦੋਸ਼ ਲੱਗ ਰਿਹਾ ਹੈ ਜਿਸ ਕਾਰਨ ਕਾਂਗਰਸ ਨੇ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ।

Advertisement

ਬੀਐੱਨ ਸ਼ਰਮਾ, ਰੁਪਿੰਦਰ ਰੂਪੀ, ਨਿਸ਼ਾ ਬਾਨੋ ਤੇ ਸਿੱਪੀ ਗਿੱਲ ਵੱਲੋਂ ਅਨਮੋਲ ਦੀ ਹਮਾਇਤ

ਚੋਣ ਪ੍ਰਚਾਰ ਦੌਰਾਨ ਕਰਮਜੀਤ ਅਨਮੋਲ ਨਾਲ ਸਟੇਜ ’ਤੇ ਬੈਠੇ ਸਾਥੀ ਕਲਾਕਾਰ।

ਮੋਗਾ: ਫਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਵਿੱਚ ਉਸ ਦੇ ਸਾਥੀ ਕਲਾਕਾਰ ਵੀ ਹਿੱਸਾ ਲੈ ਰਹੇ ਹਨ। ਇਸੇ ਤਹਿਤ ਅਦਾਕਾਰ ਬੀਐੱਨ ਸ਼ਰਮਾ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਤੇ ਗਾਇਕ ਸਿੱਪੀ ਗਿੱਲ ਨੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਪਹਿਲਾਂ ਬੀਨੂੰ ਢਿੱਲੋਂ ਤੇ ਸੋਨੀਆ ਮਾਨ ਵੀ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰ ਚੁੱਕੇ ਹਨ। ਇਸ ਮੌਕੇ ਬੀਐੱਨ ਸ਼ਰਮਾ, ਨਿਸ਼ਾ ਬਾਨੋ, ਰੁਪਿੰਦਰ ਰੂਪੀ ਅਤੇ ਸਿੱਪੀ ਗਿੱਲ ਨੇ ਸੰਸਦ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਲਈ ਕਰਮਜੀਤ ਅਨਮੋਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਫਰੀਦਕੋਟ ਹਲਕੇ ਦੇ ਲੋਕਾਂ ਦਾ ਸਿਰ ਵੀ ਮਾਨ ਨਾਲ ਉੱਚਾ ਹੋਵੇਗਾ। ਇਸ ਮੌਕੇ ਕਰਮਜੀਤ ਅਨਮੋਲ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੇ ਰਾਹ ਪਿਆ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੇ ਆਧਾਰ ’ਤੇ ਵੋਟਾਂ ਮੰਗੀਆਂ।

Advertisement
Author Image

sukhwinder singh

View all posts

Advertisement
Advertisement
×