For the best experience, open
https://m.punjabitribuneonline.com
on your mobile browser.
Advertisement

ਚੀਨ ਵੱਲੋਂ ਹੈਂਗਰ ਸ਼੍ਰੇਣੀ ਦੀ ਪਣਡੁੱਬੀ ਲਾਂਚ

07:14 AM Apr 28, 2024 IST
ਚੀਨ ਵੱਲੋਂ ਹੈਂਗਰ ਸ਼੍ਰੇਣੀ ਦੀ ਪਣਡੁੱਬੀ ਲਾਂਚ
Advertisement

ਇਸਲਾਮਾਬਾਦ/ਪੇਈਚਿੰਗ, 27 ਅਪਰੈਲ
ਚੀਨ ਨੇ ਆਪਣੇ ਸਹਿਯੋਗੀ ਮੁਲਕ ਪਾਕਿਸਤਾਨ ਨੂੰ ਅਤਿ ਆਧੁਨਿਕ ਪਣਡੁੱਬੀਆਂ ਉਪਲੱਬਧ ਕਰਾਉਣ ਦੇ ਸਮਝੌਤੇ ਤਹਿਤ ਹੈਂਗਰ ਸ਼੍ਰੇਣੀ ਦੀਆਂ ਅੱਠ ਪਣਡੁੱਬੀਆਂ ’ਚੋਂ ਪਹਿਲੀ ਨੂੰ ਸਮੁੰਦਰੀ ਪਾਣੀਆਂ ’ਚ ਉਤਾਰ ਦਿੱਤਾ ਹੈ। ਇਸ ਨਾਲ ਦੋਵੇਂ ਮੁਲਕਾਂ ਵਿਚਕਾਰ ਵਧ ਰਹੇ ਦੁਵੱਲੇ ਫ਼ੌਜੀ ਸਹਿਯੋਗ ’ਚ ਇਕ ਹੋਰ ਨਵਾਂ ਮੁਕਾਮ ਜੁੜ ਗਿਆ ਹੈ। ‘ਜੀਓ ਨਿਊਜ਼’ ਦੀ ਇਕ ਰਿਪੋਰਟ ਮੁਤਾਬਕ ਵੂਚਾਂਗ ਸ਼ਿਪ ਬਿਲਡਿੰਗ ਇੰਡਸਟਰੀ ਗਰੁੱਪ ਦੇ ਸ਼ੁਆਂਗਲਿਊ ਬੇਸ ’ਤੇ ਹੋਏ ਸਮਾਗਮ ਦੌਰਾਨ ਪਾਕਿਸਤਾਨੀ ਜਲ ਸੈਨਾ ਦੇ ਚੀਫ਼ ਐਡਮਿਰਲ ਨਵੀਦ ਅਸ਼ਰਫ਼ ਨੇ ਵੀ ਹਿੱਸਾ ਲਿਆ। ਕੁੱਲ ਅੱਠ ਪਣਡੁੱਬੀਆਂ ’ਚੋਂ ਚਾਰ ਦਾ ਨਿਰਮਾਣ ਇਸ ਗਰੁੱਪ ਵੱਲੋਂ ਕੀਤਾ ਜਾ ਰਿਹਾ ਹੈ ਜਦਕਿ ਬਾਕੀ ਚਾਰ ਦਾ ਨਿਰਮਾਣ ਤਕਨਾਲੋਜੀ ਟਰਾਂਸਫਰ ਸਮਝੌਤੇ ਤਹਿਤ ਕੇ ਐੱਸ ਐਂਡ ਈਡਬਲਿਊ ’ਚ ਕੀਤਾ ਜਾ ਰਿਹਾ ਹੈ। ਅਤਿ ਆਧੁਨਿਕ ਪਣਡੁੱਬੀਆਂ ਹਥਿਆਰਾਂ ਅਤੇ ਸੈਂਸਰ ਨਾਲ ਲੈਸ ਹਨ ਅਤੇ ਇਨ੍ਹਾਂ ਰਾਹੀਂ ਪੂਰੀ ਸਟੀਕਤਾ ਨਾਲ ਨਿਸ਼ਾਨੇ ’ਤੇ ਹਮਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਡਮਿਰਲ ਅਸ਼ਰਫ਼ ਨੇ ਮੌਜੂਦਾ ਭੂ-ਰਣਨੀਤਕ ਮਾਹੌਲ ’ਚ ਸਮੁੰਦਰੀ ਸੁਰੱਖਿਆ ਦੀ ਅਹਿਮੀਅਤ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਦੇ ਜਲ ਸੈਨਾ ਦੇ ਅਹਿਦ ’ਤੇ ਜ਼ੋਰ ਦਿੱਤਾ। ਪਾਕਿਸਤਾਨ ’ਚ ਮੌਜੂਦਾ ਵਰ੍ਹੇ ਫਰਵਰੀ ’ਚ ਕੇ ਐੱਸ ਐਂਡ ਈਡਬਲਿਊ ਵੱਲੋਂ ਹੈਂਗਰ ਸ਼੍ਰੇਣੀ ਦੀ ਛੇਵੀਂ ਪਣਡੁੱਬੀ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਿਛਲੇ ਸਾਲ ਪਾਕਿਸਤਾਨੀ ਜਲ ਸੈਨਾ ਨੇ ਦੋ ਨਵੇਂ ਚੀਨੀ ਟਾਈਪ 54ਏ/ਪੀ ਫ੍ਰਿਗੇਟ (ਜਹਾਜ਼) ਨੂੰ ਸ਼ਾਮਲ ਕੀਤਾ ਸੀ। ਦੋਵੇਂ ਮੁਲਕਾਂ ਨੇ 2018 ’ਚ ਚਾਰ ਜੰਗੀ ਬੇੜਿਆਂ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×