For the best experience, open
https://m.punjabitribuneonline.com
on your mobile browser.
Advertisement

ਆਪਣਾ ਪੁੱਤ ਰਾਏ ਬਰੇਲੀ ਨੂੰ ਸੌਂਪ ਰਹੀ ਹਾਂ: ਸੋਨੀਆ ਗਾਂਧੀ

07:08 AM May 18, 2024 IST
ਆਪਣਾ ਪੁੱਤ ਰਾਏ ਬਰੇਲੀ ਨੂੰ ਸੌਂਪ ਰਹੀ ਹਾਂ  ਸੋਨੀਆ ਗਾਂਧੀ
ਰਾਏ ਬਰੇਲੀ ਵਿੱਚ ਰੈਲੀ ਦੌਰਾਨ ਇਕਜੁੱਟਤਾ ਪ੍ਰਗਟਾਉਂਦੇ ਹੋਏ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਤੇ ਭੁਪੇਸ਼ ਬਘੇਲ। -ਫੋਟੋ: ਪੀਟੀਆਈ
Advertisement

ਰਾਏ ਬਰੇਲੀ (ਯੂਪੀ), 17 ਮਈ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਏ ਬਰੇਲੀ ਦੇ ਵਾਸੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣਾ ਪੁੱਤ ਸੌਂਪ ਰਹੇ ਹਨ ਅਤੇ ਰਾਹੁਲ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ। ਰੈਲੀ ਨੂੰ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ, ਸਪਾ ਮੁਖੀ ਅਖਿਲੇਸ਼ ਯਾਦਵ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸੰਬੋਧਨ ਕੀਤਾ।
ਇੱਥੇ ਰਾਏ ਬਰੇਲੀ ਤੋਂ ਕਾਂਗਰਸ ਉਮੀਦਵਾਰ ਤੇ ਆਪਣੇ ਪੁੱਤਰ ਰਾਹੁਲ ਗਾਂਧੀ ਦੇ ਹੱਕ ਵਿੱਚ ‘ਇੰਡੀਆ’ ਗੱਠਜੋੜ ਦੇ ਅਹਿਮ ਆਗੂਆਂ ਦੀ ਹਾਜ਼ਰੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ, ‘ਭਰਾਵੋ ਤੇ ਭੈਣੋਂ ਮੈਂ ਤੁਹਾਨੂੰ ਆਪਣਾ ਪੁੱਤ ਸੌਂਪ ਰਹੀ ਹਾਂ। ਜਿਵੇਂ ਤੁਸੀਂ ਮੈਨੂੰ ਆਪਣਾ ਮੰਨਿਆ, ਉਸੇ ਤਰ੍ਹਾਂ ਰਾਹੁਲ ਨੂੰ ਵੀ ਆਪਣਾ ਮੰਨਣਾ। ਰਾਹੁਲ ਤੁਹਾਨੂੰ ਨਿਰਾਸ਼ ਨਹੀਂ ਕਰਨਗੇ।’ ਉਨ੍ਹਾਂ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਕਾਫੀ ਸਮੇਂ ਬਾਅਦ ਤੁਹਾਡੇ ਵਿਚ ਆਉਣ ਦਾ ਮੌਕਾ ਮਿਲਿਆ। ਤੁਹਾਡੇ ਸਾਹਮਣੇ ਮੇਰਾ ਸਿਰ ਸ਼ਰਧਾ ਨਾਲ ਝੁਕਿਆ ਹੋਇਆ ਹੈ।’ ਇਸ ਖੇਤਰ ਨਾਲ ਆਪਣੇ ਪਰਿਵਾਰਕ ਰਿਸ਼ਤੇ ਦੀ ਮਜ਼ਬੂਤੀ ਦੁਹਰਾਉਂਦਿਆਂ ਉਨ੍ਹਾਂ ਕਿਹਾ, ‘20 ਸਾਲ ਤੱਕ ਇੱਕ ਸੰਸਦ ਮੈਂਬਰ ਵਜੋਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਰਮਾਇਆ ਹੈ। ਰਾਏ ਬਰੇਲੀ ਮੇਰਾ ਪਰਿਵਾਰ ਹੈ, ਅਮੇਠੀ ਵੀ ਮੇਰਾ ਘਰ ਹੈ।’ ਉਨ੍ਹਾਂ ਕਿਹਾ, ‘ਇੱਥੇ ਨਾ ਸਿਰਫ਼ ਜੀਵਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਬਲਕਿ ਪਿਛਲੇ ਸੌ ਸਾਲਾਂ ਤੋਂ ਮੇਰੇ ਪਰਿਵਾਰ ਦੀਆਂ ਜੜ੍ਹਾਂ ਇਸ ਮਿੱਟੀ ਨਾਲ ਜੁੜੀਆਂ ਹੋਈਆਂ ਹਨ।’ ਉਨ੍ਹਾਂ ਕਿਹਾ, ‘ਗੰਗਾ ਮਾਂ ਦੀ ਤਰ੍ਹਾਂ ਪਵਿੱਤਰ ਇਹ ਰਿਸ਼ਤਾ ਅਵਧ ਤੇ ਰਾਏ ਬਰੇਲੀ ਦੇ ਕਿਸਾਨ ਅੰਦੋਲਨ ਨਾਲ ਸ਼ੁਰੂ ਹੋਇਆ ਤੇ ਅੱਜ ਤੱਕ ਕਾਇਮ ਹੈ।’ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯਾਦ ਸਾਂਝੀ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ, ‘ਇੰਦਰਾ ਜੀ ਦੇ ਦਿਲ ਵਿੱਚ ਰਾਏ ਬਰੇਲੀ ਲਈ ਇੱਕ ਵੱਖਰੀ ਥਾਂ ਸੀ। ਮੈਂ ਉਨ੍ਹਾਂ ਨੂੰ ਕੰਮ ਕਰਦਿਆਂ ਨੇੜਿਓਂ ਦੇਖਿਆ। ਉਨ੍ਹਾਂ ਦੇ ਮਨ ’ਚ ਤੁਹਾਡੇ ਪ੍ਰਤੀ ਬਹੁਤ ਲਗਾਓ ਸੀ।’
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਰ ਦੇ ਨੌਜਵਾਨ ਆਪਣਾ ਮਨ ਬਣਾ ਚੁੱਕੇ ਹਨ ਕਿ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਦਾਅਵਾ ਕੀਤਾ ਕਿ ਚਾਰ ਜੂਨ ਮਗਰੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਅਤੇ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤੇ ਇਹ ਸਰਕਾਰ ਜਨਤਾ ਦੀ ਹੋਵੇਗੀ। ਭਾਰਤੀ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਆਰਐੱਸਐੱਸ ਦੇ ਲੋਕ ਇਸ ਕਿਤਾਬ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਤੇ ਆਰਐੱਸਐੱਸ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਸੁਫਨੇ ਨਾ ਦੇਖੋ, ਇਸ ਕਿਤਾਬ ਨੂੰ ਕੋਈ ਖਤਮ ਨਹੀਂ ਕਰ ਸਕਦਾ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਕਿਸਾਨਾਂ, ਮਹਿਲਾਵਾਂ, ਗਰੀਬਾਂ ਤੇ ਨੌਜਵਾਨਾਂ ਦੀ ਆਵਾਜ਼ ਨੂੰ ਅਣਸੁਣਿਆਂ ਕੀਤਾ ਹੈ। ਸਪਾ-ਕਾਂਗਰਸ ਦੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ, ‘ਇਨ੍ਹਾਂ ਚੋਣਾਂ ’ਚ ਤੁਸੀਂ ਸਾਰੇ ਦੇਸ਼ ਨੂੰ ਦਿਖਾਇਆ ਕਿ ਤੁਸੀਂ ਦੋ ਪਾਰਟੀਆਂ ਨਹੀਂ ਬਲਕਿ ਇੱਕ ਸੈਨਾ ਹੋ।’ ਰਾਏ ਬਰੇਲੀ ਨਾਲ ਰਿਸ਼ਤਾ ਜੋੜਦਿਆਂ ਪ੍ਰਿਯੰਕਾ ਨੇ ਕਿਹਾ, ‘ਇਸ ਖੇਤਰ ਨਾਲ ਪ੍ਰੇਮ, ਪਰਿਵਾਰ ਤੇ ਸ਼ਰਧਾ ਨਾਲ ਭਰਿਆ ਮੇਰੇ ਪਰਿਵਾਰ ਦਾ ਇੱਕ ਰਿਸ਼ਤਾ ਹੈ।’ ਉਨ੍ਹਾਂ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ। ਰਾਏ ਬਰੇਲੀ ’ਚ ਪੰਜਵੇਂ ਗੇੜ ਤਹਿਤ 20 ਮਈ ਨੂੰ ਵੋਟਾਂ ਪੈਣਗੀਆਂ। ਸਪਾ ਆਗੂ ਅਖਿਲੇਸ਼ ਯਾਦਵ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਖਟਾਖਟ-ਖਟਾਖਟ’ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਜਨਤਾ ਇਨ੍ਹਾਂ ਨੂੰ ਕਹਿ ਰਹੀ ਹੈ ਕਿ ਤੁਹਾਨੂੰ ਹਟਾ ਦੇਵਾਂਗੇ ‘ਫਟਾਫਟ-ਫਟਾਫਟ-ਫਟਾਫਟ’। ਯਾਦਵ ਨੇ ਕਿਹਾ, ‘ਉਹ ਕਹਿ ਰਹੇ ਹਨ ਕਿ ਅਸੀਂ ਲੋਕ ਵਿਦੇਸ਼ ਚਲੇ ਜਾਵਾਂਗੇ ਪਰ ਦੇਸ਼ ਦੀ ਜਨਤਾ ਜਾਣਦੀ ਹੈ ਕਿ ਉਨ੍ਹਾਂ ਆਪਣੇ ਖਾਸਮਖਾਸ ਲੋਕਾਂ ਨੂੰ ਇੱਕ ਤੋਂ ਬਾਅਦ ਇੱਕ ਵਿਦੇਸ਼ ਭੇਜਣ ਦਾ ਕੰਮ ਕੀਤਾ ਹੈ।’ -ਪੀਟੀਆਈ

Advertisement

ਅਮੇਠੀ ਤੇ ਰਾਏ ਬਰੇਲੀ ਦਾ ਬਰਾਬਰ ਵਿਕਾਸ ਕਰਾਂਗੇ: ਰਾਹੁਲ

ਅਮੇਠੀ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਦਾ ਸਨਮਾਨ ਕਰਦੇ ਹੋਏ ਪਾਰਟੀ ਵਰਕਰ। -ਫੋਟੋ: ਪੀਟੀਆਈ

ਅਮੇਠੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਅਮੇਠੀ ਤੇ ਰਾਏ ਬਰੇਲੀ ਵਿਚ ਇਕੋ ਜਿਹਾ ਵਿਕਾਸ ਕਰਨਗੇ। ਰਾਹੁਲ ਗਾਂਧੀ ਐਤਕੀਂ ਰਾਏ ਬਰੇਲੀ ਤੋਂ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਚੋਣ ਲੜ ਰਹੇ ਹਨ। ਉਹ ਤਿੰਨ ਵਾਰ ਅਮੇਠੀ ਤੋਂ ਵੀ ਸੰਸਦ ਮੈਂਬਰ ਰਹੇ, ਪਰ 2019 ਵਿਚ ਉਹ ਮੌਜੂਦਾ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ। ਕਾਂਗਰਸ ਉਮੀਦਵਾਰ ਕੇਐੱਲ ਸ਼ਰਮਾ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਕੀਤੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘‘ਜੇਕਰ ਰਾਏ ਬਰੇਲੀ ਵਿਚ ਵਿਕਾਸ ਕਾਰਜ ਲਈ ਦਸ ਰੁਪਏ ਖਰਚੇ ਜਾਂਦੇ ਹਨ ਤਾਂ ਅਮੇਠੀ ਲਈ ਵੀ ਬਰਾਬਰ ਦੀ ਰਕਮ ਖਰਚ ਹੋਵੇਗੀ... ਇਹ ਮੇਰਾ ਵਾਅਦਾ ਹੈ।’’ ਉਨ੍ਹਾਂ ਪਿਛਲੇ 40 ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ‘ਨਿਰਸੁਆਰਥ’ ਸੇਵਾ ਲਈ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਦਾ ਚੋਣ ਵਾਅਦਾ ਦੁਹਰਾਉਂਦਿਆਂ ਕਿਹਾ ਕਿ ਜੇ ਕਾਂਗਰਸ ਕੇਂਦਰ ਵਿਚ ਸਰਕਾਰ ਬਣਾਉਂਦੀ ਹੈ ਤਾਂ ਹਰੇਕ ਨੌਜਵਾਨ ਨੂੰ 8500 ਰੁਪਏ ਮਾਸਿਕ (ਸਾਲਾਨਾ ਇਕ ਲੱਖ ਰੁਪਏ) ਦਿੱਤੇ ਜਾਣਗੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਅਗਨੀਵੀਰ ਸਕੀਮ ਰੱਦ ਕਰੇਗੀ ਤੇ ਪੈਨਸ਼ਨ ਦੀ ਵਿਵਸਥਾ ਦੇ ਨਾਲ ਸਥਾਈ ਨਿਯੁਕਤੀ ਵਾਲਾ ਪ੍ਰਬੰਧ ਵਾਪਸ ਲਿਆਂਦਾ ਜਾਵੇਗਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×