ਹੱਥਾਂ ਦੀਆਂ ਲਕੀਰਾਂ
ਜਸਬੀਰ ਢੰਡ
ਸਾਡਾ ਪਿੱਛਾ ਭਿੰਡਰ ਕਲਾਂ ਦਾ ਹੈ। ਬਾਬਾ ਲਾਲਾ ਲੱਭੂ ਰਾਮ ਮਲਾਇਆ ਖੱਟੀ ਕਰ ਕੇ ਲਿਆਇਆ ਸੀ। ਪਿੰਡ ਵਿੱਚ ਉਹ ਅਤੇ ਤਾਇਆ ਹੰਸ ਰਾਜ ਗਹਿ ਗੱਡਵੀਂ ਦੁਕਾਨ ਕਰਦੇ ਸਨ। ਸਾਡਾ ਪਿਤਾ ਅਤੇ ਬਾਬਾ ਤਾਂ ਡਰੂ ਸੁਭਾਅ ਦੇ ਸਨ ਪਰ ਤਾਇਆ ਗੰਡਾਸੀ ਰੱਖਦਾ ਸੀ।
ਉਨ੍ਹਾਂ ਪਿੰਡਾਂ ਵਿੱਚ ਅਰਜਨ ਸਲ੍ਹੀਣੇ ਵਾਲਾ ਵਿਚੋਲਾ ਹੁੰਦਾ ਸੀ। ਉਹ ਸਾਡੇ ਪਿਤਾ ਲਈ ਰਿਸ਼ਤਾ ਲੈ ਕੇ ਆਇਆ। ਮੇਰੇ ਨਾਨਕੇ ਚਾਵਾ ਪਾਇਲ ਦੇ ਹਨ। ਬਾਬੇ ਨੂੰ ਰਿਸ਼ਤੇ ਲਈ ਕੀ ਇਤਰਾਜ਼ ਹੋਣਾ ਸੀ ਪਰ ਨਾਨੇ ਨੇ ਸਿਰ ਮਾਰ ਦਿੱਤਾ- ‘ਅਸੀਂ ਪਿੰਡ ਵਿੱਚ ਕੁੜੀ ਨਹੀਂ ਵਿਆਹੁਣੀ।’ ਚਲੋ, ਗੱਲ ਆਈ ਗਈ ਹੋ ਗਈ।
ਉਨ੍ਹੀਂ ਦਿਨੀਂ ਪਿੰਡਾਂ ਵਿੱਚ ਡਾਕੇ ਪਿਆ ਕਰਦੇ। ਡਾਕੂ ਦਿਨੇ ਘੋੜਿਆਂ ’ਤੇ ਬੰਦੂਕਾਂ ਲੈ ਕੇ ਆਉਂਦੇ, ਲਲਕਾਰਾ ਮਾਰਦੇ ਤਾਂ ਸਾਰਾ ਪਿੰਡ ਸੁੱਸਰੀ ਵਾਂਗ ਸੌਂ ਜਾਂਦਾ।
ਪਿਛਲੇ ਡਾਕੇ ਤੋਂ ਬਾਅਦ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਅਗਲਾ ਡਾਕਾ ਲੱਭੂ ਰਾਮ ਦੇ ਪੈਣਾ ਹੈ। ਬਾਬਾ ਡਰ ਗਿਆ। ਪਿੰਡ ਛੱਡ ਕੇ ਮੋਗੇ ਵਸਣ ਦਾ ਫੈਸਲਾ ਹੋ ਗਿਆ, ਭਾਵੇਂ ਤਾਇਆ ਆਖਦਾ ਰਿਹਾ ਬਈ ਏਨਾ ਡਰਨ ਦੀ ਲੋੜ ਨਹੀਂ। ਇੱਕ ਰਾਤ ਸਮਾਨ ਗੱਡਿਆਂ ’ਤੇ ਲੱਦਿਆ ਤੇ ਮੋਗੇ ਆ ਡੇਰੇ ਲਾਏ।
ਮੁੱਖ ਬਜ਼ਾਰ ਵਿੱਚ ਰੇਲਵੇ ਸਟੇਸ਼ਨ ਨੇੜੇ ਦੋ ਦੁਕਾਨਾਂ ਕਰ ਲਈਆਂ। ਤਾਏ ਹੰਸ ਰਾਜ ਦੀ ਬਜਾਜੀ ਦੀ ਤੇ ਪਿਤਾ ਦੀ ਪੰਸਾਰੀ ਦੀ। ਬਾਬਾ ਸਾਡਾ ਸਾਂਝਾ ਜਿਸ ਨੂੰ ਲੋੜ ਹੁੰਦੀ, ਬਿਠਾ ਲੈਂਦਾ।
ਜ਼ਿੰਦਗੀ ਆਰਾਮ ਨਾਲ ਬਸਰ ਹੋ ਰਹੀ ਸੀ ਕਿ ਦੇਸ਼ ਦੀ ਵੰਡ ਨਾਲ ਭਿਆਨਕ ਹੱਲੇ-ਗੁੱਲੇ ਆਰੰਭ ਹੋ ਗਏ। ਫਿਰਕੂ ਦੰਗੇ ਹੋਣ ਲੱਗ ਪਏ। ਪਾਕਿਸਤਾਨ ਵੱਲੋਂ ਰੇਲਵੇ ਸਟੇਸ਼ਨ ’ਤੇ ਵੱਢੀਆਂ-ਟੁੱਕੀਆਂ ਲਹੂ ਲੁਹਾਣ ਲਾਸ਼ਾਂ ਲੋਕ ਦੇਖਣ ਆਉਂਦੇ। ਸਾਡਾ ਪਿਤਾ ਤਾਂ ਨਹੀਂ ਜਾਂਦਾ ਸੀ ਪਰ ਤਾਇਆ ਹੰਸ ਰਾਜ ਲਾਸ਼ਾਂ ਦੇਖਣ ਚਲਾ ਜਾਂਦਾ। ਸ਼ਹਿਰ ਵਿੱਚ ਹੈਜ਼ਾ ਫੈਲ ਗਿਆ। ਤਾਏ ਨੂੰ ਹੈਜ਼ਾ ਹੋ ਗਿਆ। ਦੋਵੇਂ ਕਲਾਂ ਛੁੱਟ ਗਈਆਂ। ਰਾਤ ਪੈ ਗਈ, ਕੋਈ ਡਾਕਟਰ ਨਾ ਮਿਲਿਆ। ਤਾਇਆ ਰਾਤੋ-ਰਾਤ ਪੂਰਾ ਹੋ ਗਿਆ। ਦੇਸ਼ ਦੀ ਫਿਰਕੂ ਵੰਡ ਨੇ ਹੱਸਦੇ ਵੱਸਦੇ ਘਰ ਦਾ ਕਮਾਊ ਨਿਗਲ ਲਿਆ ਸੀ। ਅਗਲੇ ਸਾਲ ਸਦਮਾ ਨਾ ਸਹਾਰਦਿਆਂ ਬਾਬਾ ਵੀ ਚੱਲ ਵਸਿਆ। ਇੱਕ ਦੁਕਾਨ ਬੰਦ ਹੋ ਗਈ।
ਮਕਾਨ ਵੀ ਕਿਰਾਏ ’ਤੇ ਅਤੇ ਦੁਕਾਨ ਵੀ। ਉਪਰੋਂ ਅਸੀਂ ਸੱਤ ਭੈਣ-ਭਰਾ। ਅੰਨ੍ਹੀ ਦਾਦੀ ਤੇ ਸਹੁਰਿਆਂ ਵੱਲੋਂ ਛੱਡੀ ਪ੍ਰਸਿੰਨੀ ਭੂਆ ਦੀ ਤਪਦਿਕ ਦੀ ਬਿਮਾਰੀ ਦਾ ਖਰਚ। ਬਾਪ ਇਕੱਲਾ ਕਬੀਲਦਾਰੀ ਵਿੱਚ ਕਦੇ ਕਿਤੇ ਜਾਂਦਾ, ਕਦੇ ਕਿਤੇ; ਦੁਕਾਨ ਬੰਦ ਰਹਿੰਦੀ। ਉਧਾਰ ਮਿਲਣੋਂ ਹਟ ਗਿਆ। ਅਖ਼ੀਰ ਸ਼ਹਿਰ ਛੱਡ ਕੇ ਨਾਨਕੇ ਪਿੰਡ ਰਹਿਣ ਦਾ ਫੈਸਲਾ ਹੋ ਗਿਆ। ਪਹਿਲਾਂ ਪਿੰਡ ਗੱਡਿਆਂ ’ਤੇ ਸ਼ਹਿਰ ਸਮਾਨ ਢੋਇਆ ਸੀ, ਹੁਣ ਸ਼ਹਿਰੋਂ ਪਿੰਡ ਨੂੰ ਟਰੱਕ ’ਤੇ ਰਾਤੋ-ਰਾਤ ਸਮਾਨ ਢੋਅ ਕੇ ਪਿੰਡ ਆ ਡੇਰੇ ਲਾ ਲਏ।
ਪਿੰਡ ਮੂੰਹ-ਕੂਲ ਬਾਪ ਤੋਂ ਲੋਕ ਉਧਾਰ ਲੈ ਜਾਂਦੇ ਤੇ ਮੋੜਨ ਦਾ ਨਾਉਂ ਨਾ ਲੈਂਦੇ। ਅਖ਼ੀਰ ਦੁਕਾਨ ਬੰਦ ਹੋ ਗਈ। ਫਿਰ ਬਾਪ ਦੇ ਪੈਰ ਨਹੀਂ ਲੱਗੇ। ਕਈ ਪਾਪੜ ਵੇਲੇ। ਪਿੰਡ-ਪਿੰਡ ਸਾਈਕਲ ’ਤੇ ਫਿਰ ਕੇ ਸਬਜ਼ੀ ਵੀ ਵੇਚੀ। ਕਦੇ ਆਟੇ ਵਾਲੀ ਚੱਕੀ ’ਤੇ ਲੱਗ ਗਿਆ। ਏਡੀ ਵੱਡੀ ਕਬੀਲਦਾਰੀ ਨਾਲ ਸਾਡੀ ਮਾਂ ਲਟਾ-ਪੀਂਘ ਹੋਈ ਰਹਿੰਦੀ। ਮੈਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਦਸ ਸਾਲਾਂ ਵਿੱਚ ਨਾਨਕਿਆਂ ਵੱਲੋਂ ਕਦੀ ਕੋਈ ਨਾ ਬਹੁੜਿਆ। ਚਾਰ ਮਾਮੇ ਦਿੱਲੀ ਤੇ ਇੱਕ ਵੱਡਾ ਗਾਜ਼ੀਆਬਾਦ ਸੀ। ਨਾ ਕੋਈ ਮਾਸੀ ਨਾ ਮਾਸੜ। ਕਿਸੇ ਨੇ ਕਦੇ ਖਬ਼ਰ ਨਾ ਲਈ ਬਈ ਧੀ ਕਿੱਥੇ, ਕਿਨ੍ਹੀਂ ਹਾਲੀਂ ਹੈ। ਮੈਨੂੰ ਏਨਾ ਕੁ ਯਾਦ ਹੈ ਕਿ ਜਦੋਂ ਦਾਦੀ ਮਰੀ ਸੀ ਤਾਂ ਛੋਟਾ ਮਾਮਾ ਦਿੱਲੀ ਤੋਂ ਭੋਗ ਵਾਲੇ ਦਿਨ ਲੱਡੂਆਂ ਦਾ ਪੀਪਾ ਲੈ ਕੇ ਆਇਆ ਸੀ। ਸਾਥੋਂ ਕਿਹੜਾ ਨਾਨਕੀਂ ਜਾਇਆ ਜਾਂਦਾ ਸੀ। ਬੱਸ ਇੱਕ ਵਾਰ ਛੋਟੀ ਮਾਸੀ ਤੇ ਮਹਾਰਾਜ ਮਾਮੇ ਦੇ ਵਿਆਹ ’ਤੇ ਜਾਣ ਦੀ ਯਾਦ ਹੈ। ਮਾਸੀ ਦੇ ਵਿਆਹ ਵੇਲੇ ਕੱਪੜੇ ਲੱਤੇ ਤੇ ਸ਼ਗਨ-ਛਮਈਏ ਲਈ ਮਾਂ ਦੇ ਕੰਨ ਦਾ ਇੱਕ ਕਾਂਟਾ ਵੇਚਣਾ ਪਿਆ ਸੀ। ਨਾਨੇ ਨੇ ਤਾਂ ਧੀ ਨੂੰ ਸ਼ਹਿਰ ਵਿਆਹ ਕੇ ਆਪਣਾ ਵਚਨ ਪੂਰਾ ਕਰ ਦਿਖਾਇਆ ਸੀ ਪਰ... ‘ਬਿਰਹਾ ਦੇ ਸੁਲਤਾਨ’ ਨੇ ਸ਼ਾਇਦ ਮਾਂ ਵਾਸਤੇ ਹੀ ਲਿਖਿਆ ਸੀ:
ਕਰਮਾਂ ਦੀ ਮਹਿੰਦੀ ਦਾ ਸੱਜਣਾ, ਰੰਗ ਕਿਵੇਂ ਦੱਸ ਚੜ੍ਹਦਾ ਵੇ!
ਜੇ ਕਿਸਮਤ ਮਿਰਚਾਂ ਦੇ ਪੱਤਰ, ਪੀਸ ਤਲੀ ’ਤੇ ਲਾਏ ਵੇ!
ਸੰਪਰਕ: 94172-87399