ਖ਼ਾਨ ਯੂਨਿਸ, 1 ਫਰਵਰੀਹਮਾਸ ਨੇ ਜੰਗਬੰਦੀ ਸਮਝੌਤੇ ਤਹਿਤ ਤਿੰਨ ਹੋਰ ਬੰਦੀਆਂ ਨੂੰ ਅੱਜ ਰਿਹਾਅ ਕਰ ਦਿੱਤਾ। ਉਧਰ ਇਜ਼ਰਾਈਲ ਨੇ ਵੀ ਵੱਖ ਵੱਖ ਜੇਲ੍ਹਾਂ ’ਚ ਬੰਦ 183 ਫਲਸਤੀਨੀਆਂ ਨੂੰ ਛੱਡ ਦਿੱਤਾ।ਹਮਾਸ ਨੇ ਯਾਰਡੇਨ ਬਿਬਾਸ ਅਤੇ ਫਰਾਂਸੀਸੀ-ਇਜ਼ਰਾਇਲੀ ਓਫੇਰ ਕਾਲਡੇਰੋਨ ਨੂੰ ਖ਼ਾਨ ਯੂਨਿਸ ’ਚ ਰੈੱਡਕ੍ਰਾਸ ਦੇ ਅਧਿਕਾਰੀਆਂ ਹਵਾਲੇ ਕੀਤਾ ਜਦਕਿ ਕਮਜ਼ੋਰ ਦਿਖਾਈ ਦੇ ਰਹੇ ਅਮਰੀਕੀ ਬੰਦੀ ਕੀਥ ਸੀਗਲ ਨੂੰ ਗਾਜ਼ਾ ਸਿਟੀ ’ਚ ਰੈੱਡਕ੍ਰਾਸ ਹਵਾਲੇ ਕੀਤਾ ਗਿਆ। ਤਿੰਨੋਂ ਬੰਦੀਆਂ ਨੂੰ ਹਮਾਸ ਨੇ 7 ਅਕਤੂਬਰ, 2023 ’ਚ ਇਜ਼ਰਾਈਲ ’ਤੇ ਹਮਲਾ ਕਰਕੇ ਅਗ਼ਵਾ ਕਰ ਲਿਆ ਸੀ ਜਿਸ ਮਗਰੋਂ ਜੰਗ ਸ਼ੁਰੂ ਹੋਈ ਸੀ। ਜੰਗਬੰਦੀ ਹੋਣ ਮਗਰੋਂ ਹਮਾਸ ਵੱਲੋਂ ਹੁਣ ਤੱਕ 18 ਬੰਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਕੁੱਲ 33 ਬੰਦੀਆਂ ਨੂੰ ਕਰੀਬ 2 ਹਜ਼ਾਰ ਫ਼ਲਸਤੀਨੀ ਕੈਦੀਆਂ ਦੇ ਬਦਲੇ ’ਚ ਰਿਹਾਅ ਕੀਤਾ ਜਾਣਾ ਹੈ। ਇਜ਼ਰਾਈਲ ਅਤੇ ਹਮਾਸ ਜੰਗਬੰਦੀ ਦੇ ਦੂਜੇ ਪੜਾਅ ਲਈ ਅਗਲੇ ਹਫ਼ਤੇ ਤੋਂ ਵਾਰਤਾ ਕਰਨਗੇ।ਇਜ਼ਰਾਈਲ ਨੇ ਕਿਹਾ ਕਿ ਹਮਾਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੰਦੀ ਬਣਾਏ ਗਏ ਅੱਠ ਵਿਅਕਤੀ ਹਮਲਿਆਂ ਦੌਰਾਨ ਜਾਂ ਕੈਦ ’ਚ ਮਾਰੇ ਜਾ ਚੁੱਕੇ ਹਨ। ਉਧਰ ਬਿਮਾਰ ਅਤੇ ਜ਼ਖ਼ਮੀ 50 ਫਲਸਤੀਨੀ ਬੱਚੇ ਇਲਾਜ ਲਈ ਮਿਸਰ ਤੋਂ ਰਾਫ਼ਾਹ ਸਰਹੱਦ ਰਾਹੀਂ ਗਾਜ਼ਾ ਵੱਲ ਰਵਾਨਾ ਹੋ ਗਏ ਹਨ। ਰਾਫ਼ਾਹ ਸਰਹੱਦੀ ਲਾਂਘਾ ਖੁੱਲ੍ਹਣ ਨਾਲ ਵੱਡੀ ਰਾਹਤ ਮਿਲੀ ਹੈ ਅਤੇ ਨਿਗਰਾਨੀ ਲਈ ਯੂਰਪੀ ਯੂਨੀਅਨ ਸਿਵਲੀਅਨ ਮਿਸ਼ਨ ਤਾਇਨਾਤ ਕੀਤਾ ਗਿਆ ਹੈ। -ਏਪੀ