ਸ਼ਰਨਾਰਥੀ ਕੈਂਪ ’ਤੇ ਹਮਲੇ ’ਚ ਹਮਾਸ ਕਮਾਂਡਰ ਪਰਿਵਾਰ ਸਣੇ ਹਲਾਕ
ਯੇਰੂਸ਼ਲਮ, 5 ਅਕਤੂਬਰ
ਉੱਤਰੀ ਲਿਬਨਾਨ ’ਚ ਫਲਸਤੀਨੀਆਂ ਦੇ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਮਲੇ ’ਚ ਹਮਾਸ ਕਮਾਂਡਰ ਸਈਦ ਅਤੱਲ੍ਹਾ ਅਲੀ ਅਤੇ ਉਸ ਦੇ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ। ਹਮਾਸ ਨੇ ਬਿਆਨ ’ਚ ਕਿਹਾ ਕਿ ਇਹ ਹਮਲਾ ਅੱਜ ਤੜਕੇ ਹੋਇਆ। ਉਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਬੇਦਾਵੀ ਸਥਿਤ ਸ਼ਰਨਾਰਥੀ ਕੈਂਪ ’ਤੇ ਕੀਤੇ ਗਏ ਹਮਲੇ ਦੌਰਾਨ ਹਮਾਸ ਦੇ ਫੌਜੀ ਵਿੰਗ ਕਾਸਮ ਬ੍ਰਿਗੇਡ ਦੇ ਕਮਾਂਡਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਅਲੀ ਤੋਂ ਇਲਾਵਾ ਉਸ ਦੀ ਪਤਨੀ ਸ਼ਾਯਮਾ ਅਜ਼ਮ ਅਤੇ ਦੋ ਧੀਆਂ ਜ਼ੈਨਬ ਤੇ ਫਾਤਿਮਾ ਦੀ ਵੀ ਮੌਤ ਹੋ ਗਈ। ਇਜ਼ਰਾਈਲ ਨੇ ਬੇਰੂਤ ਦੇ ਦੱਖਣੀ ਇਲਾਕਿਆਂ ’ਚ 12 ਹਵਾਈ ਹਮਲੇ ਕੀਤੇ ਜਿਸ ’ਚ ਘੱਟੋ ਘੱਟ ਛੇ ਵਿਅਕਤੀ ਹਲਾਕ ਹੋ ਗਏ ਹਨ। ਇਜ਼ਰਾਈਲ ਨੇ ਮੰਗਲਵਾਰ ਨੂੰ ਲਿਬਨਾਨ ’ਚ ਹਿਜ਼ਬੁੱਲਾ ਖ਼ਿਲਾਫ਼ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਦੱਖਣੀ ਲਿਬਨਾਨ ’ਚ ਜੰਗ ਦੌਰਾਨ ਉਨ੍ਹਾਂ ਦੇ 9 ਫੌਜੀ ਮਾਰੇ ਜਾ ਚੁੱਕੇ ਹਨ। ਲਿਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਲਿਬਨਾਨ ’ਚ ਕਰੀਬ ਦੋ ਹਜ਼ਾਰ ਵਿਅਕਤੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਦੀ ਮੌਤ 23 ਸਤੰਬਰ ਤੋਂ ਬਾਅਦ ਦੇ ਹਮਲਿਆਂ ’ਚ ਹੋਈ ਹੈ। -ਏਪੀ
ਸੀਰੀਆ ’ਚ ਫੌਜੀ ਹਵਾਈ ਅੱਡੇ ਨੇੜੇ ਦੋ ਧਮਾਕੇ
ਦਮਸ਼ਕ: ਸੀਰੀਆ ਦੇ ਸ਼ਹਿਰ ਪਲਮੀਰਾ ’ਚ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਦੋ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ। ਮਨੁੱਖੀ ਹੱਕਾਂ ਬਾਰੇ ਸੀਰੀਅਨ ਆਬਜ਼ਰਵੇਟਰੀ ਨੇ ਕਿਹਾ ਕਿ ਧਮਾਕਾ ਪਲਮੀਰਾ ਫੌਜੀ ਹਵਾਈ ਅੱਡੇ ਨੇੜੇ ਹੈਂਗਰ ਅੰਦਰ ਹੋਇਆ, ਜਿਸ ਨੂੰ ਹਥਿਆਰਾਂ ਦੇ ਡਿਪੂ ਵਜੋਂ ਵਰਤਿਆ ਜਾ ਰਿਹਾ ਸੀ। ਚੀਨੀ ਖ਼ਬਰ ਏਜੰਸੀ ਸਿਨਹੁਆ ਮੁਤਾਬਕ ਦੂਜਾ ਧਮਾਕਾ ਹੈਂਗਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਦੋ ਮੰਜ਼ਿਲਾ ਇਮਾਰਤ ’ਚ ਹੋਇਆ। ਆਬਜ਼ਰਵੇਟਰੀ ਨੇ ਕਿਹਾ ਕਿ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਿਸੇ ਜਾਨੀ ਨੁਕਸਾਨ ਦੀ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। -ਆਈਏਐੱਨਐੱਸ