For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਹਵਾਈ ਅੱਡਾ ਹਲਵਾਰਾ: ਨਿਰਮਾਣ ਕਾਰਜ ਤੈਅ ਸਮੇਂ ਵਿੱਚ ਪੂਰਾ ਹੋਣ ਦੀ ਉਮੀਦ ਹੋਈ ਮੱਧਮ

07:37 AM Apr 18, 2024 IST
ਕੌਮਾਂਤਰੀ ਹਵਾਈ ਅੱਡਾ ਹਲਵਾਰਾ  ਨਿਰਮਾਣ ਕਾਰਜ ਤੈਅ ਸਮੇਂ ਵਿੱਚ ਪੂਰਾ ਹੋਣ ਦੀ ਉਮੀਦ ਹੋਈ ਮੱਧਮ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਟਰਮੀਨਲ ਦਾ ਬਾਹਰੀ ਦ੍ਰਿਸ਼।
Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਅਪਰੈਲ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਿਰਮਾਣ ਕਾਰਜ ਇਕ ਵਾਰ ਫਿਰ 31 ਮਾਰਚ ਦੀ ਤੈਅ ਸਮਾਂ ਸੀਮਾ ਤੋਂ ਪਛੜ ਗਿਆ ਹੈ ਅਤੇ ਸਰਕਾਰ ਵੱਲੋਂ ਤੈਅ ਕੀਤੀ 15 ਮਈ ਦੀ ਨਵੀਂ ਸਮਾਂ ਸੀਮਾ ਅੰਦਰ ਹਵਾਈ ਅੱਡੇ ਦੇ ਨਿਰਮਾਣ ਕਾਰਜ ਪੂਰੇ ਹੋਣ ਦੀ ਉਮੀਦ ਵੀ ਧੁੰਦਲੀ ਹੀ ਨਜ਼ਰ ਆ ਰਹੀ ਹੈ। 2019 ਤੋਂ ਕੀੜੀ ਦੀ ਚਾਲ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਵਾਰ-ਵਾਰ ਸਮਾਂ ਸੀਮਾ ਬਦਲਣ ਕਰ ਕੇ ਲੋਕਾਂ ਦਾ ਉਤਸ਼ਾਹ ਵੀ ਹੁਣ ਮੱਠਾ ਪੈ ਗਿਆ ਹੈ। ਕਬੀਰ ਇੰਫਰਾਸਟਰਕਚਰ ਕੌਮਾਂਤਰੀ ਹਵਾਈ ਅੱਡਾ ਪ੍ਰਾਜੈਕਟ ਦੇ ਮੈਨੇਜਰ ਸ਼ੈਲੇਂਦਰ ਸਿੰਘ ਅਨੁਸਾਰ ਬੇਸ਼ੱਕ ਐਪਰਨ ਬਣ ਕੇ ਤਿਆਰ ਹੋ ਚੁੱਕਿਆ ਹੈ ਅਤੇ ਉਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਪਰ ਟੈਕਸੀਵੇਅ ਨੂੰ ਪੂਰਾ ਕਰਨ ਲਈ ਹਾਲੇ ਵੀ ਦੋ ਮਹੀਨੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਹਾਲਾਂਕਿ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਵੀ ਮੇਲ ਨਹੀਂ ਖਾਂਦੀ ਅਤੇ ਸਾਲ ਦੇ ਅੰਤ ਤੱਕ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ 28 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਮਾਣ ਕਾਰਜਾਂ ਦੀ ਨਿਗਰਾਨੀ ਲਈ ਪੁੱਜੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ 31 ਮਾਰਚ ਤੱਕ ਹਵਾਈ ਅੱਡੇ ਦੇ ‌ਨਿਰਮਾਣ ਕਾਰਜ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ। ਸਿਨਰਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਾਜੈਕਟ ਮੈਨੇਜਰ ਓਮ ਪ੍ਰਕਾਸ਼ ਅਨੁਸਾਰ ਟਰਮੀਨਲ ਤਿਆਰ ਹੋ ਚੁੱਕਿਆ ਹੈ, ਸਬ-ਸਟੇਸ਼ਨ ਅਤੇ ਜਨਤਕ ਸਹੂਲਤਾਂ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਉਧਰ ਪ੍ਰਾਜੈਕਟ ਮੈਨੇਜਰ ਸ਼ੈਲੇਂਦਰ ਸਿੰਘ ਅਨੁਸਾਰ ਹਵਾਈ ਅੱਡੇ ਨੂੰ ਮੁੱਖ ਮਾਰਗ ਨਾਲ ਜੋੜਦੇ ਪਹੁੰਚ ਮਾਰਗ ਦੇ ਪੁਲ ਦਾ ਅਧਾਰ ਢਾਂਚਾ ਤਿਆਰ ਹੋ ਚੁੱਕਿਆ ਹੈ ਅਤੇ ਜਲਦ ਹੀ ਉਸ ਉਪਰ ਸਲੈਬ ਪਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਦੀ ਹਵਾਈ ਪੱਟੀ ਨੂੰ ਕੌਮਾਂਤਰੀ ਸਿਵਲ ਟਰਮੀਨਲ ਲਈ ਵਰਤਿਆ ਜਾਣਾ ਹੈ ਅਤੇ ਹਵਾਈ ਪੱਟੀ ਨੂੰ ਹੋਰ ਚੌੜਾ ਕਰਨ ਦਾ ਠੇਕਾ ਸੀਗਲ ਇੰਡੀਆ (ਪ੍ਰਾ) ਲਿਮਟਿਡ ਲੁਧਿਆਣਾ ਨੂੰ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦਰੂਨੀ ਸੜਕਾਂ ਲਗਪਗ ਤਿਆਰ ਹਨ ਅਤੇ ਉਨ੍ਹਾਂ ਦੇ ਸੁੰਦਰੀਕਰਨ ਲਈ ਦੋਵੇਂ ਪਾਸੇ ਟਾਈਲਾਂ ਲਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਗੱਡੀਆਂ ਦੀ ਪਾਰਕਿੰਗ ਵੀ ਜਲਦੀ ਹੀ ਬਣਾ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×