ਨੌਜਵਾਨਾਂ ਵੱਲੋਂ ਸਰਕਾਰ ਖ਼ਿਲਾਫ਼ ‘ਹੱਲਾ ਬੋਲ ਪੋਲ ਖੋਲ੍ਹ’ ਰੈਲੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
ਭਾਜਪਾ ਪੰਜਾਬ ਯੂਥ ਵਿੰਗ ਦੇ ਮੀਤ ਪ੍ਰਧਾਨ ਮਿੱਠੂ ਚੱਢਾ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਝੂਠੇ ਲਾਰਿਆਂ ਖ਼ਿਲਾਫ਼ ‘ਹੱਲਾ ਬੋਲ-ਪੋਲ ਖੋਲ੍ਹ’ ਮੁਹਿੰਮ ਤਹਿਤ ਰੋਸ ਮੁਜ਼ਾਹਰਾ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜਗਰਾਉਂ ਪੁੱਲ ’ਤੇ ਇਕੱਠੇ ਹੋਏ ਵਰਕਰਾਂ ਨੇ ‘ਹੱਲਾ ਬੋਲ-ਪੋਲ ਖੋਲ੍ਹ’ ਰੈਲੀ ਕਰ ਕੇ ਆਪਣੀਆਂ ਡਿਗਰੀਆਂ ਵੀ ਫੂਕੀਆਂ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਨਿੰਦਾ ਕੀਤੀ।
ਇਸ ਮੌਕੇ ਮ੍ਰਿਗਵੀਰ ਸਿੰਘ ਮਿੱਠੂ ਚੱਢਾ ਨੇ ਕਿਹਾ ਕਿ ਪਿਛਲੇ 2 ਸਾਲ ਦੇ ਵੱਧ ਸਮੇਂ ਤੋਂ ਭਗਵੰਤ ਮਾਨ ਸਰਕਾਰ ਝੂਠੇ ਲਾਰਿਆਂ ਵਾਲੀ ਸਰਕਾਰ ਹੀ ਸਿੱਧ ਨਹੀਂ ਹੋਈ ਸਗੋਂ ਲੋਕਾਂ ਨੂੰ ਲੌਲੀਪਾਪ ਦੇਣ ਵਾਲੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਮ ’ਤੇ ਝੂਠੇ ਇਸ਼ਤਿਹਾਰ ਸੜਕਾਂ ਅਤੇ ਅਖ਼ਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ। ਮਿੱਠੂ ਚੱਢਾ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਦਾ ਉਦਯੋਗ ਖ਼ਤਮ ਹੋਣ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ 1000 ਰੁਪਏ ਮਹੀਨਾ ਪੈਨਸ਼ਨ ਨਾ ਮਿਲਣ ਕਰਕੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਸ਼ਰਮਾ, ਸੌਰਵ ਕੁਮਾਰ, ਕਾਕਾ ਜਗਰਾਉਂ, ਅਮਰਿੰਦਰ ਪ੍ਰਧਾਨ ਸਰਕਾਰੀ ਕਾਲਜ, ਸੰਦੀਪ ਗੁਸਾਈਂ, ਰੋਹਿਤ ਮੋਦਗਿੱਲ ਅਤੇ ਅਮਨ ਸੈਣੀ ਹਾਜ਼ਰ ਸਨ।