For the best experience, open
https://m.punjabitribuneonline.com
on your mobile browser.
Advertisement

ਵਾਲਮੀਕਿ ਭਾਈਚਾਰੇ ਦਾ ਅੱਧਾ ਮੁਹੱਲਾ ਨਿਕਾਸੀ ਪਾਣੀ ਵਿੱਚ ਡੁੱਬਿਆ

06:57 AM Apr 11, 2024 IST
ਵਾਲਮੀਕਿ ਭਾਈਚਾਰੇ ਦਾ ਅੱਧਾ ਮੁਹੱਲਾ ਨਿਕਾਸੀ ਪਾਣੀ ਵਿੱਚ ਡੁੱਬਿਆ
ਪਿੰਡ ਚਾਹੜਕੇ ਵਿੱਚ ਸੜਕਾਂ ਅਤੇ ਨਾਲਿਆਂ ਵਿੱਚ ਖੜ੍ਹਾ ਨਿਕਾਸੀ ਪਾਣੀ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 10 ਅਪਰੈਲ
ਬਲਾਕ ਭੋਗਪੁਰ ਦੇ ਪਿੰਡ ਚਾਹੜਕੇ ਵਿੱਚ ਪਾਣੀ ਵਾਲੇ ਛੱਪੜ ਨੱਕੋ-ਨੱਕ ਭਰਨ ਕਰਕੇ ਘਰਾਂ ਦਾ ਨਿਕਾਸੀ ਪਾਣੀ ਗਲੀਆਂ-ਨਾਲਿਆਂ ਵਿੱਚੋਂ ਘਰਾਂ ਅੰਦਰ ਵਾਪਸ ਜਾਣ ਲੱਗਾ ਹੈ, ਖਾਸ ਕਰਕੇ ਪਿੰਡ ਦੇ ਵਾਲਮੀਕਿ ਭਾਈਚਾਰੇ ਦਾ ਅੱਧਾ ਮੁਹੱਲਾ ਨਿਕਾਸੀ ਪਾਣੀ ’ਚ ਡੁੱਬ ਗਿਆ ਹੈ। ਇਸ ਕਰਕੇ ਜਿੱਥੇ ਮੱਖੀਆਂ-ਮੱਛਰਾਂ ਦੀ ਭਰਮਾਰ ਵਧ ਰਹੀ ਹੈ, ਉੱਥੇ ਰੋਜ਼ਾਨਾ ਜ਼ਹਿਰੀਲੇ ਸੱਪ ਘਰਾਂ ਵਿੱਚ ਵੜ ਰਹੇ ਹਨ। ਇੱਥੋਂ ਤੱਕ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਅਤੇ ਮਹਾਂਰਿਸ਼ੀ ਵਾਲਮੀਕਿ ਮੰਦਰ ਨੂੰ ਜਾਂਦੇ ਰਸਤੇ ਨਿਕਾਸੀ ਪਾਣੀ ਨਾਲ ਭਰੇ ਹੋਏ ਹਨ ਜਿਸ ਕਰਕੇ ਸੰਗਤਾਂ ਨੂੰ ਆਪਣੇ ਧਾਰਮਿਕ ਅਸਥਾਨਾਂ ਵਿੱਚ ਨਤਮਸਤਕ ਹੋਣ ਲਈ ਜਾਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋ ਗਿਆ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਅਤੇ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਜੱਸ ਕਲਿਆਣ ਰਾਵਣ ਨੇ ਮੀਡੀਆ ਰਾਹੀਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਨਿਕਾਸੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਨੂੰ ਹੱਲ ਕਰਨ ਲਈ ਸੰਘਰਸ਼ ਆਰੰਭਿਆ ਜਾਵੇਗਾ। ਪਿੰਡ ਵਾਸੀ ਤੇ ‘ਆਪ’ ਦੇ ਬਲਾਕ ਪ੍ਰਧਾਨ ਹਰਦਿਆਲ ਸਿੰਘ ਗਿੱਲ ਅਤੇ ਸੀਨੀਅਰ ਆਗੂ ਅਮਰਜੀਤ ਸਿੰਘ ਭੰਗੂ ਨੇ ਵਾਲਮੀਕਿ ਭਾਈਚਾਰੇ ਦੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਦੋ ਦਿਨਾਂ ਅੰਦਰ ਨਿਕਾਸੀ ਦਾ ਅਸਥਾਈ ਹੱਲ ਹੋ ਜਾਵੇਗਾ ਅਤੇ ਪੱਕੇ ਤੌਰ ’ਤੇ ਹੱਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ। ਗੌਰਤਲਬ ਹੈ ਕਿ ਇੱਕ ਐੱਨਆਰਆਈ ਬੀਬੀ ਬਲਜੀਤ ਕੌਰ ਨੇ ਕੋਲੋਂ ਪੈਸੇ ਖਰਚ ਕੇ ਛੱਪੜ ਵਿੱਚੋਂ ਕੁੱਝ ਪਾਣੀ ਦੇ ਟੈਂਕ ਭਰ ਕੇ ਪਾਣੀ ਘੱਟ ਕੀਤਾ ਪਰ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਲਗਾਤਾਰ ਚੱਲਦੀਆਂ ਰਹਿਣ ਕਰਕੇ ਛੱਪੜ ਦੁਬਾਰਾ ਨੱਕੋ-ਨੱਕ ਭਰ ਗਿਆ।

Advertisement

ਗਰਾਂਟ ਨਾਲ ਛੇਤੀ ਨਿਕਾਸੀ ਨਾਲਾ ਬਣਾਇਆ ਜਾਵੇਗਾ: ਬੀਡੀਪੀਓ

ਬੀਡੀਪੀਓ ਭੋਗਪੁਰ ਸ਼ੁਭਪ੍ਰੀਤ ਸਿੰਘ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਿਵਾਉਣ ’ਤੇ ਉਨ੍ਹਾਂ ਕਿਹਾ ਕਿ ਪੰਚਾਇਤਾਂ ਭੰਗ ਹੋਣ ਕਾਰਨ ਨਿਯੁਕਤ ਪ੍ਰਸ਼ਾਸਕ ਕੋਲ ਪਈ ਗਰਾਂਟ ਨਾਲ ਛੇਤੀ ਨਿਕਾਸੀ ਨਾਲਾ ਬਣਾਇਆ ਜਾ ਰਿਹਾ ਹੈ।

Advertisement
Author Image

sukhwinder singh

View all posts

Advertisement
Advertisement
×