ਦੁਕਾਨਦਾਰ ਨੂੰ ਲੁੱਟਣ ਵਾਲੇ ਅੱਧੀ ਦਰਜਨ ਵਿਅਕਤੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਛੇ ਵਿਅਕਤੀਆਂ ਨੇ ਪਹਾੜਾਂ ਦੀ ਸੈਰ ਲਈ ਪੈਸੇ ਇਕੱਠੇ ਕਰਨ ਖ਼ਾਤਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਫ਼ੈਸਲਾ ਕੀਤਾ ਪਰ ਪਹਿਲੇ ਸ਼ਿਕਾਰ ਨੂੰ ਲੁੱਟਣ ਮਗਰੋਂ ਪੁਲੀਸ ਦੇ ਅੜਿੱਕੇ ਆ ਗਏ। ਡਿਪਟੀ ਕਮਿਸ਼ਨਰ ਆਫ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਬਿੰਦਾਪੁਰ ਦੀ ਜੇਜੇ ਕਲੋਨੀ ਦੇ ਵਾਸੀ ਅਪਰਾਧੀਆਂ ਦੇ ਗਰੋਹ ਨੇ 12 ਨਵੰਬਰ ਦੀ ਸ਼ਾਮ ਨੂੰ ਦੱਖਣ-ਪੱਛਮੀ ਇਲਾਕੇ ਵਿੱਚ ਇੱਕ ਦੁਕਾਨਦਾਰ ਨੂੰ ਬੰਦੂਕ ਦੀ ਨੋਕ ’ਤੇ ਲੁੱਟ ਲਿਆ ਸੀ। ਕਰਿਆਨੇ ਦੀ ਦੁਕਾਨ ਦਾ ਮਾਲਕ ਮੁਕੇਸ਼ ਆਪਣੇ ਸਕੂਟਰ ’ਤੇ ਘਰ ਪਰਤ ਰਿਹਾ ਸੀ ਜਦੋਂ ਉਸ ਨੂੰ ਬਿੰਦਾਪੁਰ ਸਥਿਤ ਡੀਡੀਏ ਫਲੈਟਾਂ ਨੇੜੇ ਰੋਕਿਆ ਗਿਆ। ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਬੰਦੂਕ ਦੀ ਨੋਕ ’ਤੇ 50,000 ਰੁਪਏ ਲੁੱਟ ਲਏ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ 500 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਦੀ ਪਛਾਣ ਕੀਤੀ। ਡੀਸੀਪੀ ਨੇ ਦੱਸਿਆ ਕਿ ਇੱਕ ਸੂਹ ’ਤੇ ਕਾਰਵਾਈ ਕਰਦਿਆਂ, ਪੁਲੀਸ ਨੇ ਇੱਕ ਜਾਲ ਵਿਛਾਇਆ ਅਤੇ 17 ਨਵੰਬਰ ਨੂੰ ਤਿੰਨ ਮੁਲਜ਼ਮਾਂ ਮੁਹੰਮਦ ਸਾਜ਼ਿਦ (23), ਮੁਹੰਮਦ ਸ਼ੋਏਬ (19) ਅਤੇ ਮੁਹੰਮਦ ਰਸ਼ੀਦ (22) ਨੂੰ ਗ੍ਰਿਫਤਾਰ ਕੀਤਾ। ਇਹ ਤਿੰਨੋਂ ਮੁਲਜ਼ਮ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਅਪਰਾਧ ਕਬੂਲ ਕੀਤਾ ਅਤੇ ਤਿੰਨ ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ, ਜਿਸ ਨਾਲ ਮੁਹੰਮਦ ਅਯਾਨ (19), ਮੁਹੰਮਦ ਆਫਤਾਬ (22) ਅਤੇ ਮੁਹੰਮਦ ਅਲਤਾਬ (24) ਨੂੰ ਗ੍ਰਿਫਤਾਰ ਕੀਤਾ ਗਿਆ।