ਜੂਆ ਖੇਡਦੇ ਕਾਂਗਰਸੀ ਆਗੂ ਸਮੇਤ ਅੱਧੀ ਦਰਜਨ ਜੁਆਰੀਏ ਫੜੇ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਜੁਲਾਈ
ਇੱਕ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਸਮੇਤ ਅੱਧੀ ਦਰਜਨ ਦੇ ਕਰੀਬ ਰਸੂਖ ਵਾਲੇ ਬੰਦਿਆਂ ਨੂੰ ਸੀਆਈਏ ਸਟਾਫ਼ ਨੇ ਜੂਆ ਖੇਡਦਿਆਂ ਫੜਿਆ ਹੈ।
ਪਾਸ਼ ਕਲੋਨੀ ਵਾਲੇ ਇਲਾਕੇ ਮੋਤਾ ਸਿੰਘ ਨਗਰ ਵਿਚਲੀ ਆਲੀਸ਼ਾਨ ਕੋਠੀ ਵਿੱਚ ਜੂਆ ਖੇਡਿਆ ਜਾ ਰਿਹਾ ਸੀ। ਇਸ ਸਾਬਕਾ ਕੌਂਸਲਰ ਆਗੂ ਦੀ ਪਤਨੀ ਵੀ ਕੌਂਸਲਰ ਰਹੀ ਹੈ। ਪੁਲੀਸ ਫੜੇ ਗਏ ਜੁਆਰੀਆਂ ਨੂੰ ਥਾਣੇ ਤੱਕ ਵੀ ਨਹੀਂ ਲੈ ਕੇ ਗਈ ਸਗੋਂ ਮੌਕੇ ’ਤੇ ਹੀ ਜ਼ਮਾਨਤਾਂ ਦੇ ਦਿੱਤੀਆਂ ਗਈਆਂ।
ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਪੁਲੀਸ ਨੇ ਹਾਈ ਪ੍ਰੋਫਾਈਲ ਜੁਆਰੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ ਬਰਾਮਦ ਕੀਤੀ। ਫੜੇ ਗਏ ਜੁਆਰੀਆਂ ’ਚ ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਹੀਟ ਸੈਵਨ ਦਾ ਮਾਲਕ ਵੀ ਸ਼ਾਮਲ ਹੈ।
ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਘੀ ਦੇਰ ਰਾਤ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਮੋਤਾ ਸਿੰਘ ਨਗਰ ਸਥਿਤ ਸਾਬਕਾ ਕੌਂਸਲਰ ਦੇ ਘਰ ਜੂਆ ਖੇਡਿਆ ਜਾ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ ਉਕਤ ਘਰ ਵਿੱਚ ਛਾਪਾ ਮਾਰ ਕੇ ਜੂਆ ਖੇਡ ਰਹੇ ਹੀਟ ਸੈਵਨ ਦੇ ਮਾਲਕ ਹਰਿੰਦਰ ਪਾਲ ਸਿੰਘ ਵਾਸੀ ਮੋਤਾ ਸਿੰਘ ਨਗਰ, ਜਤਿੰਦਰ ਕੁਮਾਰ ਵਾਸੀ ਕਰੋਲ ਬਾਗ ਜਲੰਧਰ, ਕਰਨ ਨੰਦਾ ਵਾਸੀ ਪੰਜਾਬੀ ਬਾਗ ਅਤੇ ਸਿਦਕ ਪਾਲ ਸਿੰਘ ਵਾਸੀ ਬਸਤੀ ਸ਼ੇਖ ਨੂੰ ਕਾਬੂ ਕਰਕੇ ਮੌਕੇ ਤੋਂ ਢਾਈ ਲੱਖ ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਜੁਆਰੀਆਂ ਖਿਲਾਫ ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਊਨ੍ਹਾਂ ਕਿਹਾ ਕਿ ਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।