ਅੱਧੀ ਸਦੀ
ਗੁਰਦੀਪ ਢੁੱਡੀ
ਘਰ ਦੀਆਂ ਵਿਸ਼ੇਸ਼ ਹਾਲਤਾਂ ਕਾਰਨ ਅਧਿਆਪਨ ਦੀ ਸਰਕਾਰੀ ਨੌਕਰੀ ਤੋਂ ਬਾਅਦ ਮੈਂ ਪਿਛਾਂਹ ਅੱਧੀ ਸਦੀ ਪਹਿਲਾਂ ਵੱਲ ਮੋੜਾ ਘੱਤ ਲਿਆ। ਖੇਤੀ ਦੇ ਕੰਮ ਨਾਲ ਜੁੜ ਗਿਆ। ਖੇਤੀ ਦੇ ਕੰਮ ਵਿਚ ਪਏ ਨੂੰ ਪਤਨੀ ਨੇ ਜਿਸ ਕੰਮ ਤੋਂ ਵਰਜਿਆ ਸੀ, ਉਹ ਮੈਂ ਅੱਧਾ ਮੰਨ ਕੇ ਉਸ ਅਨੁਸਾਰ ਕਰਨਾ ਸ਼ੁਰੂ ਕੀਤਾ ਅਤੇ ਅੱਧਾ ਫਿਰ ਆਪਣੀ ਆਈ ਅਨੁਸਾਰ ਕੀਤਾ। ਇਸ ਨੇ ਦੋ ਫ਼ਾਇਦੇ ਦਿੱਤੇ। ਪਹਿਲਾ ਫ਼ਾਇਦਾ ਇਹ ਦਿੱਤਾ ਕਿ ‘ਕੇਵਲ ਕਿਤਾਬਾਂ ਵਿਚ ਪੜ੍ਹੇ ਜਾਂ ਸੁਣੇ ਅਨੁਸਾਰ ਨਾ ਵਿਚਰੋ। ਹਕੀਕਤ ਤਾਂ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ ਨਾਲ ਹਾਸਲ ਹੁੰਦਾ ਹੈ।’ ਅਸਲ ਵਿਚ ਜਿਹੜੀ ਗੱਲ ਮੈਂ ਪਤਨੀ ਤੋਂ ਬਾਹਰੀ ਜਾ ਕੇ ਕੀਤੀ ਸੀ, ਉਹ ਖ਼ੇਤੀ ਨੂੰ ‘ਜੈਵਿਕ’ (ਆਰਗੈਨਿਕ) ਕਰਨ ਦਾ ਪੰਗਾ ਲਿਆ ਸੀ। ਇਸ ਨੇ ਮੈਨੂੰ ਤਿੰਨ ਸਾਲ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਇਆ ਪਰ ਵੱਡਾ ਫ਼ਾਇਦਾ ਜਿਸ ਨੂੰ ਮੈਂ ਦੂਸਰਾ ਫ਼ਾਇਦਾ ਮੰਨਦਾ ਹਾਂ, ਉਸ ਦੇ ਲੜ ਲਾਇਆ।
1973 ਵਿਚ ਦਸਵੀਂ ਪਾਸ ਕੀਤੀ। ਮੇਰੇ ਮਾਂ ਪਿਓ ਵਾਸਤੇ ਇਹ ਬੜੀ ਵੱਡੀ ਪੜ੍ਹਾਈ ਸੀ ਅਤੇ ਇਸ ਤੋਂ ਬਾਅਦ ਪਾੜ੍ਹੇ ਨੂੰ ਨੌਕਰੀ ਮਿਲ ਜਾਵੇਗੀ। ਉਨ੍ਹਾਂ ਮੇਰੇ ਦੋਸਤ ਦੇ ਵੱਡੇ ਭਰਾ ਨੂੰ ਅਧਿਆਪਕ ਲੱਗਿਆਂ ਦੇਖਿਆ ਸੀ। ਉਸ ਦੇ ਅਧਿਆਪਕ ਲੱਗਣ ਨਾਲ ਉਨ੍ਹਾਂ ਦੇ ਘਰ ਦੀ ਜੂਨ ਬਦਲ ਗਈ ਸੀ। ਇਸ ਕਰ ਕੇ ਉਨ੍ਹਾਂ ਨੂੰ ਮੇਰੇ ਨੌਕਰੀ ’ਤੇ ਲੱਗ ਜਾਣ ਨਾਲ ਘਰ ਦੀ ਆਰਥਿਕ ਹਾਲਤ ਦੇ ਸੁਧਰ ਜਾਣ ਦੀ ਪੂਰੀ ਉਮੀਦ ਸੀ। ਮੇਰਾ ਬਾਪ ਮੈਨੂੰ ਆਪਣੇ ਜਾਣ-ਪਛਾਣ ਵਾਲੇ ਕਾਂਗਰਸੀ ਨੇਤਾ ਪੰਡਿਤ ਚੇਤੰਨ ਦੇਵ ਜੀ ਕੋਲ ਲੈ ਗਿਆ। ਉਨ੍ਹਾਂ ਕੋਲ ਬਾਪੂ ਨੇ ਮੇਰੀ ਨੌਕਰੀ ਦਾ ਜੁਗਾੜ ਕਰਨ ਦੀ ਬੇਨਤੀ ਕੀਤੀ। ਪੰਡਿਤ ਜੀ ਕਦੇ ਮੇਰੇ ਵੱਲ ਅਤੇ ਕਦੇ ਮੇਰੇ ਬਾਪ ਵੱਲ ਦੇਖਣ। ਖ਼ੈਰ, ਜਦੋਂ ਉਨ੍ਹਾਂ ਨੂੰ ਇਹ ਤਸੱਲੀ ਹੋ ਗਈ ਕਿ ਵਾਕਿਆ ਹੀ ਮੈਂ ਦਸਵੀਂ ਜਮਾਤ ਪਾਸ ਕਰ ਲਈ ਹੈ ਤਾਂ ਉਹ ਮੈਨੂੰ ਨੌਕਰੀ ਦਿਵਾਉਨ ਲਈ ਲੈ ਕੇ ਗਏ। ਜਿੱਥੇ ਜਾ ਕੇ ਉਨ੍ਹਾਂ ਸਿਫ਼ਾਰਸ਼ ਕੀਤੀ, ਉਨ੍ਹਾਂ ਮੈਥੋਂ ਦਸਵੀਂ ਜਮਾਤ ਪਾਸ ਕਰਨ ਦਾ ਸਰਟੀਫਿਕੇਟ ਮੰਗਿਆ। “ਇਸ ਕਾਕੇ ਨੂੰ ਅਜੇ ਦੋ ਸਾਲ ਹੋਰ ਉਡੀਕਣਾ ਪੈਣਾ ਹੈ ਨੌਕਰੀ ਲਈ, ਪੰਡਿਤ ਜੀ।” ਉਨ੍ਹਾਂ ਮੇਰਾ ਸਰਟੀਫਿਕੇਟ ਦੇਖ ਕੇ ਪੰਡਿਤ ਜੀ ਨੂੰ ਸੰਬੋਧਨ ਕਰਦਿਆਂ ਆਖਿਆ। “ਕਿਉਂ?” ਪੰਡਿਤ ਜੀ ਨੇ ਸੁਆਲ ਕੀਤਾ। “ਅਜੇ ਇਸ ਦੀ ਉਮਰ ਸੋਲਾਂ ਸਾਲ ਹੈ, ਅਠਾਰਾਂ ਸਾਲ ਤੋਂ ਘੱਟ ਉਮਰ ਦੇ ਲੜਕੇ ਨੂੰ ਨੌਕਰੀ ’ਤੇ ਨਹੀਂ ਰੱਖਿਆ ਜਾ ਸਕਦਾ।” ਪੰਡਿਤ ਜੀ ਦੇ ਸਵਾਲ ’ਤੇ ਉਨ੍ਹਾਂ ਨੇ ਜਵਾਬ ਦਿੱਤਾ। “ਕਾਕਾ ਦੋ ਸਾਲ ਹੋਰ ਪੜ੍ਹ ਲੈ, ਫਿਰ ਆ ਜਾਵੀਂ, ਨੌਕਰੀ ਤੈਨੂੰ ਮਿਲ ਜਾਵੇਗੀ।” ਇਹ ਵਾਕ ਉਨ੍ਹਾਂ ਮੈਨੂੰ ਸੰਬੋਧਨ ਕਰਦਿਆਂ ਆਖਿਆ। ਇਸ ਤਰ੍ਹਾਂ ਨੌਕਰੀ ਨਾ ਮਿਲ ਸਕਣ ਕਾਰਨ ਮੈਂ ਅਤੇ ਬਾਪੂ ਨਿਰਾਸ਼ ਹੋ ਕੇ ਆ ਗਏ। ਕਾਲਜ ਵਿਚ ਮੇਰੇ ਬਾਪ ਤੋਂ ਮੈਨੂੰ ਪੜ੍ਹਾਇਆ ਨਹੀਂ ਜਾ ਸਕਦਾ ਸੀ। ਹੁਣ ਮੇਰੇ ਸਾਹਮਣੇ ਸਭ ਕੁਝ ਖਾਲੀ ਸੀ। ਇਸ ਖਾਲੀ ਥਾਂ ਨੂੰ ਭਰਨ ਲਈ ਮੈਂ ਆਪਣੇ ਦੋਸਤ ਦੇ ਅਧਿਆਪਕ ਲੱਗੇ ਭਰਾ ਕੋਲ ਗਿਆ। ਉਨ੍ਹਾਂ ਨੇ ਮੈਨੂੰ ਆਈਟੀਆਈ ਵਿਚੋਂ ਸਟੈਨੋਗਰਾਫੀ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਗਿਆਨੀ ਦਾ ਦਾਖ਼ਲਾ ਭਰ ਕੇ ਗਿਆਨੀ ਕਰਨ ਦਾ ਮਸ਼ਵਰਾ ਦੇ ਦਿੱਤਾ।
ਸਟੈਨੋਗਰਾਫੀ ਵਿਚ ਦਾਖ਼ਲੇ ਤੋਂ ਬਾਅਦ ਔਖੇ ਸੌਖੇ ਗਿਆਨੀ ਦਾ ਦਾਖ਼ਲਾ ਵੀ ਭਰ ਦਿੱਤਾ। ਹੁਣ ਪਹਾੜ ’ਤੇ ਚੜ੍ਹਨ ਜਿੱਡਾ ਔਖਾ ਕੰਮ ਗਿਆਨੀ ਦੇ ਸਿਲੇਬਸ ਦੀਆਂ ਕਿਤਾਬਾਂ ਲੈਣ ਦਾ ਸੀ। ਇਹ ਕੰਮ ਵੀ ਦੋਸਤ ਦੇ ਭਰਾ ਨੇ ਸੁਖ਼ਾਲਾ ਕੀਤਾ। ਫ਼ਰੀਦਕੋਟ ’ ਠੰਢੀ ਸੜਕ ’ਤੇ ਸੀਤਾ ਰਾਮ ਦੀ ਪੁਰਾਣੀਆਂ ਕਿਤਾਬਾਂ ਦੀ ਦੁਕਾਨ ਸੀ। ਕਿਤਾਬਾਂ ਉਹ ਕਿਰਾਏ ’ਤੇ ਦਿੰਦੇ ਸਨ। ਇਕ ਦਨਿ ਦਾ ਇਕ ਕਿਤਾਬ ਦਾ ਕਿਰਾਇਆ ਪੱਚੀ ਪੈਸੇ ਹੁੰਦਾ ਸੀ। ਕਿਤਾਬਾਂ ਲੈ ਕੇ ਬੜੀ ਜਲਦੀ ਮੈਂ ਸਿਲੇਬਸ ਵਾਲੀਆਂ ਕਿਤਾਬਾਂ ਪੜ੍ਹ ਲਈਆਂ। ਹੁਣ ਇਸ ਤੋਂ ਅੱਗੇ ‘ਗਿਆਨੀ ਦੀ ਗਾਈਡ’ ਖਰੀਦਣ ਦਾ ਕੰਮ ਸੀ ਜੋ ਮੈਂ ਕਰ ਲਿਆ। ਇਸ ਗਾਈਡ ਦਾ ਇਹ ਫ਼ਾਇਦਾ ਹੋਇਆ ਕਿ ਮੈਂ ਕਿਤਾਬ ਦੇ ਵਿਸ਼ੇ ਵਸਤੂ, ਰੂਪਕ ਪੱਖ ਆਦਿ ਬਾਰੇ ਮੋਟਾ ਮੋਟਾ ਜਾਣ ਸਕਿਆ। ਇਸੇ ਦਰਮਿਆਨ ਕਿਤਾਬਾਂ ਕਿਰਾਏ ’ਤੇ ਲੈ ਕੇ ਪੜ੍ਹਨ ਵਾਲਾ ਅਮੁੱਕ ਕੰਮ ਜਾਰੀ ਰਿਹਾ। ਬੜੀ ਵਾਰ ਤਾਂ ਕਿਰਾਏ ਦੀ ਬੱਚਤ ਵਾਸਤੇ ਮੈਂ ਫ਼ਰੀਦਕੋਟ ਦੇ ਭਗਤ ਸਿੰਘ ਪਾਰਕ ਵਿਚ ਜਾਂ ਜੌੜੀਆਂ ਸੜਕਾਂ ਦੀ ਪਟੜੀ ’ਤੇ ਬੈਠ ਕੇ ਕਿਤਾਬ ਪੜ੍ਹ ਲੈਣੀ ਅਤੇ ਨਵੀਂ ਜਾਰੀ ਕਰਵਾ ਲੈਣੀ। ਇਸ ਪੜ੍ਹਾ-ਪੜ੍ਹਾਈ ਸਮੇਂ ਪੜ੍ਹੀਆਂ ਦੋ ਪੁਸਤਕਾਂ ਮੇਰੇ ਜ਼ਿਹਨ ਵਿਚ ਪੂਰੀ ਤਰ੍ਹਾਂ ਵਸ ਗਈਆਂ। ਇਕ ਦਲੀਪ ਕੌਰ ਟਵਿਾਣਾ ਦਾ ਨਾਵਲ ‘ਇਹੁ ਹਮਾਰਾ ਜੀਵਣਾ’ ਅਤੇ ਦੂਸਰੀ ਪ੍ਰੋ. ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’। ਦੋਨਾਂ ਪੁਸਤਕਾਂ ਦੇ ਪਾਤਰ ਅਤੇ ਕਹਾਣੀਆਂ ਮੈਨੂੰ ਅੱਜ ਵੀ ਯਾਦ ਹਨ। ਜਵਿੇਂ ਦਲੀਪ ਕੌਰ ਟਵਿਾਣਾ ਦੇ ਨਾਵਲ ਦੀ ਨਾਇਕਾ ਭਾਨੋ ਚੇਤਿਆਂ ਵਿਚ ਵਸੀ ਸੀ, ਇਵੇਂ ਹੀ ਗੁਰਦਿਆਲ ਦੇ ਨਾਵਲ ਦਾ ਜਗਸੀਰ ਭੁੱਲਿਆ ਨਹੀਂ ਹੈ। ਬੱਸ ਇਸੇ ਦਰਮਿਆਨ ਹੀ ਇਸ ਨਾਵਲ ਦਾ ਪਾਤਰ ਰੌਣਕੀ ਅਤੇ ਨਿੱਕਾ ਮੈਨੂੰ ਵਧੇਰੇ ਚੇਤੇ ਆਉਣ ਲੱਗ ਪਏ। ਅਸਲ ਵਿਚ ਇਸ ਪਿੱਛੇ ਵੀ ਮੇਰੇ ਖੇਤੀ ਵਾਲੇ ਕੰਮ ਦਾ ਦੂਸਰਾ ਫ਼ਾਇਦਾ ਕਾਰਜਸ਼ੀਲ ਹੋਇਆ।
ਖੇਤੀ ਦਾ ਕੰਮ ਕਰਨ ਲੱਗਿਆਂ ਮੈਂ ਜੈਵਿਕ ਖੇਤੀ ਦਾ ਪੰਗਾ ਲਿਆ ਸੀ। ਇਹ ਕੰਮ ਕਰਦਿਆਂ ਕਿਉਂਕਿ ਕੀਟਨਾਸ਼ਕ, ਨਦੀਨਨਾਸ਼ਕ ਜਾਂ ਉੱਲੀਨਾਸ਼ਕ ਨਹੀਂ ਵਰਤਣੇ ਸਨ। ਨਦੀਨਾਂ ਦੇ ਖ਼ਾਤਮੇ ਵਾਸਤੇ ਕਣਕ ਦੀ ਗੋਡੀ ਕਰਨੀ ਪੈਣੀ ਸੀ। ਗੋਡੀ ਵਾਸਤੇ ਤਿੰਨ ਜਣਿਆਂ ਨੂੰ ਇਸ ਕੰਮ ’ਤੇ ਲਾਇਆ। ਇਨ੍ਹਾਂ ਵਿਚੋਂ ਇੱਕ ਗੀਤ੍ਵਾ ਉਰਫ ਗੁਰਮੀਤ ਵੀ ਸੀ। ਉਸ ਦੀ ਗੈਰ-ਹਾਜ਼ਰੀ ਵਿਚ ਉਸ ਬਾਰੇ ਦੂਜੇ ਦਨਿ ਹੀ ਮੈਂ ਜਾਣ ਲਿਆ ਕਿ ਇਹ ਤਾਂ ‘ਮੜ੍ਹੀ ਦਾ ਦੀਵਾ’ ਦਾ ਰੌਣਕੀ ਹੈ। ਮੇਰਾ ਇਹ ਅੰਦਾਜ਼ਾ ਮਹੀਨੇ ਕੁ ਬਾਅਦ ਹੀ ਸਹੀ ਸਾਬਤ ਹੋਇਆ ਜਦੋਂ ਪਤਾ ਲੱਗਿਆ ਕਿ ਉਸ ਦੀ ਪਤਨੀ ਪਿੰਡ ਦੇ ਹੀ ਇਕ ਜਿ਼ਮੀਦਾਰਾਂ ਦੇ ਮੁੰਡੇ ਨਾਲ ਚਲੇ ਗਈ ਹੈ ਅਤੇ ਸ਼ਹਿਰ ਦੇ ਹੀ ਇਕ ਮੁਹੱਲੇ ਵਿਚ ਰਹਿਣ ਲੱਗ ਪਈ ਹੈ। ਗੀਤ੍ਵਾ ਥੋੜ੍ਹਾ ਜਿਹਾ ਚਿਰ ਤਾਂ ਰੌਣਕੀ ਵਾਂਗ ‘ਜਿਊਂਦਾ’ ਰਿਹਾ, ਫਿਰ ਇਕ ਦਨਿ ਪਤਾ ਲੱਗਿਆ ਕਿ ਉਹ ਨਸ਼ੇ ਦੀ ਵੱਧ ਮਾਤਰਾ ਵਿਚ ਮਰ ਗਿਆ ਹੈ। ਉਹੀ ਗੱਲ ਕਿ ਉਸ ਨੂੰ ਸਵਿਿਆਂ ਤੱਕ ਲਿਜਾਣ ਲਈ ਵੀ ਚਾਰ ਕੁ ਜਣੇ ਮਸਾਂ ਇਕੱਠੇ ਹੋਏ।
ਅੱਧੀ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ। ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਦੇ ਪਾਤਰਾਂ ਰੌਣਕੀ, ਜਗਸੀਰ, ਨਿੱਕੇ ਜਾਂ ਫਿਰ ਦਲੀਪ ਕੌਰ ਟਵਿਾਣਾ ਦੀਆਂ ਭਾਨੋਆਂ ਦੇ ਜੀਵਨ ਵਿਚ ਕੋਈ ਖਾਸ ਤਬਦੀਲੀ ਨਹੀਂ ਹੋਈ; ਨਾ ਤਾਂ ਇਨ੍ਹਾਂ ਦਾ ਜੀਵਨ ਪੱਧਰ ਸੁਧਰਿਆ ਅਤੇ ਨਾ ਹੀ ਲੋਕਾਂ ਦਾ ਉਨ੍ਹਾਂ ਨਾਲ ਵਿਹਾਰ ਬਦਲਿਆ।
ਸੰਪਰਕ: 95010-20731