ਹਲਦਵਾਨੀ ਹਿੰਸਾ
ਧਾਰਮਿਕ ਸਥਾਨ ਖ਼ਾਸਕਰ ਜਿਹੜੇ ਵਿਵਾਦ ਵਾਲੀ ਥਾਂ ’ਤੇ ਬਣੇ ਹੋਣ, ਢਾਹੁਣ ਸਬੰਧੀ ਅਦਾਲਤੀ ਹੁਕਮਾਂ ਦੀ ਤਾਮੀਲ ਕਰਦੇ ਸਮੇਂ ਬੇਹੱਦ ਇਹਤਿਆਤ ਵਰਤਣ ਦੀ ਲੋੜ ਹੁੰਦੀ ਹੈ। ਇਸ ਵਿੱਚ ਮੁੱਢਲੇ ਤੌਰ ’ਤੇ ਭਾਵਨਾਵਾਂ ਨੂੰ ਕਾਬੂ ਰੱਖਣ ਅਤੇ ਕੋਈ ਮਾੜੀ ਘਟਨਾ ਵਾਪਰਨ ਦੀ ਸੂਰਤ ਵਿੱਚ ਤਿਆਰ ਰਹਿਣ ਸਬੰਧੀ ਰਣਨੀਤੀ ਬਣਾਉਣਾ ਸ਼ਾਮਿਲ ਹੈ। ਹਲਦਵਾਨੀ ਵਿੱਚ ਵਾਪਰੀਆਂ ਘਟਨਾਵਾਂ ਬਹੁਤ ਦੁੱਖਦਾਈ ਹਨ। ਉੱਤਰਾਖੰਡ ਸਰਕਾਰ ਦਾ ਦਾਅਵਾ ਹੈ ਕਿ ਮਸਜਿਦ ਅਤੇ ਮਦਰੱਸੇ ਵਾਲੇ ਖੇਤਰ ਵਿੱਚ ਨਾਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਮਗਰੋਂ ਹੋਈ ਹਿੰਸਾ ਫਿ਼ਰਕੂ ਨਹੀਂ ਸੀ। ਜਿ਼ਲ੍ਹਾ ਮੈਜਿਸਟਰੇਟ ਮੁਤਾਬਿਕ, ਇਹ ਸਟੇਟ ਮਸ਼ੀਨਰੀ ਉੱਤੇ ਯੋਜਨਾਬੱਧ ਹਮਲਾ ਸੀ। ਦੰਗਈਆਂ ਨੂੰ ਦੇਖਦੇ ਸਾਰ ਗੋਲੀ ਮਾਰਨ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਥੇ ਡਿਊਟੀ ਨਿਭਾ ਰਹੇ ਪੁਲੀਸ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਧਿਕਾਰੀ ਆਖਦੇ ਹਨ ਕਿ ਹਾਈ ਕੋਰਟ ਨੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਹੁਕਮਾਂ ’ਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਕਾਰਨ ਉਨ੍ਹਾਂ (ਅਧਿਕਾਰੀਆਂ) ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉੱਥੋਂ ਦਾ ਇੱਕ ਕੌਂਸਲਰ ਇਸ ਗੱਲ ਦੇ ਵਿਰੋਧ ਵਿੱਚ ਆਖਦਾ ਹੈ ਕਿ ਪ੍ਰਸ਼ਾਸਨ ਨੇ ਅਦਾਲਤ ਦੇ ਆਖਿ਼ਰੀ ਹੁਕਮ ਉਡੀਕੇ ਹੁੰਦੇ ਤਾਂ ਕੋਈ ਵਿਰੋਧ ਨਹੀਂ ਸੀ ਹੋਣਾ। ਇਨ੍ਹਾਂ ਵਿਰੋਧੀ ਦਾਅਵਿਆਂ ਦਰਮਿਆਨ ਛੇ ਲੋਕ ਮਾਰੇ ਗਏ, ਕਈ ਜ਼ਖ਼ਮੀ ਹੋਏ ਅਤੇ ਸ਼ਾਂਤੀ ਭੰਗ ਹੋ ਗਈ ਹੈ।
ਅਧਿਕਾਰੀਆਂ ਨੇ ਆਖਿਆ ਹੈ ਕਿ ਪੱਥਰਬਾਜ਼ੀ ਕਰਨ, ਕਾਰਾਂ ਨੂੰ ਅੱਗ ਲਾ ਕੇ ਸਾੜਨ ਅਤੇ ਥਾਣੇ ਨੂੰ ਘੇਰਨ ਵਾਲਿਆਂ ਖਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਜਾਣਗੇ। ਭੜਕਾਹਟ ਦਾ ਕਾਰਨ ਕੁਝ ਵੀ ਹੋਵੇ, ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ, ਐੱਨਐੱਸਏ ਲਗਾਉਣ ਸਮੇਂ ਕਿਸੇ ਕਿਸਮ ਦਾ ਪੱਖਪਾਤ ਨਾ ਕਰਨਾ ਸਰਕਾਰ ਲਈ ਇਮਤਿਹਾਨ ਵਾਲੀ ਗੱਲ ਹੋਵੇਗਾ। ਪ੍ਰਸ਼ਾਸਕੀ ਅਣਗਹਿਲੀ ਅਤੇ ਹਾਲਾਤ ਨੂੰ ਗ਼ਲਤ ਢੰਗ ਨਾਲ ਨਜਿੱਠਣ ਵਾਲਿਆਂ ਖਿਲਾਫ਼ ਵੀ ਅਜਿਹੀ ਸਖ਼ਤ ਪਹੁੰਚ ਅਪਣਾਉਣ ਦੀ ਤਵੱਕੋ ਕੀਤੀ ਜਾਂਦੀ ਹੈ। ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰ ਕੇ ਇਸ ਮਾਮਲੇ ਦੇ ਦੋਸ਼ੀਆਂ ਦੀ ਜਿ਼ੰਮੇਵਾਰੀ ਤੈਅ ਕੀਤੀ ਜਾਵੇ।
ਹਲਦਵਾਨੀ ਹਿੰਸਾ ਅਜਿਹੇ ਸਵਾਲ ਖੜ੍ਹੇ ਕਰਦੀ ਹੈ ਜਿਨ੍ਹਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕੀ ਸੰਭਾਵੀ ਹਿੰਸਾ ਬਾਰੇ ਖ਼ੁਫ਼ੀਆ ਜਾਣਕਾਰੀ ਅਣਗੌਲਿਆਂ ਕੀਤੀ ਗਈ? ਉਸਾਰੀਆਂ ਢਾਹੁਣ ਦੀ ਮੁਹਿੰਮ ਸਿਰੇ ਚਾੜ੍ਹਨ ਦੀ ਇੰਨੀ ਕਾਹਲੀ ਕਿਸ ਕਾਰਨ ਸੀ? ਕੀ ਭਾਈਚਾਰਕ ਆਗੂਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ? ਇਸ ਪਹਿਲੂ ਵੱਲ ਸਗੋਂ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਭਾਈਚਾਰਕ ਸਦਭਾਵਨਾ ਦਾਅ ’ਤੇ ਨਾ ਲੱਗੇ। ਇਸ ਦੇ ਨਾਲ ਹੀ ਮਸਲੇ ਨਾਲ ਸਬੰਧਿਤ ਅਧਿਕਾਰੀਆਂ ਦੀ ਪਹੁੰਚ ਅਤੇ ਕਾਹਲ ਬਾਰੇ ਵੀ ਡੂੰਘੀ ਪੁਣ-ਛਾਣ ਦਰਕਾਰ ਹੈ। ਇਹ ਪੁਣ-ਛਾਣ ਇਸ ਕਰ ਕੇ ਵਧੇਰੇ ਅਹਿਮ ਹੈ ਤਾਂ ਕਿ ਅਗਾਂਹ ਅਜਿਹੀਆਂ ਵਾਰਦਾਤਾਂ ਹੋਣ ਤੋਂ ਰੋਕੀਆਂ ਜਾ ਸਕਣ। ਇਸ ਵਕਤ ਸ਼ਾਂਤੀ ਬਹਾਲੀ ਤਰਜੀਹੀ ਕਾਰਜ ਹੋਣਾ ਚਾਹੀਦਾ ਹੈ। ਗੱਲਬਾਤ ਸ਼ੁਰੂ ਕਰਨ, ਤਣਾਅ ਘਟਾਉਣ ਅਤੇ ਫਿ਼ਰਕੂ ਭੜਕਾਹਟ ਖ਼ਤਮ ਕਰਨ ਲਈ ਸ਼ਾਂਤੀ ਕਾਇਮੀ ਸਬੰਧੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ।