ਹਲਦਵਾਨੀ: ਨੀਮ ਫੌਜੀ ਦਸਤਿਆਂ ਦੀਆਂ ਵਾਧੂ ਕੰਪਨੀਆਂ ਤਾਇਨਾਤ
ਹਲਦਵਾਨੀ, 12 ਫਰਵਰੀ
ਉੱਤਰਾਖੰਡ ਦੇ ਹਲਦਵਾਨੀ ਸ਼ਹਿਰ ਦੇ ਬਨਭੂਲਪੁਰਾ ਖੇਤਰ ’ਚ ਸਥਿਤੀ ਹੌਲੀ-ਹੌਲੀ ਲੀਹ ’ਤੇ ਆ ਰਹੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਨੀਮ ਫੌਜੀ ਦਸਤਿਆਂ ਦੀਆਂ ਵਾਧੂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਹਥਿਆਰਾਂ ਦੇ 120 ਲਾਇਸੈਂਸ ਰੱਦ ਕੀਤੇ ਗਏ ਹਨ। ਨੈਨੀਤਾਲ ਦੀ ਜ਼ਿਲ੍ਹਾ ਮੈਜਿਸਟਰੇਟ ਵੰਦਨਾ ਸਿੰਘ ਨੇ ਦੱਸਿਆ ਕਿ ਹਿੰਸਾ ਦੇ ਦੋਸ਼ੀਆਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਪੁਲੀਸ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਬਨਭੂਲਪੁਰਾ ਖੇਤਰ ’ਚ ਰਿਕਾਰਡ ਦੇ ਹਿਸਾਬ ਨਾਲ ਹਥਿਆਰਾਂ ਦੇ 120 ਲਾਇਸੈਂਸਾਂ ਦਾ ਪਤਾ ਚੱਲਿਆ ਸੀ ਜੋ ਰੱਦ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ, ‘ਹਲਦਵਾਨੀ ’ਚ ਜਨ-ਜੀਵਨ ਲਈ ਜ਼ਰੂਰੀ ਬੱਸ, ਰੇਲ ਆਦਿ ਸਮੇਤ ਸਾਰੀਆਂ ਜ਼ਰੂਰੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਸਕੂਲ ਖੁੱਲ੍ਹ ਗਏ ਹਨ, ਬਾਜ਼ਾਰ ਖੁੱਲ੍ਹ ਗਏ ਹਨ। ਪਾਬੰਦੀ ਸਿਰਫ਼ ਬਨਭੂਲਪੁਰਾ ਤੱਕ ਹੀ ਸੀਮਤ ਹੈ।’ ਐੱਸਐੱਸਪੀ ਪ੍ਰਹਿਲਾਦ ਮੀਨਾ ਨੇ ਦੱਸਿਆ ਕਿ ਬਨਭੂਲਪੁਰਾ ’ਚ ਕੇਂਦਰੀ ਨੀਮ ਫੌਜੀ ਬਲਾਂ ਦੀਆਂ ਵਾਧੂ ਕੰਪਨੀਆਂ ਵੀ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਬਨਭੂਲਪੁਰਾ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਲਦੀ ਹੀ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। -ਪੀਟੀਆਈ
ਕਬਜ਼ੇ ਹੇਠੋਂ ਛੁਡਾਈ ਗਈ ਜ਼ਮੀਨ ’ਚ ਬਣੇਗਾ ਥਾਣਾ: ਧਾਮੀ
ਹਰਿਦੁਆਰ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਐਲਾਨ ਕੀਤਾ ਕਿ ਹਲਦਵਾਨੀ ਦੇ ਬਨਭੂਲਪੁਰਾ ਖੇਤਰ ’ਚ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਜ਼ਮੀਨ ’ਚ ਥਾਣਾ ਬਣਾਇਆ ਜਾਵੇਗਾ। ਉਨ੍ਹਾਂ ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ੈਰ-ਸਮਾਜੀ ਤੱਤਾਂ ਵੱਲੋਂ ਮਹਿਲਾ ਪੁਲੀਸ ਮੁਲਾਜ਼ਮਾਂ ਸਮੇਤ ਹੋਰ ਪੁਲੀਸ ਮੁਲਾਜ਼ਮਾਂ ਤੇ ਪੱਤਰਕਾਰਾਂ ’ਤੇ ਜਿਸ ਤਰ੍ਹਾਂ ਹਮਲਾ ਕੀਤਾ ਗਿਆ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਬਨਭੂਲਪੁਰਾ ’ਚ ਇੱਕ ਬਗੀਚੇ ’ਚੋਂ ਕਈ ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ ਅਤੇ ਇਸ ਥਾਂ ’ਤੇ ਹੁਣ ਥਾਣਾ ਬਣਾਇਆ ਜਾਵੇਗਾ। -ਪੀਟੀਆਈ