ਹੱਡਾਰੋੜੀ ਮਾਮਲਾ: ਪ੍ਰਸ਼ਾਸਨ ਨੇ ਜ਼ਮੀਨ ਦੀ ਮਿਣਤੀ ਕਰਵਾਈ
ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਅਕਤੂਬਰ
ਪਿੰਡ ਲੇਹਲ ਖੁਰਦ ਵਿੱਚ ਹੱਡਾਰੋੜੀ ਦੇ ਰਸਤੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਰਸਤੇ ਲਈ ਵੱਖ-ਵੱਖ ਵਿਭਾਗਾਂ ਨੇ ਮਿਣਤੀ ਕਰਵਾਈ। ਜ਼ਿਕਰਯੋਗ ਹੈ ਪਿੰਡ ਦੇ ਲੋਕ ਮ੍ਰਿਤਕ ਪਸ਼ੂ ਐੱਸਡੀਐੱਮ ਤੇ ਡਰੇਨ ਵਿਭਾਗ ਦੇ ਦਫਤਰ ਵਿੱਚ ਸੁੱਟ ਆਏ ਸਨ, ਇਸ ਕਰ ਕੇ ਮਸਲਾ ਗੰਭੀਰ ਹੋ ਗਿਆ ਸੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਲਹਿਰਾਗਾਗਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪਿੰਡ ਲਹਿਲ ਖੁਰਦ ਦੇ ਹੱਡਾਰੋੜੀ ਦੇ ਰਸਤੇ ਨੂੰ ਲੈ ਕੇ ਜੋ ਕਿਸਾਨ ਦਾ ਜ਼ਮੀਨ ਸਬੰਧੀ ਡਰੇਨੇਜ਼ ਵਿਭਾਗ ਨਾਲ ਵਿਵਾਦ ਚੱਲ ਰਿਹਾ ਹੈ ਉਸ ਸਬੰਧੀ ਮਹਿਕਮੇ ਵੱਲੋਂ ਸਰਕਾਰੀ ਤੌਰ ’ਤੇ ਜ਼ਮੀਨ ਦੀ ਮਿਣਤੀ ਕਰਵਾਈ ਗਈ ਹੈ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀਆਂ ਤੇ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਮੌਜੂਦ ਰਿਹਾ। ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਕਥਿਤ ਮੰਨਿਆ ਹੈ ਕਿ ਕੁਲਦੀਪ ਸਿੰਘ ਪੁੱਤਰ ਦੇਵ ਸਿੰਘ ਦੀ ਜ਼ਮੀਨ ਡਰੇਨ ਵਿੱਚ ਆਉਂਦੀ ਹੈ, ਜਿਸ ਨੂੰ ਮਹਿਕਮਾ ਛੱਡਣ ਦਾ ਪਾਬੰਦ ਹੋਵੇਗਾ। ਬੀਕੇਯੂ ਸਿੱਧੂਪੁਰ ਨੇ ਕਿਹਾ ਕਿ ਡਰੇਨ ਵਿਭਾਗ ਨੂੰ ਜ਼ਮੀਨ ਛੱਡਣ ਦਾ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਹਿਕਮੇ ਨੇ ਜ਼ਮੀਨ ਨਾ ਛੱਡੀ ਤਾਂ ਜਥੇਬੰਦੀ ਖੁਦ ਡਰੇਨ ਵਿੱਚ ਮਿੱਟੀ ਡੱਕ ਦੇਵੇਗਾ। ਜਥੇਬੰਦੀ ਨੇ ਦਾਅਵਾ ਕੀਤਾ ਕਿ ਪਿਛਲੇ 40 ਸਾਲਾਂ ਤੋਂ ਮਹਿਕਮਾ ਕਿਸਾਨ ਦੀ ਜ਼ਮੀਨ ’ਤੇ ਕਾਬਜ਼ ਹੈ ਜਿਸ ਕਰਕੇ ਮਹਿਕਮੇ ਦਾ ਫਰਜ਼ ਬਣਦਾ ਹੈ ਕਿ ਕਿਸਾਨ ਨੂੰ ਪਿਛਲੇ 40 ਸਾਲਾਂ ਦਾ ਮੁਆਵਜ਼ਾ ਦਿੱਤਾ ਜਾਵੇ।