For the best experience, open
https://m.punjabitribuneonline.com
on your mobile browser.
Advertisement

ਵਿਆਹ ਲਈ ਘਰ ਪਹੁੰਚਣ ਵਾਸਤੇ ਪੈਦਲ ਤੈਅ ਕਰਨਾ ਪਿਆ 30 ਕਿਲੋਮੀਟਰ ਦਾ ਸਫ਼ਰ

07:04 AM Mar 11, 2024 IST
ਵਿਆਹ ਲਈ ਘਰ ਪਹੁੰਚਣ ਵਾਸਤੇ ਪੈਦਲ ਤੈਅ ਕਰਨਾ ਪਿਆ 30 ਕਿਲੋਮੀਟਰ ਦਾ ਸਫ਼ਰ
ਲਾਹੌਲ-ਸਪਿਤੀ ਵਿੱਚ ਮੌਸਮ ਖਰਾਬ ਹੋਣ ਮਗਰੋਂ ਬਰਫ਼ ਨਾਲ ਢਕੇ ਪਹਾੜਾਂ ਤੋਂ ਲੰਘਦਾ ਹੋਇਆ ਆਇਜੋਲ ਠਾਕੁਰ। -ਫੋਟੋ: ਟ੍ਰਿਬਿਊਨ
Advertisement

ਦੀਪੇਂਦਰ ਮੰਟਾ
ਮੰਡੀ, 10 ਮਾਰਚ
ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹਾ ਲਾਹੌਲ-ਸਪਿਤੀ ਵਿੱਚ ਮੌਸਮ ਦੇ ਕਹਿਰ ਨੇ ਆਇਜੋਲ ਠਾਕੁਰ ਨਾਂ ਦੇ ਨੌਜਵਾਨ ਲਈ ਉਸ ਦੇ ਵਿਆਹ ਨੂੰ ਜ਼ਿੰਦਗੀ ਭਰ ਲਈ ਨਾ ਭੁੱਲਣਯੋਗ ਬਣਾ ਦਿੱਤਾ। ਉਸ ਨੂੰ ਆਪਣੇ ਵਿਆਹ ਲਈ ਬਰਫ਼ ਨਾਲ ਪੂਰੀ ਤਰ੍ਹਾਂ ਢਕੀ ਲਾਹੌਲ ਵਾਦੀ ਤੋਂ ਮੰਡੀ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਸਰਕਾਘਾਟ ਪਹੁੰਚਣ ਲਈ ਬਹੁਤ ਮੁਸ਼ਕਿਲ ਸਮੇਂ ਵਿੱਚੋਂ ਲੰਘਣਾ ਪਿਆ। ਉਸ ਦਾ ਵਿਆਹ 11 ਮਾਰਚ ਦਾ ਹੈ।
ਆਇਜੋਲ ਠਾਕੁਰ ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਪੈਂਦੇ ਉਦੈਪੁਰ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਤਾਇਨਾਤ ਹੈ। ਉਸ ਨੇ ਆਪਣੇ ਵਿਆਹ ਲਈ ਘਰ ਪਹੁੰਚਣਾ ਸੀ ਪਰ ਹਾਲ ਹੀ ਵਿੱਚ ਖਿੱਤੇ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਉਹ ਲਾਹੌਲ ਵਾਦੀ ਵਿੱਚ ਹੀ ਫਸ ਗਿਆ। ਬਰਫ਼ਬਾਰੀ ਕਾਰਨ ਲਾਹੌਲ ਵਾਦੀ ਵਿੱਚ ਹਾਲੇ ਵੀ ਜ਼ਿਆਦਾਤਰ ਸੜਕਾਂ ਬੰਦ ਪਈਆਂ ਹਨ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਇਨ੍ਹਾਂ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਣ ਵਾਸਤੇ ਕਾਫੀ ਮੁਸ਼ੱਕਤ ਕੀਤੀ ਜਾ ਰਹੀ ਹੈ। 11 ਮਾਰਚ ਤੋਂ ਪਹਿਲਾਂ ਆਪਣੇ ਘਰ ਪਹੁੰਚਣ ਲਈ ਕੋਈ ਸਾਧਨ ਨਾ ਮਿਲਣ ਕਰ ਕੇ ਠਾਕੁਰ ਨੇ ਉਦੈਪੁਰ ਤੋਂ ਮੰਡੀ ਤੱਕ ਦਾ ਸਫ਼ਰ ਪੈਦਲ ਹੀ ਤੈਅ ਕਰਨ ਦਾ ਫ਼ੈਸਲਾ ਲਿਆ। ਉਸ ਨੇ ਸ਼ੁੱਕਰਵਾਰ ਨੂੰ ਉਦੈਪੁਰ ਤੋਂ ਅਟਲ ਸੁਰੰਗ ਤੱਕ ਦਾ ਸਫ਼ਰ ਸ਼ੁਰੂ ਕੀਤਾ ਅਤੇ ਸ਼ਨਿਚਰਵਾਰ ਦੇਰ ਸ਼ਾਮ ਮੰਡੀ ਪਹੁੰਚ ਗਿਆ।
ਦਿ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਆਇਜੋਲ ਠਾਕੁਰ ਨੇ ਕਿਹਾ, ‘‘‘ਮੈਂ ਉਦੈਪੁਰ ਤੋਂ ਅਟਲ ਸੁਰੰਗ ਤੱਕ ਪਹੁੰਚਣ ਲਈ ਕਰੀਬ 30 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ।
ਉਦੈਪੁਰ ਤੋਂ ਸੁਰੰਗ ਤੱਕ ਦਾ ਪੈਂਡਾ ਕਰੀਬ 70 ਕਿਲੋਮੀਟਰ ਦਾ ਹੈ ਪਰ ਇਸ ਵਿੱਚੋਂ ਕੁਝ ਹਿੱਸਾ ਬੀਆਰਓ ਨੇ ਆਵਾਜਾਈ ਲਈ ਬਹਾਲ ਕਰ ਦਿੱਤਾ ਸੀ। ਹਾਲਾਂਕਿ, ਕਰੀਬ 30 ਕਿਲੋਮੀਟਰ ਦਾ ਹਿੱਸਾ ਬਰਫ਼ ਦੀ ਮੋਟੀ ਚਾਦਰ ਨਾਲ ਢੱਕਿਆ ਹੋਇਆ ਸੀ। ਅਜਿਹੇ ਔਖੇ ਹਾਲਾਤ ਵਿੱਚ ਮੇਰੇ ਲਈ ਵਿਆਹ ਵਾਸਤੇ ਜੱਦੀ ਘਰ ਪਹੁੰਚਣਾ ਵੱਡੀ ਚੁਣੌਤੀ ਸੀ। ਮੇਰਾ ਪਰਿਵਾਰ ਕਾਫੀ ਚਿੰਤਤ ਸੀ ਕਿਉਂਕਿ ਸਰਦੀਆਂ ਵਿੱਚ ਲਾਹੌਲ ਵਾਦੀ ’ਚ ਅਕਸਰ ਬਰਫੀਲੇ ਤੂਫਾਨ ਆਉਂਦੇ ਰਹਿੰਦੇ ਹਨ।’’
ਉਸ ਨੇ ਕਿਹਾ, ‘‘ਇਹ ਬਹੁਤ ਮੁਸ਼ਕਿਲ ਤਜਰਬਾ ਸੀ। ਮੈਂ ਕਰੀਬ 30 ਕਿਲੋਮੀਟਰ ਪੈਦਲ ਚੱਲਿਆ ਜਦਕਿ ਕਰੀਬ 40 ਕਿਲੋਮੀਟਰ ਦਾ ਸਫ਼ਰ ਮੈਂ ਵਾਹਨ ਰਾਹੀਂ ਤੈਅ ਕੀਤਾ। ਮੈਂ ਉਦੈਪੁਰ ਤੋਂ ਆਪਣਾ ਸਫ਼ਰ ਕੁਝ ਲੋਕਾਂ ਦੇ ਨਾਲ ਸ਼ੁਰੂ ਕੀਤਾ ਸੀ ਅਤੇ ਰਾਤ ਨੂੰ ਸਿਸੂ ਪਹੁੰਚ ਗਿਆ ਸੀ। ਅਗਲੇ ਦਿਨ, ਮੈਂ ਅਟਲ ਸੁਰੰਗ ਵੱਲ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ। ਉੱਥੋਂ ਸੋਲਾਂਗ ਵਾਦੀ ਪਹੁੰਚਣ ਲਈ ਮੈਂ ਬੀਆਰਓ ਦੇ ਵਾਹਨਾਂ ਦੀ ਮਦਦ ਲਈ। ਅੱਗੇ ਮੈਂ ਇਕ ਟੈਕਸੀ ਕੀਤੀ ਅਤੇ ਸ਼ਨਿਚਰਵਾਰ ਦੇਰ ਸ਼ਾਮ ਸਰਕਾਘਾਟ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਚੈਲ ਪਹੁੰਚ ਗਿਆ। ਮੇਰੇ ਘਰ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਮੇਰੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ।’’

Advertisement

Advertisement
Author Image

Advertisement
Advertisement
×