For the best experience, open
https://m.punjabitribuneonline.com
on your mobile browser.
Advertisement

ਜੇ ਐੱਸਵਾਈਐੱਲ ਚੱਲਦੀ ਹੁੰਦੀ ਤਾਂ ਪੰਜਾਬ ’ਚ ਹੜ੍ਹ ਨਾ ਆਉਂਦਾ: ਹੁੱਡਾ

08:53 AM Jul 24, 2023 IST
ਜੇ ਐੱਸਵਾਈਐੱਲ ਚੱਲਦੀ ਹੁੰਦੀ ਤਾਂ ਪੰਜਾਬ ’ਚ ਹੜ੍ਹ ਨਾ ਆਉਂਦਾ  ਹੁੱਡਾ
ਟੋਹਾਣਾ ਦੇ ਰੰਗੋਈ ਨਾਲੇ ਦੇ ਟੁੱਟੇ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਭੁਪਿੰਦਰ ਸਿੰਘ ਹੁੱਡਾ।
Advertisement

ਜਗਤਾਰ ਸਮਾਲਸਰ
ਏਲਨਾਬਾਦ, 23 ਜੁਲਾਈ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਪਿੰਡ ਬੁੱਢੀਮਾੜੀ ਨੇੜੇ ਘੱਗਰ ਦੇ ਪਾਣੀ ਮਾਰ ਹੇਠ ਆਏ ਖੇਤਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜੇ ਓਟੂ ਹੈੱਡ ਦੀ ਖੁਦਾਈ ਅਤੇ ਨਹਿਰਾਂ ਦੀ ਸਫ਼ਾਈ ਵੇਲੇ ’ਤੇ ਹੋ ਜਾਂਦੀ ਤਾਂ ਲੋਕਾਂ ਨੂੰ ਇੰਨਾ ਸੰਤਾਪ ਨਾ ਝੱਲਣਾ ਪੈਂਦਾ। ਇਸੇ ਤਰ੍ਹਾਂ ਜੇਕਰ ਸਤਲੁਜ-ਯੁਮਨਾ ਲਿੰਕ ਨਹਿਰ ਦੀ ਖੁਦਾਈ ਹੋ ਜਾਂਦੀ ਤਾਂ ਪੰਜਾਬ ਵੀ ਹੜ੍ਹਾਂ ਦੀ ਮਾਰ ਤੋਂ ਬਚ ਜਾਂਦਾ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।
ਉਨ੍ਹਾਂ ਸਰਕਾਰ ਤੋਂ ਕਿਸਾਨਾਂ ਲਈ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਮੰਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਨ, ਉਹ ਕੰਮ ਸੂਬੇ ਦੇ ਲੋਕ ਖੁਦ ਕਰ ਰਹੇ ਹਨ। ਜੇ ਆਮ ਲੋਕ ਅਤੇ ਸਮਾਜਸੇਵੀ ਸੰਸਥਾਵਾਂ ਇਨ੍ਹਾਂ ਰਾਹਤ ਕਾਰਜਾਂ ਲਈ ਅੱਗੇ ਨਾ ਆਉਦੀਆਂ ਤਾਂ ਸੂਬੇ ਵਿੱਚ ਹੋਰ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਡਾਕਟਰ ਕੇਵੀ ਸਿੰਘ, ਕਾਲਾਂਵਾਲੀ ਦੇ ਵਿਧਾਇਕ ਸ਼ੀਸਪਾਲ ਕੇਹਰਵਾਲਾ, ਸਾਬਕਾ ਵਿਧਾਇਕ ਭਰਤ ਸਿੰਘ ਬੈਨੀਵਾਲ ਤੇ ਹੋਰ ਹਾਜ਼ਰ ਸਨ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਫਤਿਹਾਬਾਦ ਦੇ 100 ਅਤੇ ਸਿਰਸਾ ਦੇ 45 ਪਿੰਡ ਹੜ੍ਹ ਨੇ ਤਬਾਹ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਪਰ ਸਰਕਾਰ ਭਰਪਾਈ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਖਰਾਬੇ ਦੀ ਰਿਪੋਰਟ ਦਰਜ ਕਰਵਾਉਣ ਸਬੰਧੀ ਕਹਿ ਕੇ ਪੀੜਤ ਕਿਸਾਨਾਂ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿੱਚ ਬੈਠੇ ਕਿਸਾਨਾਂ ਦੀ ਸਰਕਾਰ ਤੁਰੰਤ ਮਦਦ ਕਰੇ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਹੁੱਡਾ ਨੇ ਟੋਹਾਣਾ ਦੇ ਪਿੰਡ ਧਾਰਸੁਲ ਅਤੇ ਰੰਗੋਈ ਨਾਲੇ ਦਾ ਨਿਰੀਖਣ ਕੀਤਾ ਤੇ ਰੰਗੋਈ ਨਾਲੇ ਦੇ ਟੁੱਟੇ ਹੋਏ ਬੰਨ੍ਹ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਰਬਾਦ ਫ਼ਸਲਾਂ ਦਾ ਮੁਆਵਜ਼ਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਹੜ੍ਹਾਂ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ 4 ਲੱਖ ਦੀ ਬਜਾਏ 20 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।

Advertisement

Advertisement
Advertisement
Author Image

Advertisement