ਜੇਕਰ ਐੱਸਵਾਈਐੱਲ ਚੱਲਦੀ ਹੁੰਦੀ ਤਾਂ ਨੁਕਸਾਨ ਨਾ ਹੁੰਦਾ: ਖੱਟਰ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੋਹਤਕ ’ਚ ਗੱਲਬਾਤ ਕਰਦਿਆਂ ਪੰਜਾਬ ਦੀ ਹਮਾਇਤ ਕਰਦਿਆਂ ਦਿੱਲੀ ’ਤੇ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਐੱਸਵਾਈਐੱਲ ਨਹਿਰ ਬਣੀ ਹੁੰਦੀ ਤਾਂ ਪੰਜਾਬ ਨੂੰ ਘੱਟ ਨੁਕਸਾਨ ਹੋਣਾ ਸੀ ਪਰ ਅਧੂਰੀ ਐੱਸਵਾਈਐੱਲ ਕਾਰਨ ਮੀਂਹ ਦਾ ਪਾਣੀ ਹਰਿਆਣਾ ’ਚ ਗਿਆ। ਇਸੇ ਹਰਿਆਣਾ ਦੇ ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਪਾਣੀ ਦੀ ਲਪੇਟ ਵਿੱਚ ਆ ਗਏ। ਖੱਟਰ ਨੇ ਅਸਿੱਧੇ ਢੰਗ ਨਾਲ ਭਗਵੰਤ ਮਾਨ ਨੂੰ ਨਿਸ਼ਾਨਾ ’ਤੇ ਲੈਂਦਿਆਂ ਕਿਹਾ ਕਿ ਕੁਝ ਸਿਆਸੀ ਆਗੂ ਕਹਿ ਰਹੇ ਹਨ ਕਿ ਅੱਜ ਸਾਡੇ ਕੋਲ ਪਾਣੀ ਹੈ ਤਾਂ ਹਰਿਆਣਾ ਸਾਡੇ ਤੋਂ ਪਾਣੀ ਕਿਉਂ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਪਾਣੀ ਦੀ ਮੰਗ ਕੋਈ ਸੂਬਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪਾਣੀ ਤਾਂ ਬਾਕੀ ਨੌਂ ਮਹੀਨੇ ਮੰਗਿਆ ਜਾਂਦਾ ਹੈ, ਉਸ ਸਮੇਂ ਸਾਰਿਆਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦੇਣਾ ਚਾਹੀਦਾ ਹੈ। ਦੂਜੇ ਪਾਸੇ ਖੱਟਰ ਨੇ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦਿੱਲੀ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਸਰਕਾਰ ਨੇ ਆਪਣੇ ਸੂਬੇ ਨੂੰ ਬਚਾਉਣ ਲਈ ਦਿੱਲੀ ਨੂੰ ਡੁਬੋ ਦਿੱਤਾ ਹੈ, ਜੋ ਕਿ ਗਲਤ ਹੈ।
ਉਨ੍ਹਾਂ ਕਿਹਾ ਕਿ ਯਮੁਨਾ ਕਰਕੇ ਹਰਿਆਣਾ ਦੇ ਯਮੁਨਾਨਗਰ ਦਾ ਵੀ ਨੁਕਸਾਨ ਹੋਇਆ ਤੇ ਯਮੁਨਾ ਦੇ ਨਾਲ ਲਗਦੇ ਹਰਿਆਣਾ ਦੇ ਹੋਰ ਵੀ ਕਈ ਇਲਾਕੇ ਡੁੱਬ ਗਏ ਹਨ। ਖੱਟਰ ਨੇ ਕਿਹਾ ਕਿ ਹਥਨੀ ਕੁੰਡ ਬੈਰਾਜ ਦੀ ਆਪਣੀ ਇਕ ਸਮਰੱਥਾ ਹੈ ਅਤੇ ਉਸ ਤੋਂ ਪਾਣੀ ਵੱਧਣ ’ਤੇ ਯਮੁਨਾ ਨਦੀ ’ਚ ਪਾਣੀ ਛੱਡਿਆ ਜਾਂਦਾ ਹੈ, ਜੇਕਰ ਅਜਿਹੇ ਸਮੇਂ ’ਚ ਹੋਰਨਾਂ ਨਦੀਆਂ ’ਚ ਪਾਣੀ ਛੱਡਿਆ ਜਾਂਦਾ ਹੈ ਤਾਂ ਸਮੁੱਚਾ ਢਾਂਚਾ ਤਬਾਹ ਹੋ ਜਾਵੇਗਾ।