For the best experience, open
https://m.punjabitribuneonline.com
on your mobile browser.
Advertisement

ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ: ਰਾਜਨਾਥ

07:34 AM Sep 30, 2024 IST
ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ  ਰਾਜਨਾਥ
ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਏਐੱਨਆਈ
Advertisement

ਸ੍ਰੀਨਗਰ, 29 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖੇ ਹੁੰਦੇ ਤਾਂ ਭਾਰਤ ਆਪਣੇ ਇਸ ਗੁਆਂਢੀ ਮੁਲਕ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਮੰਗੇ ਗਏ ਪੈਕਜ ਤੋਂ ਵੀ ਵੱਡਾ ਰਾਹਤ ਪੈਕੇਜ ਦਿੰਦਾ। ਬਾਂਦੀਪੋਰਾ ’ਚ ਗੁਰੇਜ਼ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਦੌਰਾਨ ਰਾਜਨਾਥ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 2014-15 ਵਿੱਚ ਜੰਮੂ ਕਸ਼ਮੀਰ ਲਈ ਐਲਾਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਜ਼ਿਕਰ ਵੀ ਕੀਤਾ।
ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਮੋਦੀ ਨੇ 2014-15 ਵਿੱਚ ਜੰਮੂ ਕਸ਼ਮੀਰ ਲਈ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਐਲਾਨ ਕੀਤਾ ਸੀ ਜੋ ਹੁਣ 90,000 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਰਕਮ ਪਾਕਿਸਤਾਨ ਵੱਲੋਂ ਆਈਐੱਮਐੱਫ ਤੋਂ (ਰਾਹਤ ਪੈਕੇਜ ਵਜੋਂ) ਮੰਗੀ ਗਈ ਸਹਾਇਤਾ ਰਾਸ਼ੀ ਤੋਂ ਬਹੁਤ ਜ਼ਿਆਦਾ ਹੈ।’’ ਰੱਖਿਆ ਮੰਤਰੀ ਨੇ ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਟਿੱਪਣੀ ਕਿ ‘‘ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ ਬਦਲ ਸਕਦੇ’’ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਆਖਿਆ, ‘‘ਮੈਂ ਕਿਹਾ, ‘‘ਮੇਰੇ ਪਾਕਿਸਤਾਨੀ ਦੋਸਤੋ, ਸਾਡੇ ਦਰਮਿਆਨ ਸਬੰਧ ਤਣਾਅਪੂਰਨ ਕਿਉਂ ਹਨ? ਜੇਕਰ ਸਾਡੇ ਵਿਚਾਲੇ ਸੁਖਾਵੇਂ ਸਬੰਧ ਹੁੰਦੇ ਤਾਂ ਅਸੀਂ ਆਈਐੱਮਐੱਫ ਤੋਂ ਵੀ ਵੱਧ ਪੈਸੇ ਦਿੰਦੇ।’’ ਰਾਜਨਾਥ ਸਿੰਘ ਨੇ ਆਖਿਆ ਕਿ ਕੇਂਦਰ ਜੰਮੂ ਕਸ਼ਮੀਰ ਨੂੰ ਵਿਕਾਸ ਲਈ ਪੈਸਾ ਦਿੰਦਾ ਹੈ ਜਦਕਿ ਪਾਕਿਸਤਾਨ ਲੰਮੇ ਸਮੇਂ ਤੋਂ ਵਿੱਤੀ ਸਹਾਇਤਾ ਦੀ ਦੁਰਵਰਤੋਂ ਕਰ ਰਿਹਾ ਹੈ।
ਉਨ੍ਹਾਂ ਮੁਤਾਬਕ, ‘‘ਉਹ (ਪਾਕਿਸਤਾਨ) ਆਪਣੀ ਜ਼ਮੀਨ ’ਤੇ ਦਹਿਸ਼ਤਗਰਦੀ ਦੀ ਫੈਕਟਰੀ ਚਲਾਉਣ ਲਈ ਦੂਜੇ ਦੇਸ਼ਾਂ ਤੋਂ ਪੈਸਾ ਮੰਗਦਾ ਹੈ।’’ ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਘਾਟੀ ਵਿੱਚ ‘ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ’ ਬਹਾਲ ਕਰਨ ਦਾ ਵਾਜਪਾਈ ਦਾ ਸੁਪਨਾ ਸਾਕਾਰ ਹੋਵੇਗਾ ਤਾਂ ਕਸ਼ਮੀਰ ਫਿਰ ਧਰਤੀ ਦਾ ਸਵਰਗ ਬਣ ਜਾਵੇਗਾ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement